ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂੰਝ, ਮੁੱਖ ਵਿਚ ਪਾਣੀ ਚੁਆਇਆ ਤਾਂ ਹੋਸ਼ ਪਰਤ ਆਈ, ਨੈਣ ਖੁਲ੍ਹੇ। ਪਰ ਪਿਤਾ ਦੇ ਨਿਹੁੰ ਵਾਲੇ ਨੈਣਾਂ ਵਿਚ ਨੈਣ ਨਾ ਪਾ ਸਕਿਆ। ਨੈਣ ਮੀਟ ਲਏ। ਆਗਿਆ ਹੋਈ, “ਮਹਾਂ ਸਿੰਘਾ! ਨੈਣ ਖੋਲ੍ਹੋ, ਮੇਰੀ ਵੱਲ ਤੱਕੋ। ਤੁਸਾਂ ਬੀਰ ਕਿਰਿਆ ਕੀਤੀ ਹੈ, ਸ਼ਹੀਦੀਆਂ ਪਾਈਆਂ ਨੇ, ਸਨਮੁਖ ਹੋ ਸੀਨਿਆਂ ਵਿਚ ਸ਼ਸਤਰ ਸਹੇ ਨੇ, ਤੁਹਾਡਾ ਮੁਕਾਮ ਜੋਧ ਮਹਾਂਬਲ ਸੂਰਾ ਦਾ ਠਿਕਾਣਾ ਬਖ਼ਸ਼ਸ਼ ਦਾ ਖੰਡ ਹੈ, ਕਰਮ ਖੰਡ ਵਿਚ ਪੁਜੋ, ਸਚਖੰਡ ਵਿਚ ਉਠਾ ਲਏ ਜਾਓਗੇ।"

ਬਿਸਮਿਲ ਦੇ ਲਬਾਂ ਵਿਚੋਂ ਨਿੰਮ੍ਹੀ ਜਿਹੀ ਆਵਾਜ਼ ਨਿਕਲੀ-"ਪਿਤਾ! ਸਾਥੀ ਉਤਾਂਹ ਉਠੇ ਹਨ, ਸ਼ਹੀਦਾਂ ਦੇ ਕਰਮ ਖੰਡ ਵਿਚ ਪੁੱਜੇ ਹਨ, ਪਰ ਅਗੋਂ ਦਰਵਾਜ਼ਾ ਬੰਦ ਹੈ। ਉਥੇ ਸਾਡੀ ਲਿਖਤ ‘ਨਾ ਤੂੰ ਸਾਡਾ ਗੁਰੂ, ਨਾ ਅਸੀਂ ਤੇਰੇ ਸਿੱਖ' ਲਟਕੀ ਹੋਈ ਨਜ਼ਰ ਆ ਰਹੀ ਹੈ ਤੇ ਸ਼ਰਮਿੰਦਿਆਂ ਕਰਦੀ ਹੈ। ਅੰਦਰ ਵੜਨ ਦਾ ਹੀਆ ਨਹੀਂ ਪੈਣ ਦੇਂਦੀ। ਮਿਹਰਾਂ ਵਾਲੇ ਮੇਹਰ ਕਰ, ਬਖ਼ਸ਼ ਲੈ, ਉਹ ਕਾਗ਼ਜ਼ ਦਾ ਪੁਰਜ਼ਾ ਪਾੜ ਦੇ ਤੇ ਸਾਡੀ ਬਿਗੜੀ ਬਣਾ ਲੈ।” ਬਗ਼ੈਰ ਕੁਝ ਕਹਿਣ ਤੋਂ ਸਤਿਗੁਰਾਂ ਦੇ ਹੱਥ ਜਾਮੇ ਦੀ ਜੇਬ ਵਿਚ ਗਏ। ਕਾਗ਼ਜ਼ ਦਾ ਪੁਰਜ਼ਾ ਨਿਕਲਿਆ, ਉਸਨੂੰ ਪਾੜ ਕੇ ਟੁਕੜੇ ਕੀਤਾ ਗਿਆ ਤੇ ਪਿਆਰੇ ਮੁਕਤੇ ਹੋ ਨਿਬੜੇ:

ਸਦਾ ਖੁਲ੍ਹਾ ਰਹਿਮਤ ਕਾ ਬਾਬ ਥਾ,
ਨਹੀ ਦੇਖਾ ਕਰਕੇ ਗੁਨਾਹ ਕਭੀ।
ਹੂਏ ਟੂਟ ਕੇ ਜੋ ਪਸ਼ੇਮਾਂ,
ਉਨਹੇ ਫਾੜ ਪੁਰਜ਼ਾ ਮਿਲਾ ਗਏ।

(ਕਰਤਾ)

ਮਨੁੱਖ ਹਮੇਸ਼ਾ ਭੁਲਣਹਾਰ ਹੈ। ਕੋਈ ਚਤੁਰਾਈਂ, ਕਰਮ ਕਾਂਡ ਜਾਂ ਜਪ, ਤਪ, ਅਖ਼ੀਰ ਤਕ ਇਸ ਦਾ ਸਾਥ ਨਹੀਂ ਦੇ ਸਕਦਾ। ਭੁਲਾਂ ਤੋਂ ਪਛਤਾ, ਪ੍ਰਭੂ ਸ਼ਰਨ ਲਿਆਂ ਹੀ ਬਚਾ ਹੋ ਸਕਦਾ ਹੈ:

ਨਾਹਿਨ ਗੁਨ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ॥
ਨਾਨਕ ਹਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ॥

(ਜੈਤਸਰੀ ਮ:੯,ਪੰਨਾ ੭੦੩)

੯੬