ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/97

ਇਹ ਵਰਕੇ ਦੀ ਤਸਦੀਕ ਕੀਤਾ ਹੈ

ਸੇਵਾ

ਤ੍ਰਿਕਾਲਾਂ ਪੈਂਦਿਆਂ ਨਾਲ ਹੀ ਗੱਡੀ ਸਟੇਸ਼ਨ 'ਤੇ ਆਣ ਰੁਕੀ, ਮੁਸਾਫ਼ਰਾਂ ਨੇ ਉੱਤਰ ਆਪਣੇ ਆਪਣੇ ਰਾਹ ਮੱਲੇ। ਸ਼ਹਿਰ-ਵਾਸੀ ਤੇ ਘਰੋ ਘਰ ਚਲੇ ਗਏ, ਪਰ ਪਰਦੇਸੀਆਂ ਧਰਮਸਾਲ ਦੀ ਢੂੰਡ ਕੀਤੀ। ਬਹੁਤਾ ਪ੍ਰੇਸ਼ਾਨ ਨਾ ਹੋਣਾ ਪਿਆ, ਸਟੇਸ਼ਨ ਦੇ ਲਾਗੇ ਹੀ ਕਿਸੇ ਨੇ ਸੁੰਦਰ ਸਰਾਂਅ ਬਣਾਈ ਹੋਈ ਸੀ। ਪਾਂਧੀਆਂ ਦੇ ਪੁੱਜਣ 'ਤੇ ਧਰਮਸਾਲ ਦੇ ਸੇਵਾਕਾਰ ਨੇ ਕੋਠੜੀਆਂ ਖੋਲ੍ਹ ਦਿੱਤੀਆਂ। ਮੁਸਾਫ਼ਰਾਂ ਨੇ ਸਾਮਾਨ ਧਰ ਦਿੱਤਾ ਤੇ ਰਾਤ ਗੁਜ਼ਾਰਨ ਦਾ ਪ੍ਰਬੰਧ ਕਰਨ ਲੱਗੇ।

ਸਰਾਂਅ ਦੀ ਇਮਾਰਤ ਬੜੀ ਸੁੰਦਰ ਸੀ, ਕਮਰੇ ਸਾਫ਼-ਸੁਥਰੇ, ਹਵਾਦਾਰ, ਫ਼ਰਸ਼ ਪੱਕੇ ਤੇ ਸਫ਼ੈਦੀਆਂ ਤਾਜ਼ੀਆਂ ਹੀ ਹੋਈਆਂ ਹੋਈਆਂ ਸਨ। ਬਿਜਲੀ ਦੀ ਰੌਸ਼ਨੀ ਤੇ ਪਾਣੀ ਲਈ ਨਲਕਿਆਂ ਦਾ ਵੀ ਪ੍ਰਬੰਧ ਸੀ। ਅਜੇਹਾ ਸੁੰਦਰ ਅਸਥਾਨ ਮੁਸਾਫ਼ਰਾਂ ਵਿਚੋਂ ਕਿਸੇ ਨੂੰ ਵੀ ਘਰ ਪ੍ਰਾਪਤ ਨਹੀਂ ਸੀ। ਸੁਭਾਅ ਅਨੁਸਾਰ ਮੁਸਾਫ਼ਰਾਂ ਨੇ ਆਪਣੀ ਆਪਣੀ ਥਾਂ ਵਰਤੋਂ ਸ਼ੁਰੂ ਕੀਤੀ। ਇਕ ਨੇ ਜਦ ਆਪਣੀ ਸਾਥਣ ਨੂੰ ਕਿਹਾ ਕਿ ਭਾਵੇਂ ਕਮਰੇ ਸਾਫ਼ ਹੀ ਹਨ ਪਰ ਫਿਰ ਵੀ ਸਾਨੂੰ ਵਧੇਰੇ ਸਫ਼ਾਈ ਲਈ ਝਾੜੂ ਫੇਰ ਲੈਣਾ ਚਾਹੀਦਾ ਹੈ।

ਭਾਗਵਾਨ ਬੋਲੀ-"ਛਡੋ ਜੀ! ਇਹ ਕਿਹੜਾ ਸਾਡਾ ਘਰ ਹੈ, ਜੋ ਖਪ ਖਪ ਮਰੀਏ, ਓੜਕ ਤਾਂ ਸਰਾਂਅ ਹੀ ਹੈ ਨਾ। ਰਾਤ ਕੱਟ, ਸਵੇਰੇ ਟੁਰ ਜਾਣਾ ਹੈ।”

ਸਾਥੀ ਚੁਪ ਕਰ ਰਿਹਾ ਤਾਂ ਉਹਨਾਂ ਓਦਾਂ ਹੀ ਬਿਸਤਰੇ ਵਿਛਾ ਲਏ। ਜਦੋਂ ਖਾਣ ਪੀਣ ਦਾ ਸਾਮਾਨ ਆਇਆ ਤਾਂ ਵੀ ਡਿੱਗੇ ਹੋਏ ਭੋਰਿਆਂ ਦੇ ਸਾਫ਼ ਕਰਨ ਜਾਂ ਜੂਠੇ ਡੂਨੇ ਪੱਤਲਾਂ ਬਾਹਰ ਸੁੱਟਣ ਦੀ ਕਿਸੇ ਖੇਚਲ ਨਾ ਕੀਤੀ। ਹੋਰ ਵੀ ਸਰੀਰ ਦੀਆਂ ਮਾਮੂਲੀ ਲੋੜਾਂ ਨੂੰ ਅੰਦਰ ਹੀ ਪੂਰਾ ਕੀਤਾ ਗਿਆ। ਸਵੇਰ ਹੋਣ ਤੋਂ ਪਹਿਲਾਂ ਹੀ ਸਾਮਾਨ ਬੰਨ੍ਹ ਕੇ ਬੂਹਾ ਮਾਰ ਰਾਹੀ ਚਲਦੇ ਬਣੇ।

ਨਾਲਦੇ ਕਮਰੇ ਵਾਲੇ ਮੁਸਾਫ਼ਰਾਂ ਨੇ ਇਹਨਾਂ ਦੇ ਉਲਟ ਰਵੱਈਆ ਵਰਤਿਆ। ਉਹਨਾਂ ਦੀ ਸੁਭਾਗ ਜੋੜੀ ਨੇ ਪਹਿਲੇ ਮਕਾਨ ਦੀ ਉਸਤਤ, ਫਿਰ ਬਣਾਉਣ ਵਾਲੇ ਦੀ ਵਡਿਆਈ ਕੀਤੀ। ਸਾਫ਼ ਜਗ੍ਹਾ ਨੂੰ ਹੋਰ ਸਾਫ਼ ਕਰਨ ਹਿਤ ਝਾੜੂ ਫੇਰਿਆ। ਖਾਣ-ਪਾਣ ਸਮੇਂ ਬੜੇ ਸੰਜਮ ਤੋਂ ਕੰਮ ਲਿਆ। ਸਰੀਰਕ ਲੋੜਾਂ ਵੀ ਮੁਕੱਰਰ ਥਾਂ 'ਤੇ ਪੂਰੀਆਂ ਕੀਤੀਆਂ 'ਤੇ ਸੌਣ ਤੋਂ ਪਹਿਲਾਂ ਰਲ ਕੇ ਵੀਚਾਰ ਕਰਨ ਲੱਗੇ: ਸਰਾਂਅ ਕਿਤਨੀ ਸੁਥਰੀ ਤੇ ਸੋਹਣੀ ਹੈ। ਕਿਸੇ ਮਹਾਂਉਪਕਾਰੀ ਨੇ ਮੁਸਾਫ਼ਰਾਂ ਦੇ ਸੁਖ ਲਈ ਅਜੇਹਾ ਸਥਾਨ ਬਣਾਇਆ ਹੈ। ਕੇਹਾ ਚੰਗਾ ਹੁੰਦਾ ਜੇ ਸਾਡੀ ਵੀ ਤੌਫ਼ੀਕ ਹੁੰਦੀ, ਅਸੀਂ ਵੀ ਅਜੇਹਾ ਉਪਕਾਰ ਕਰ ਸਕਦੇ। ਇਕ ਨੇ ਕਿਹਾ, “ਇਤਨਾ ਵਡਾ ਉਪਕਾਰ ਕਰਨਾ

੯੭