ਪੰਨਾ:ਸੁਨਹਿਰੀ ਕਲੀਆਂ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਜੀਹਦੇ ਖਾਧਿਆਂ ਉੱਘੜਦੀ ਅੱਖ ਹੈ ਨੀ,
ਤੂੰ ਉਹ ਗਹਿਣਿਆਂ ਉੱਤੋਂ ਨਾਂ ਵਾਰ ਰੋਟੀ!
ਗਹਿਣਾ ਨਾਰ ਦਾ ਸਿਊਂਣ ਪਰੋਣ ਹੁੰਦਾ,
ਹੁੰਦਾ ਸਦਾ ਸੁਹਾਗ *ਸ਼ਿੰਗਾਰ ਰੋਟੀ!
ਜਿਹਨੂੰ ਸਿਉਂਣ, ਪਕੌਣ ਦਾ ਚੱਜ ਨਹੀਂ ਏ,
ਓਹ ਤੇ ਕੰਤ ਦੀ ਕਰੇ ਬੇਕਾਰ ਰੋਟੀ?
ਲੈਕੇ ਮੰਗਤੇ ਤੋਂ ਬਾਦਸ਼ਾਹ ਤੀਕਰ,
ਕੀਤੇ ਹੋਏ ਨੇ ਕੁੱਲ ਖ਼ਵਾਰ ਰੋਟੀ!
ਸਵ੍ਹੇ ਗੱਲ ਨਾਂ ਕਿਸੇ ਦੀ ਕਦੇ ਕੋਈ,
ਜੇ ਨਾ ਢਿੱਡ ਨੂੰ ਹੋਵੇ ਦਰਕਾਰ ਰੋਟੀ!
ਪਾਪੜ ਵੇਲੀਏ ਲੱਖ ਤੇ ਤਦ ਕਿਧਰੇ,
ਰੋਕੜ ਕਾਰ ਤੇ ਮਿਲੇ ਹੁਦਾਰ ਰੋਟੀ!
ਓਹ ਦਿਨ ਲੱਦ ਗਏ, ਇੱਕ ਦੀ ਕਿਰਤ ਉੱਤੇ,
ਜਦੋਂ ਖਾਂਦਾ ਸੀ ਕੁੱਲ ਪਰਵਾਰ ਰੋਟੀ!
ਧੰਦੇ ਪੇਟ ਦੇ ਪਿੱਟੀਏ ਸਭ ਹੁਣ ਤੇ,
ਤਾਂ ਇਹ ਢਿੱਡ ਦਾ ਭਰੇ ਭੰਡਾਰ ਰੋਟੀ!
ਤੈਂਨੂੰ ਗਹਿਣਿਆਂ ਦੇ ਸ਼ੌਂਕ ਸੁੱਝਦੇ ਨੇ,
ਦਿੱਤੀ ਵਾਂਜੀਏ ਮਨੋਂ ਵਿਸਾਰ ਰੋਟੀ!
ਮੈਂ ਤੇ ਰੱਬ ਕੋਲੋਂ 'ਸ਼ਰਫ਼' ਮੰਗਦਾ ਹਾਂ,
ਚਿੱਟਾ ਕੱਪੜਾ ਤੇ ਇੱਜ਼ਤਦਾਰ ਰੋਟੀ!
*ਰੋਟੀ ਪਕੌਣ ਤੋਂ ਮੁਰਾਦ ਹੈ।