ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਕਾਰਾਂ ਦੀ ਇਸ ਚੌਤਰਫ਼ੀ ਮਾਰ ਨੂੰ ਅਨੁਭਵ ਕਰ ਹੀ ਮਨੁੱਖ ਜਾਤੀ ਦੇ ਨੁਮਾਇੰਦੇ ਬਣੇ। ਪਰਮੇਸ਼ੁਰ ਕੋਲ ਅਪੀਲ ਕਰਦੇ ਹਨ ਕਿ ਬੰਦਾ ਕੀ ਕਰੇ, ਤੇਰੀ ਪਸਾਰੀ ਹੋਈ ਮਾਇਆ ਚੌਤਰਫ਼ੋਂ ਮਾਰ ਕਰ ਰਹੀ ਹੈ। ਤੇਰੇ ਚਰਨ ਮਾਸੂਮ ਮਨੁੱਖ ਨੂੰ ਭੁਲਾ ਰਹੀ ਹੈ। ਇਹ ਤਾਂ ਪਿਆਰ ਦੀ ਕਿਰਨ ਵੀ ਨਹੀਂ ਪੈਣ ਦੇਂਦੀ। ਦੱਸ, ਮਨੁੱਖ ਕੀ ਕਰਨ:

ਇਨਿ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ॥
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ॥

(ਬਿਲਾਵਲੁ ਕਬੀਰ, ਪੰਨਾ ੮੫੭)

ਇਸ ‘ਗਹਿਬਰ ਬਨ ਘੋਰ' ਦੀਆਂ ਮਜਬੂਰੀਆਂ ਤੋਂ ਮਨੁੱਖ ਨੂੰ ਠੋਕਰ ਖਾਂਦਿਆਂ ਤੇ ਮੁਸ਼ਕਲਾਂ ਵਿਚ ਫਸਦਾ ਦੇਖ ਸੰਤ ਉਸਦਾ ਮਜ਼ਾਕ ਨਹੀਂ ਉਡਾਂਦੇ, ਠਠੇ ਨਹੀਂ ਮਾਰਦੇ, ਗਿਲਾਨੀ ਨਹੀਂ ਕਰਦੇ, ਤਾਹਨੇ ਨਹੀਂ ਦੇਂਦੇ, ਤਰਕ ਨਹੀਂ ਉਠਾਂਦੇ, ਸਗੋਂ ਹਮਦਰਦੀ ਕਰਦੇ ਹਨ। ਮਾਹੀ ਨਾਲ ਮੇਲਣ ਦੇ ਉਪਾਓ ਸੋਚਦੇ ਹਨ। ਜੇ ਕੋਈ ਗੁਨਾਹਗਾਰ ਨੂੰ ਦੇਖ ਹੱਸ ਰਿਹਾ ਹੋਵੇ ਤਾਂ ਉਸ ਨੂੰ ਵੀ ਰੋਕਦੇ ਤੇ ਸਮਝਾਂਦੇ ਹਨ। ਹੇ ਲਤੀਫ਼ ਅਕਲ ਵਾਲੇ, ਜੇ ਕੁਝ ਸਮਝ ਸਕਦਾ ਏਂ ਤਾਂ ਲੋਕਾਂ ਦੇ ਐਬ ਨਾ ਚੁਣ, ਤਰੁੱਟੀਆਂ ਨਾ ਤੱਕ, ਭੁੱਲਾਂ ਦੀ ਫਹਿਰਿਸਤ ਨਾ ਬਣਾ, ਸ਼ਾਇਦ ਅਜੇ ਤੇਰੀਆਂ ਆਪਣੀਆਂ ਕਈ ਹੋਣ। ਜੇ ਫ਼ੁਰਸਤ ਹੈ ਤਾਂ ਉਹਨਾਂ ਨੂੰ ਹੈ ਤਾਂ ਉਹਨਾਂ ਨੂੰ ਵੇਖ ਤੇ ਸੋਧ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ॥

(ਸਲੋਕ ਫਰੀਦ, ਪੰਨਾ ੧੩੭੮)

ਤੇ ਹਕੀਕਤ ਹੈ ਵੀ ਇਹੋ ਕਿ ਜਦ ਤਕ ਬੰਦਾ ਆਪਣੀ ਮਨ ਦੀ ਪੱਟੀ ਨੂੰ ਨਹੀਂ ਪੜ੍ਹਦਾ, ਉਤਨਾ ਚਿਰ ਹੀ ਲੋਕਾਂ ਦੇ ਐਬ ਛਾਂਟਦਾ ਹੈ। ਪਰ ਜਦ ਆਪਣੇ ਅੰਦਰਲੇ ਵੱਲ ਝਾਤ ਮਾਰੇ ਤਾਂ ਉਸ ਨੂੰ ਸ਼ਾਇਦ ਜਗਤ ਵਿਚ ਬੁਰਾ ਦਿੱਸੇ ਹੀ ਨਾ:

ਨਾ ਥੀ ਹਾਲ ਕੀ ਜਬ ਹਮੇਂ ਅਪਨੀ ਖ਼ਬਰ।
ਰਹੇ ਔਰੋਂ ਕੇ ਦੇਖਤੇ ਐਬੋ ਹੁਨਰ।
ਪੜੀ ਅਪਨੇ ਜਾਨੂੰ ਪੈ ਜਬ ਕਿ ਨਿਗਾਹ।
ਫਿਰ ਕੋਈ ਦੂਸਰਾ ਬੁਰਾ ਨਾ ਰਹਾ।

ਸੰਤ ਇਸ ਵੀਚਾਰ ਕਰਕੇ ਹੀ ਗੁਨਾਹੀਆਂ ਨਾਲ ਗ਼ੁੱਸੇ ਨਹੀਂ ਹੁੰਦੇ, ਸਗੋਂ ਪਿਆਰਦੇ ਤੇ ਸਿਧੇ ਰਾਹ ਤੁਰਨ ਲਈ ਪ੍ਰੇਰਦੇ ਹਨ। ਕੌਡੇ ਰਾਖਸ਼ ਤੇ ਸੱਜਣ ਠੱਗ ਕੋਲ, ਸਤਿਗੁਰੂ ਆਪ ਤੁਰ ਕੇ ਗਏ ਸਨ। ਜੋਗਾ ਸਿੰਘ ਡਿਗੇ ਨੂੰ ਉਠਾਣ ਲਈ ਕਲਗੀਆਂ ਵਾਲੇ ਆਪ ਕੋਤਵਾਲ ਬਣ ਸਾਰੀ ਰਾਤ ਗਨਿਕਾ ਦੇ ਦੁਆਰੇ ਖਲੋਤੇ ਰਹੇ ਸਨ:

ਆਵਾ ਜਾਈ ਰੈਨ ਗੁਜ਼ਰੀ ਹੋਇਆ ਤੜਕਾ ਸਾਰ ਸੀ।
ਓਹ ਕੋਟ ਬ੍ਰਹਮੰਡਾਂ ਦਾ ਮਾਲਕ ਆਪ ਪਹਿਰੇਦਾਰ ਸੀ।

ਇਹ ਦੀਨਾਂ 'ਤੇ ਦਇਆ ਕਰਨੀ ਹੀ ਵਡਿਆਂ ਦੀ ਵਡਿਆਈ ਹੈ। ਭਲੇ ਨਾਲ ਭਲਿਆਈ ਮਨੁੱਖਤਾ ਹੈ, ਪਰ ਬੁਰਿਆਂ ਨਾਲ ਭਲਿਆਈ ਫ਼ਰਿਸ਼ਤਾਪਣ ਹੈ। ਪਰ ਇਹ

੮੯