ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਗਾਹ ਵਿਚ ਇੱਜ਼ਤ ਕੀਤੀ ਜਾਂਦੀ ਹੈ:

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥

(ਸਿਰੀ ਰਾਗੁ ਮ: ੧, ਪੰਨਾ ੨੬)

ਆਸਤਕ ਮਨੁੱਖ ਇਸ ਖ਼ਿਆਲ ਨਾਲ ਸੇਵਾ ਵਿਚ ਜੁਟਦੇ ਹਨ ਕਿ ਉਹਨਾਂ ਦਾ ਇਹ ਜਨਮ ਸਫਲ ਤੇ ਅਗਲਾ ਸੰਵਰੇਗਾ। ਪਰ ਅਨਾਤਮਵਾਦੀ ਵੀ ਇਸ ਖ਼ਿਆਲ ਨਾਲ ਸੇਵਾ ਕਰਨੀ ਜ਼ਰੂਰੀ ਸਮਝਦੇ ਹਨ ਕਿ ਅਜੇਹਾ ਕਰਨਾ ਸਮਾਜ ਦਾ ਕਰਜ਼ਾ ਉਤਾਰਨਾ ਹੈ, ਭਲੇ ਪੁਰਸ਼ ਰਿਣੀ ਰਹਿਣਾ ਪਸੰਦ ਨਹੀਂ ਕਰਦੇ।

ਜੇ ਗਹੁ ਕਰ ਕੇ ਤਕਿਆ ਜਾਵੇ ਤਾਂ ਸੰਸਾਰ ਦੀ ਹਰ ਉਹ ਸ਼ੈ, ਜਿਸ ਤੋਂ ਮਨੁੱਖ ਫਾਇਦਾ ਉਠਾਉਂਦਾ ਹੈ, ਉਸਦੇ ਵਾਸਤੇ ਕਿਸੇ ਨਾ ਕਿਸੇ ਬਣਾਈ ਸੀ, ਸਗੋਂ ਕਿਸੇ ਇਕ ਨੇ ਹੀ ਨਹੀਂ, ਬਲਕਿ ਕਈ ਇਕ ਸੇਵਕਾਂ ਨੇ ਇਕ ਦੂਜੇ ਦੇ ਬਾਅਦ ਯਤਨ ਕਰ ਕੇ ਉਸ ਚੀਜ਼ ਨੂੰ ਤਿਆਰ ਕੀਤਾ ਹੁੰਦਾ ਹੈ। ਜੇ ਉਹ ਲੋਕ-ਸੇਵਾ ਵਿਚ ਪਰਿਵਰਤਿਤ ਨਾ ਹੁੰਦੇ ਤਾਂ ਅੱਜ ਮਨੁੱਖ ਨੂੰ ਸੁਖਾਂ ਦੇ ਸਾਧਨ ਕਿਥੋਂ ਮਿਲਦੇ। ਮਨੁੱਖ ਦੀਆਂ ਮੁਖ ਲੋੜਾਂ ਵਿਚੋਂ ਕਪੜੇ ਦਾ ਹੀ ਪ੍ਰਮਾਣ ਲੈ ਲਉ। ਅੱਜ ਮਨੁੱਖ ਦੇ ਹੱਥ ਤਕ ਪੁਜਾ ਹੋਇਆ ਕਪੜਾ ਕਿਤਨੇ ਸੇਵਕਾਂ ਦੀ ਘਾਲ ਦਾ ਫਲ ਹੈ। ਅੱਜ ਕਪੜਾ ਜੁਲਾਹੇ ਦੀ ਖੱਡੀ 'ਤੇ ਜਾਂ ਮਸ਼ੀਨ 'ਤੇ ਬੁਣਿਆ ਜਾਂਦਾ ਨਜ਼ਰ ਆ ਰਿਹਾ ਹੈ, ਪਰ ਜੁਲਾਹੇ ਦੀ ਖੱਡੀ ਤੇ ਮਸ਼ੀਨ 'ਤੇ ਪੁੱਜਣ ਤੋਂ ਪਹਿਲਾਂ ਕਿਤਨੇ ਸੇਵਕ ਹੱਥਾਂ ਨੇ ਇਸ ਨੂੰ ਸੰਵਾਰਿਆ, ਇਸ ਦਾ ਇਤਿਹਾਸ ਬੜਾ ਲੰਬਾ ਹੈ। ਏਥੇ ਪੁੱਜਣ ਤੋਂ ਪਹਿਲਾਂ ਕਿਸੇ ਨੇ ਕੱਤਿਆ, ਕੱਤਣ ਤੋਂ ਪਹਿਲਾਂ ਕਿਸੇ ਨੇ ਪੂਣੀਆਂ ਵਟੀਆਂ, ਪੂਣੀਆਂ ਤੋਂ ਪਹਿਲਾਂ ਕਿਸੇ ਨੇ ਰੂੰ ਪਿੰਜਿਆ, ਪਿੰਜਣ ਤੋਂ ਪਹਿਲਾਂ ਕਿਸੇ ਨੇ ਕਪਾਹ ਵੇਲੀ, ਕਪਾਹ ਵੇਲਣ ਤੋਂ ਪਹਿਲਾਂ ਕਿਸੇ ਨੇ ਚੁਣੀ, ਚੁਣਨ ਤੋਂ ਪਹਿਲਾਂ ਕਿਸੇ ਨੇ ਗੋਡੀ ਸਿੰਜੀ, ਇਹਨਾਂ ਸਾਰਿਆਂ ਤੋਂ ਪਹਿਲਾਂ ਕਿਸੇ ਨੇ ਖੇਤ ਵਿਚ ਬੀਜੀ । ਪਰ ਇਹ ਸਿਲਸਿਲਾ ਏਥੇ ਤਾਂ ਹੀ ਨਹੀਂ ਮੁਕ ਜਾਂਦਾ, ਕਪਾਹ ਬੀਜਣ ਤੋਂ ਪਹਿਲਾਂ ਉਸਦੀ ਸੇਵਾ ਨੂੰ ਮੰਨਣਾ ਪਏਗਾ, ਜਿਸ ਨੇ ਕਪਾਹ ਦੇ ਬੀਜ ਨੂੰ ਪਹਿਲਾਂ ਲੱਭਾ ਤੇ ਸਭ ਤੋਂ ਪਹਿਲਾਂ ਉਸਦਾ ਉਪਕਾਰ, ਜਿਸ ਨੇ ਖੇਤੀ ਦਾ ਕੰਮ ਸ਼ੁਰੂ ਕੀਤਾ। ਇਹ ਲੰਬੀ ਵਿਚਾਰ ਵੀ ਕਪੜਾ ਪੈਦਾ ਕਰਨ ਦੇ ਇਤਿਹਾਸ ਦਾ ਇਕ ਹਿੱਸਾ ਹੈ। ਵਾਸਤਵ ਵਿਚ ਇਸ ਦੇ ਕਈ ਹੋਰ ਅੰਗ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਕਪੜਾ ਤਿਆਰ ਹੋਇਆ ਹੈ। ਜੇ ਕੋਈ ਤਰਖਾਣ ਤਾੜਾ ਨਾ ਬਣਾਉਂਦਾ ਤਾਂ ਤੂੰ ਕਿਸ ਤਰ੍ਹਾਂ ਪਿੰਜੀ ਜਾਂਦੀ। ਜੇ ਚਰਖਾ ਨਾ ਬਣਾਂਦਾ ਤਾਂ ਕੱਤਦਾ ਕੌਣ। ਜੇ ਖੱਡੀ ਨਾ ਹੁੰਦੀ ਤਾਂ ਬੁਣਦੇ ਕਿਥੇ। ਤਰਖਾਣ ਕਿਸ ਤਰ੍ਹਾਂ ਸੇਵਾ ਕਰ ਸਕਦਾ, ਜੇ ਉਸਦੇ ਕੋਲ ਸੰਦ ਨਾ ਹੁੰਦੇ। ਕੁਹਾੜੇ ਤੇ ਆਰੀ ਬਿਨਾਂ ਲੱਕੜੀ ਚੀਰੀ ਕਿਸ ਤਰ੍ਹਾਂ ਮਿਲਦੀ। ਲੋਹੇ ਦੀ ਸੀਖ ਤੋਂ ਬਿਨਾਂ ਵੇਲਣਾ ਕਿਸ ਤਰ੍ਹਾਂ ਚਲਦਾ। ਬਣਨ ਦੀਆਂ ਭਾਰੀਆਂ ਮਸ਼ੀਨਾਂ ਕਿਥੋਂ ਬਣਦੀਆਂ। ਜੇ ਖਣਵਾਰਾ ਪਰਬਤ ਦੀ ਛਾਤੀ ਚੀਰ ਲੋਹਾ ਨਾ ਕਢਦਾ, ਭੱਠੀ ਵਿਚ ਪਿਘਲਾ ਇਸਪਾਤ ਤੇ ਫ਼ੌਲਾਦ ਨਾ ਬਣਾਂਦਾ, ਤਾਂ ਸੰਦ ਕਿਥੋਂ ਬਣਦੇ।

ਇਹ ਕਪੜੇ ਦਾ ਤਾਂ ਇਕ ਪ੍ਰਮਾਣ ਹੈ ਕਿ ਉਸਦੀ ਬਣਤਰ ਦੇ ਮੋਟੇ ਮੋਟੇ ਅੰਗ

੯੯