ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/98

ਇਹ ਵਰਕੇ ਦੀ ਤਸਦੀਕ ਕੀਤਾ ਹੈ

ਸਾਡੀ ਸਮਰਥਾ ਤੋਂ ਪਰੇ ਹੈ, ਪਰ ਇਸ ਮਹਾਨ ਪੁੰਨ ਵਿਚ ਵਿਤ ਅਨੁਸਾਰ ਹਿੱਸਾ ਪਾ ਜਾਣਾ ਮਨੁੱਖਤਾ ਦਾ ਕਰਤਵ ਹੈ।" ਇਹ ਸੋਚ ਉਹਨਾਂ ਨੇ ਜੋ ਵੀ ਸੇਵਾ, ਸਰਾਂਅ ਦੀ ਸਫ਼ਾਈ ਤੇ ਸੋਭਾ ਨੂੰ ਵਧਾਉਣ ਲਈ ਕਰ ਸਕਦੇ ਸਨ, ਕੀਤੀ ਤੇ ਜਾਣ ਲਗੇ ਕੁਝ ਸੋਹਣੀਆਂ ਤਸਵੀਰਾਂ ਜੋ ਉਹਨਾਂ ਦੇ ਟਰੰਕ ਵਿਚ ਸਨ, ਕਮਰੇ ਦੀ ਸੁੰਦਰਤਾ ਵਧਾਉਣ ਹਿਤ ਦੀਵਾਰਾਂ 'ਤੇ ਲਟਕਾ ਗਏ। ਟੁਰ ਇਹ ਵੀ ਗਏ।

ਦਿਨ ਚੜ੍ਹੇ ਧਰਮਸਾਲਾ ਦੇ ਪ੍ਰਬੰਧਕ ਨੇ ਸਦਾ ਵਾਂਗ ਬੰਦ ਦਰਵਾਜ਼ਿਆਂ ਦੇ ਬੂਹੇ ਖੋਲ੍ਹੇ। ਜਦ ਉਸਦੀ ਨਿਗਾਹ ਉਸ ਕਮਰੇ 'ਤੇ ਪਈ ਜੋ ਦਲਿੱਦਰੀਆਂ ਨੇ ਮੈਲਾ ਕਰ ਛਡਿਆ ਸੀ, ਤਾਂ ਉਸ ਨੇ ਕਿਹਾ, "ਦੁਰਭਾਗ ਵਸ ਕਿਹੋ ਜੇਹੇ ਸੁਸਤ ਮੁਸਾਫ਼ਰ ਆ ਜਾਂਦੇ ਹਨ, ਜੋ ਜਾਣ ਲੱਗੇ ਕਮਰਿਆਂ ਨੂੰ ਮੈਲਾ ਕਰ, ਸਰਾਂਅ ਦੀ ਸ਼ੋਭਾ ਵਿਗਾੜ ਟੁਰਦੇ ਹਨ, ਅਜਿਹੇ ਦਲਿੱਦਰੀ ਨਿਜ ਆਉਣ।”

ਪਰ ਜਦੋਂ ਉਸ ਨੇ ਅਗਲਾ ਕਮਰਾ ਖੋਲ੍ਹ ਕੇ ਤਕਿਆ, ਜੋ ਬੜਾ ਸਾਫ਼-ਸੁਥਰਾ ਤੇ ਸਜਾਇਆ ਹੋਇਆ ਸੀ, ਤਾਂ ਉਸਦੇ ਮੂੰਹੋਂ ਸੁਭਾਵਕ ਨਿਕਲਿਆ–“ਹੇ ਰਾਮ! ਅਜੇਹੇ ਰਾਹੀ ਰੋਜ਼ ਆਉਣ, ਜੰਮ ਜੰਮ ਆਉਣ, ਜੋ ਰਾਤ ਕੱਟ ਗਏ ਤੇ ਸਰਾਂਅ ਦੀ ਸਭਾ ਵੀ ਵਧਾ ਗਏ।" ਇਹੋ ਜਿਹਾਂ ਦੇ ਆਉਣ ਨਾਲ ਹੀ ਅਸਥਾਨ ਦੀ ਸੁੰਦਰਤਾ ਵਧਦੀ ਹੈ। ਅਜੇਹੇ ਭਲੇ ਲੋਕ ਹੀ ਸੁਖਾਂ ਵਿਚ ਵਾਧਾ ਕਰਦੇ ਹਨ।

ਇਸ ਪ੍ਰਮਾਣ ਅਨੁਸਾਰ ਦੁਨੀਆ ਵੀ ਇਕ ਸਰਾਂਅ ਹੈ, ਜਿਸ ਵਿਚ ਮਨੁੱਖ, ਜੀਵਨ ਦੀ ਰਾਤ ਗੁਜ਼ਾਰਨ ਲਈ ਆਉਂਦੇ ਹਨ। ਫ਼ਰੀਦ ਜੀ ਦਾ ਕੌਲ ਹੈ—“ਦੁਨੀਆ ਇਕ ਸੁਹਾਵਣਾ ਬਾਗ਼ ਹੈ, ਮਨੁੱਖ ਇਸ ਵਿਚ ਪੰਛੀਆਂ ਵਾਂਗ ਪ੍ਰਾਹੁਣਾ ਹੈ। ਜਦੋਂ ਸਵੇਰ ਦੀ ਨੌਬਤ ਵਜੇਗੀ, ਉਠ ਕੇ ਚੱਲਣ ਦਾ ਸਾਜ ਕਰਨਾ ਪਵੇਗਾ।”

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ॥

(ਸਲੋਕ ਫਰੀਦ ਜੀ, ਪੰਨਾ ੧੩੮੨)

ਇਸ ਦੁਨੀਆ ਨੂੰ ਚਾਹੇ ਸੁੰਦਰ ਬਾਗ਼ ਕਹਿ ਲਵੋ, ਚਾਹੇ ਸੁਹਾਵਣੀ ਸਰਾਂਅ, ਮਤਲਬ ਇਕ ਹੀ ਹੈ। ਮਨੁੱਖਾਂ ਨੇ ਓੜਕ ਇਥੋਂ ਚਲੇ ਜਾਣਾ ਹੈ। ਸੋ ਇਨ੍ਹਾਂ ਵਿਚੋਂ ਜੋ ਸੁਸਤ ਤੇ ਦਲਿੱਦਰੀ ਇਸ ਨੂੰ ਮੈਲਿਆਂ ਕਰ, ਇਸਦੀ ਸੂਰਤ ਵਿਗਾੜ ਕੂੜਾ ਕਰਕਟ ਤੇ ਗੰਦ-ਮੰਦ ਸੁੱਟ ਟੁਰ ਜਾਂਦੇ ਹਨ, ਉਹਨਾਂ ਦਾ ਆਉਣਾ ‘ਨਿਜ ਆਉਣਾ’ ਹੁੰਦਾ ਹੈ। ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਨਫ਼ਰਤ ਨਾਲ ਯਾਦ ਕਰਦੀਆਂ ਤੇ ਕਹਿੰਦੀਆਂ ਹਨ, “ਕੇਹਾ ਚੰਗਾ ਹੁੰਦਾ ਜੋ ਉਹ ਕਦੀ ਵੀ ਨਾ ਆਏ ਹੁੰਦੇ।"

ਪਰ ਜੋ ਇਸ ਨੂੰ ਵਧੇਰੇ ਸੁਥਰਾ ਬਣਾਉਣ ਲਈ ਯਤਨ ਕਰਦੇ, ਸੰਵਾਰਦੇ ਤੇ ਇਸਦੀ ਸ਼ੋਭਾ ਨੂੰ ਵਧਾਂਦੇ ਹਨ, ਉਹ ਆਪਣੇ ਪਿੱਛੇ ਮਿਠੀਆਂ ਯਾਦਾਂ ਛੱਡ ਜਾਂਦੇ ਹਨ। ਮਨੁੱਖ ਉਹਨਾਂ ਨੂੰ ਸਦਾ ਚੇਤੇ ਕਰਦੇ ਤੇ ਵਡਿਆਉਂਦੇ ਹਨ ਅਤੇ ਰੱਬ ਤੋਂ ਇਹ ਦੁਆ ਮੰਗਦੇ ਹਨ ਕਿ ਉਹੋ ਜੇਹੇ ਭਲੇ ਮਨੁੱਖ ਮੁੜ ਮੁੜ ਸੰਸਾਰ 'ਤੇ ਆਉਣ।

ਇਹ ਭਲਿਆਂ ਦੀ ਪਿਛਲੀ ਸ਼੍ਰੇਣੀ ਸੇਵਕਾਂ ਦੀ ਸ਼੍ਰੇਣੀ ਹੈ ਜੋ ਸੰਸਾਰ ਵਿਚ ਸੇਵਾ ਕਮਾਉਂਦੇ ਹਨ। ਉਹਨਾਂ ਦੀ ਸੰਸਾਰ ਵਿਚ ਸ਼ੋਭਾ ਤੇ ਦਰਗਾਹ ਵਿਚ ਇੱਜ਼ਤ ਹੁੰਦੀ ਹੈ। ਸਤਿਗੁਰਾਂ ਫ਼ੁਰਮਾਇਆ ਹੈ, “ਜੋ ਇਸ ਸੰਸਾਰ ਵਿਚ ਸੇਵਾ ਕਰਦੇ ਹਨ ਉਹਨਾਂ ਦੀ

੯੮