ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਜਾਣਨਾ, ਪਰ ਇਹ ਸਮਝਣਾ ਕਿ ਮੈਂ ਨਹੀਂ ਜਾਣਦਾ, ਭਲਿਆਈ ਦਾ ਰਸਤਾ ਹੈ, ਅਜਿਹੇ ਲੋਕ ਹੀ ਪਛਤਾਵਾ ਕਰਦੇ ਹਨ ਤੇ ਉਹਨਾਂ 'ਤੇ ਮਿਹਰਾਂ ਹੁੰਦੀਆਂ ਹਨ:

ਨਾ ਜਾਣੇ, ਪਰ ਇਹ ਜਾਣੇ, ਕਿ ਉਹ ਕੁਝ ਵੀ ਨਾ ਜਾਣੇ।
ਸਾਦਾ ਹੈ ਉਸ ਨੂੰ ਸਿਖਲਾ ਦੇ ਜੋ ਚੰਗੀ ਮਨ ਭਾਣੇ।

"ਭੁਲੀ ਪਈ ਨੂੰ ਬੇਸ਼ਕ ਭੁੱਲਿਆਂ ਰਹਿਣ ਦੇ, ਪਰ ਜੁਦਾਈ ਦੀ ਕਸਕ ਸੀਨੇ ਵਿਚ ਪੈਂਦੀ ਰਵ੍ਹੇ। ਜੇ ਨਹੀਂ ਮਿਲਣਾ ਤਾਂ ਨਾ ਮਿਲੋ, ਪਰ ਦਿਲ-ਵਿਹੜੇ ਤੁਹਾਡੇ ਪੈਰ ਨਹੀਂ ਪਏ, ਇਹ ਤਾਂ ਪ੍ਰਤੀਤ ਹੋਣ ਦਿਉ।” ਮਹਾਂ ਕਵੀ ਟੈਗੋਰ ਦਾ ਕੌਲ ਹੈ।

ਜੇ ਤੈਨੂੰ ਹਾਂ ਭੁਲੀ ਪ੍ਰੀਤਮ, ਭੁਲੀ ਪਈ ਹੀ ਰਹਿਣ ਦੇ।
ਪਰ ਬਿਰਹੋਂ ਦੀ ਪੀੜਾ ਸੰਦੀ, ਦਿਲ ਵਿਚ ਕਰਕ ਪੈਣ ਦੇ।
ਜੇ ਮੈਨੂੰ ਨਾ ਮਿਲਣਾ ਲੋੜੋ, ਖੁਸ਼ੀ ਰਹੋ ਨਾ ਮਿਲਿਓ।
ਮਨ ਮੰਦਰ ਪਰ ਪੈਰ ਨਹੀਂ ਪਾਏ, ਦਿਲ ਇਸ ਵਹਿਣ ਵਹਿਣ ਦੇ।

ਰਾਤ ਪਹਿਰ ਤੋਂ ਜ਼ਿਆਦਾ ਢਲ ਚੁੱਕੀ ਸੀ। ਰਾਜ-ਮਹੱਲ ਵਿਚ ਮਹਿਫ਼ਲਾਂ ਮੁਕ ਗਈਆਂ। ਮਹਾਰਾਜ ਸੇਜਾ 'ਤੇ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਇਕ ਦਾਸੀ ਨੇ ਚਰਨਾਂ ਵਿਚ ਹਾਜ਼ਰ ਹੋ ਕਿਹਾ, ‘ਮੈਨੂੰ ਕੋਈ ਸੇਵਾ।” “ਹੈਂ! ਇਸ ਕੁਵੇਲੇ ਸੇਵਾ ਦੀ ਮੰਗ, ਰਾਤ ਪਹਿਰੋਂ ਢਲ ਚੁਕੀ ਹੈ, ਕੰਮ ਬੰਦ ਹੋ ਚੁੱਕੇ ਹਨ। ਸਭ ਦਾਸ ਦਾਸੀਆਂ ਸੌਣ ਲੱਗੇ ਹਨ, ਅਜਿਹੀ ਚਿਰਕੀ ਕਿਉਂ ਆਈ?” ਰਾਜੇ ਨੇ ਕਿਹਾ। “ਮਾਲਕ, ਆਪਣੀ ਮਰਜ਼ੀ ਨਾਲ, ਇਹ ਜਾਣ ਕੇ ਕਿ ਉਹ ਆਖ਼ਰੀ ਸੇਵਾ ਮੇਰੇ ਹਿੱਸੇ ਆਵੇ, ਜਿਸ ਦੇ ਕਰਨ ਦਾ ਕਿਸੇ ਨੂੰ ਖ਼ਿਆਲ ਨਹੀਂ ਆਇਆ। ਉਹ ਕੋਈ ਮੇਰੇ ਜਿਹੀ ਨਿਮਾਣੀ ਤੇ ਆਜਿਜ਼ ਖ਼ਿਦਮਤਗਾਰ ਦੇ ਲਈ ਹੀ, ਸਿਆਣੀਆਂ ਦੀ ਨਿਗਾਹ ਤੋਂ ਉਹਲੇ ਰਹਿ ਬਚੀ ਹੋਵੇ," ਦਾਸੀ ਨੇ ਬੇਨਤੀ ਕੀਤੀ।

ਮਾਲਕ ਦੇ ਦਰ ਤੇ ਮੈਂ ਪੁਜੀ ਪਹਿਰ ਰਾਤ ਸੀ ਬੀਤੀ।
ਸੈਨ ਸਮੇਂ ਸੇਜਾ ਜਾਵਣ ਦੀ, ਉਨ ਸੀ ਤਿਆਰੀ ਕੀਤੀ।
ਕਿਉਂ ਆਈ? ਕੋਈ ਸੇਵ ਨਿਮਾਣੀ ਜਿਸਦੀ ਆਗਿਆ ਹੋਵੇ।
ਅਤਿ ਨੀਵੀਂ ਕਿਸੇ ਗਣਿਤ ਨਾ ਆਈ ਸੋ ਮੈਂ ਕਰਾਂ ਚੁਪੀਤੀ।

ਰਾਜੇ ਦੀਆਂ ਖ਼ੁਸ਼ੀਆਂ ਹੋਈਆਂ ਤੇ ਉਹ ਉਸ ਘੜੀ ਤੋਂ ਸਭ ਦਾਸੀਆਂ ਦੀ ਸਰਦਾਰ ਹੋਈ। ਨਿਮਾਣੇ ਹੋ ਦਰ 'ਤੇ ਢਹਿਣਾ, ਮਿਲਾਪ ਦਾ ਪਾਤਰ ਬਣਾਂਦਾ ਹੈ। ਜਿਨ੍ਹਾਂ ਆਖ਼ਰੀ ਵਕਤ ਨੂੰ ਸੰਭਾਲ ਲਿਆ ਤੇ ਤੌਬਾ ਕਰ ਗਏ, ਉਹ ਸਫਲ ਹੋਏ:

ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ॥

(ਸੂਹੀ ਮਹਲਾ ੫, ਪੰਨਾ ੭੬੧)

ਭਾਦਰੋਂ ਦਾ ਮਹੀਨਾ ਸੀ, ਦਰਿਆ ਕਾਂਗ ਆਈ ਤੇ ਕੱਪਰ ਪੈ ਰਹੇ ਸਨ, ਮਲਾਹ ਨੇ ਮਾਲ ਦੀ ਭਰੀ ਹੋਈ ਬੇੜੀ, ਵਿਚ ਠੇਲ੍ਹ ਦਿਤੀ। ਪਾਣੀ ਦਾ ਜ਼ੋਰ ਪਿਆ, ਵੰਝ ਦੀ ਕੋਈ ਪੇਸ਼ ਨਾ ਗਈ। ਚੱਪੂ ਚੁਪ ਹੋ ਗਏ, ਕੱਪਰਾਂ ਨੇ ਕਿਸ਼ਤੀ ਉਲਟਾ ਦਿੱਤੀ।

੯੩