ਪੰਨਾ:ਸੁਨਹਿਰੀ ਕਲੀਆਂ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ )

ਇਹਦੇ*ਫੁੱਲਾਂ ਤੋਂ ਦੁਨੀਆਂ ਦੇ ਬਾਗ਼ ਸਦਕੇ,
ਖ਼ੁਸ਼ੀ, ਐਸ਼ ਦੀ ਖਿੜੀ ਗੁਲਜ਼ਾਰ ਰੋਟੀ!
ਕਲੀਆਂ ਵਾਂਗ ਹੈ ਬਾਗ਼ ਪਰਵਾਰ ਖਿੜਦਾ,
ਆਵੇ ਪੱਕ ਕੇ ਜਦੋਂ ਬਹਾਰ ਰੋਟੀ!
ਅਜੇ ਨੰਗਾ, ਨਿਥਾਵਾਂ ਤਾਂ ਰਹਿ ਸੱਕੇ,
ਦੇਂਦੀ ਫ਼ਾੱਕਿਆਂ ਨਾਲ ਪਰ ਮਾਰ ਰੋਟੀ!
ਮਿਲੇ ਡੰਗ ਨ ਜਦੋਂ ਹਨੇਰ ਵਰਤੇ,
ਸੂਰਜ ਚੰਨ ਤੋਂ ਅਪਰ ਅਪਾਰ ਰੋਟੀ!
ਚੌਂਕੇ ਚੁੱਲ੍ਹੇ ਤੇ ਤਵੇ ਪਰਾਤ ਦੀ ਵੀ,
ਬਾੱਨੀ ਕਾਰ ਰੋਟੀ, ਹੈ ਮੁਖ਼ਤਾਰ ਰੋਟੀ!
ਓਸ ਘਰ ਅੰਦਰ ਭੰਗ ਭੁੱਜਦੀ ਏ,
ਜਿੱਥੇ ਕਰੇ ਨਾਂ ਗਰਮ ਬਾਜ਼ਾਰ ਰੋਟੀ!
ਲੱਖਾਂ ਐਬ ਜਹਾਨ ਦੇ ਕੱਜ ਲੈਂਦੀ,
ਇਕੋ ਲਾਜਵੰਤੀ ਪਰਦੇ ਦਾਰ ਰੋਟੀ!
ਅੱਗੇ ਅੱਗੇ ਹਰ ਜੀਵ ਦੇ ਫਿਰੇ ਰਿੜ੍ਹਦੀ,
ਮਗਰੋਂ ਪਕੜਦਾ ਫਿਰੇ ਸੰਸਾਰ ਰੋਟੀ!
ਦੀਵਾ ਜਾਨ ਦਾ ਰੱਖਕੇ ਤਲੀ ਉੱਤੇ,
ਰਾਤੀਂ ਲੱਭਦੇ ਚੋਰ ਚਕਾਰ ਰੋਟੀ!
ਚੱਕਰ ਵਰਤੀ, ਇਹ ਲੱਖਾਂ ਨੂੰ ਪਾਏ ਚੱਕਰ,
ਖੜਦੀ ਖਿੱਚ ਸਮੁੰਦਰੋਂ ਪਾਰ ਰੋਟੀ!

*ਤ੍ਰੀਮਤਾਂ ਦੇ ਮੁਹਾਵਰੇ ਵਿੱਚ ਰੋਟੀ ਉੱਤੇ ਪਕਕੇ ਜਿਹੜੇ ਲਾਲ
ਲਾਲ ਨਿਸ਼ਾਨ ਪੈ ਜਾਂਦੇ ਹਨ, ਓਹਨਾਂ ਨੂੰ ਫੁੱਲ ਆਖਦੇ ਹਨ ।