ਪੰਨਾ:ਸੁਆਦਲੀਆਂ ਕਹਾਣੀਆਂ.pdf/4

ਇਹ ਸਫ਼ਾ ਪ੍ਰਮਾਣਿਤ ਹੈ

ਮੁਖ-ਬੰਦ

ਬਲਬੀਰ 'ਲੰਮੇਂ' ਦੀ ਇਹ ਨਿਕੀ ਤੇ ਪਹਿਲੀ ਪੁਸਤਕ ਹੈ। ਇਸ ਵਿਚ ਤਿੰਨ ਕਹਾਣੀਆਂ ਹਨ। ਸਿਆਣਾ ਬਘਿਆੜ ਤੇ ਅਧਰਮੀ ਰਾਜਾ, ਰਾਜੇ ਦਾ ਮੁੰਡਾ ਤੇ ਮਣੀ, ਅਤੇ ਏਕੇ ਦੀ ਬਰਕਤ। ਜੇਹਾ ਕਿ ਇਸ ਕਿਤਾਬ ਦੇ ਨਾਂ ਤੋਂ ਹੀ ਪ੍ਰਗਟ ਹੈ, ਕਹਾਣੀਆਂ ਬਹੁਤ ਦਿਲਚਸਪ ਹਨ। ਪਹਿਲੀ ਕਹਾਣੀ ਵਿਚ ਲਿਖਾਰੀ ਨੇ ਦਸਿਆ ਹੈ ਕਿ ਇਕ ਬੁਰੇ ਕੰਮ ਕਰਨ ਵਾਲੇ ਮਰੇ ਹੋਏ ਆਦਮੀ ਦੀ ਦੇਹ ਨੂੰ ਇਕ ਭੁਖਾ ਬਘਿਆੜ ਵੀ ਖਾਣ ਲਈ ਤਿਆਰ ਨਹੀਂ। ਦੂਜੀ ਕਹਾਣੀ ਭਾਵੇਂ ਕਾਫੀ ਲੰਮੀ ਹੈ, ਪਰ ਦਿਲਚਸਪ ਹੈ। ਤੀਜੀ ਕਹਾਣੀ ਮਿਲਵਰਤਣ ਵਿਚ ਸਫਲਤਾ ਦਾ ਪ੍ਰਭਾਵ ਪ੍ਰਗਟਾਉਂਦੀ ਹੈ।

ਰਸ ਕਹਾਣੀ ਦੀ ਜਿੰਦ ਜਾਨ ਹੈ। ਰਸ ਬਿਨਾਂ ਕਹਾਣੀ, ਕਹਾਣੀ ਨਹੀਂ, ਸਗੋਂ ਇਕ ਬੋਝ ਹੈ। ਸਿਖਿਆ ਠੋਸੀ ਹੋਈ ਨਹੀਂ, ਸਗੋਂ ਆਪ-ਮੁਹਾਰੇ ਆਉਣੀ ਚਾਹੀਦੀ ਹੈ। ਬਲਬੀਰ 'ਲੰਮੇ' ਵਿਚ ਉਪਰੋਕਤ ਗੁਣਾਂ ਦੇ ਝਲਕਾਰੇ ਨਜ਼ਰ ਆਉਂਦੇ ਹਨ।

ਬੋਲੀ ਵਿਚ ਸਾਦਗੀ ਹੈ, ਸਰਲਤਾ ਹੈ। ਹਰ ਵੇਲੇ ਬਚਿਆਂ ਨਾਲ ਵਾਹ ਪੈਣ ਸਦਕਾ ਉਹ ਬਾਲ-ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦਾ ਹੈ।