ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਕੁਛ ਆਪਣੇ ਹੀ ਕਰਮਾਂ ਦਾ ਫਲ ਹੈ। ਗੁਨਾਹ ਦੇ ਸਭ ਰੋਗ ਪਰਮੇਸ਼੍ਵਰ ਤੋਂ ਭੁਲਣ ਕਰਕੇ ਹੀ ਵਾਪਰਦੇ ਹਨ ਤੇ ਵਿਛੋੜੇ ਦੇ ਰੋਗੀ ਨੂੰ ਸਭ ਸੁਆਦਲੇ ਭੋਗ ਕੌੜੇ ਲਗਣ ਲੱਗ ਪੈਂਦੇ ਹਨ। ਇਹਨਾਂ ਰੋਗਾਂ ਦਾ ਹੋਰ ਕੋਈ ਇਲਾਜ ਨਹੀਂ, ਜੇ ਖ਼ੁਸ਼ਕਿਸਮਤੀ ਨਾਲ ਪ੍ਰਭੂ ਪਿਤਾ ਦਾ ਮਿਲਾਪ ਫਿਰ ਨਸੀਬ ਹੋ ਜਾਏ ਤਾਂ ਸਾਰੇ ਸੁਖ ਆਪੇ ਹੀ ਨਸੀਬ ਹੋ ਜਾਣਗੇ।

ਪਰ ਇਹ ਪੁਨਰ ਮਿਲਾਪ ਹੋਵੇ ਕਿਸ ਤਰ੍ਹਾਂ? ਮਨੁੱਖ ਤਾਂ ਰਾਹੋਂ ਭੁਲਿਆ ਹੋਇਆ ਦੂਸਰੇ ਪਾਸੇ ਨੂੰ ਜਾ ਰਿਹਾ ਹੈ। ਓਹਦਾ ਤਾਂ ਹਰ ਕਦਮ ਉਸ ਨੂੰ ਮੰਜ਼ਲ ਤੋਂ ਦੂਰ ਲਿਜਾ ਰਿਹਾ ਹੈ। ਉਸ ਦੀ ਹਾਲਤ ਉਸ ਰੇਲ ਦੇ ਇੰਜਣ ਵਾਂਗ ਹੈ ਜੋ ਕਿਸੇ ਜੰਕਸ਼ਨ ਤੋਂ ਕਾਂਟਾ ਗ਼ਲਤ ਮਿਲਣ ਕਰਕੇ ਅਸਲ ਤੋਂ ਉੱਕ ਦੂਸਰੀ ਲਾਈਨ 'ਤੇ ਪੈ ਗਿਆ ਹੋਵੇ। ਉਹ ਤਾਂ ਜਿੰਨਾ ਤੇਜ਼ ਦੌੜੇਗਾ, ਅਸਲ ਟਿਕਾਣੇ ਤੋਂ ਦੂਰ ਹੁੰਦਾ ਚਲਾ ਜਾਏਗਾ।

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥

(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੫)

ਉਸ ਨੂੰ ਤਾਂ ਅਸਲੀ ਅਸਥਾਨ 'ਤੇ ਪੁੱਜਣ ਲਈ ਪਹਿਲਾਂ ਆਪਣੀ ਭੁੱਲ ਨੂੰ ਸਮਝਣਾ, ਅਗਾਂਹ ਤੁਰਨੋਂ ਰੁਕਣਾ ਤੇ ਫਿਰ ਪਿਛਾਂਹ ਪਰਤ ਅਤੇ ਤਿਖੀ ਚਾਲ ਚਲ, ਭੁਲੀ ਹੋਈ ਮੰਜ਼ਲ 'ਤੇ ਪੁੱਜਣਾ ਪਵੇਗਾ। ਮਨੁੱਖ-ਜੀਵਨ ਵਿਚ ਭੁੱਲ ਨੂੰ ਪਹਿਚਾਣਨ ਦਾ ਨਾਮ ਹੀ ‘ਪਛਤਾਵਾ’ ਹੈ। ਇਹ ਤੌਬਾ ਹੀ, ਭੁੱਲੇ ਹੋਏ, ਕੁਰਾਹੇ ਤੁਰੇ ਜਾ ਰਹੇ ਮਨੁੱਖ ਦੀ ਪਾਪ ਚਾਲ ਨੂੰ ਰੋਕਦੀ ਹੈ। ਇਹੋ ਮੋੜ ਕੇ ਪ੍ਰਭੂ ਚਰਨਾਂ ਵਿਚ ਸੁਟਦੀ ਹੈ ਤੇ ਚਰਨ ਸ਼ਰਨ ਵਿਚ ਪਾ ਜੀਵਨ ਸਫਲ ਕਰਦੀ ਹੈ।

ਵਿਸ਼ਾਲ ਸੰਸਾਰ ਦੀ ਅਣਗਿਣਤ ਮਖ਼ਲੂਕ ਵਿਚ ਇਹ ਪਛਤਾਵੇ ਵੀ ਕਈ ਕਿਸਮ ਦੇ ਰੂਪ ਲੈ ਰਹੇ ਹਨ। ਕੋਈ ਮੂਰਤਾਂ ਵੇਖ ਵੇਖ ਅੱਕ ਕੇ ਪਿਛਾਂਹ ਮੁੜਦਾ ਹੈ ਤੇ ਕਿਸੇ ਦਾ ਮੂੰਹ ਮਠਿਆਈਆਂ ਖਾ ਖਾ ਮੁੜ ਜਾਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਕਈ ਘਟਨਾਵਾਂ ਆਉਂਦੀਆਂ ਹਨ। ਕਈ ਮਾਸੂਮ ਮਨੁੱਖਾਂ ਨੇ ਬਗਲਿਆਂ ਨੂੰ ਹੰਸ ਕਰ ਜਾਤਾ ਤੇ ਓੜਕ ਪਛਤਾਏ, ਮਸ਼ਹੂਰ ਯੋਗੀ ਭਰਥਰੀ ਨਾਲ ਇਹੋ ਵਾਪਰੀ ਸੀ।

ਮੈ ਜਾਨਿਆ ਵਡਹੰਸੁ ਹੈ ਤਾ ਮੈ ਕੀਆ ਸੰਗੁ॥
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ॥

(ਵਾਰ ਵਡਹੰਸ ਮ: ੩, ਪੰਨਾ ੫੮੫)

ਉਜੈਨ ਦਾ ਉਜਲ ਬੁਧ ਵਿਦਵਾਨ ਮਹਾਰਾਜਾ ਭਰਥਰੀ ਆਪਣੀ ਪਦਮਨੀ ਸੁੰਦਰ ਮਹਾਰਾਣੀ ਪਿੰਗਲਾ ਦੇ ਪਿਆਰ ਵਿਚ ਮਸਤ ਸੀ। ਉਸਦੀ ਦੁਨੀਆਂ ਹੀ ਪਿੰਗਲਾ ਨਾਲ ਸੀ। ਪਰਬੀਨ, ਪੜ੍ਹੀ ਹੋਈ ਮ੍ਰਿਗ ਨੈਣੀ, ਚੰਦਰਮੁਖੀ, ਪਿੰਗਲਾ ਦੀਆਂ ਨਾਗਨ ਜ਼ੁਲਫ਼ਾਂ ਦੇ ਸਾਏ ਹੇਠ ਸੁੱਤੇ ਹੋਏ ਭਰਥਰੀ ਦਾ ਮਨ ਬੇਹੋਸ਼ ਪਿਆ ਸੀ, ਪਰ ਪਿੰਗਲਾ ਜੋ ਬਾਹਰੋਂ ਦਿਸਦੀ ਸੀ, ਉਹ ਅੰਦਰੋਂ ਨਹੀਂ ਸੀ। ਸੋਨੇ ਦੇ ਬੁੱਤ ਵਿਚ ਪੱਥਰ ਦਾ ਮਨ ਰੱਖੀ ਅਨਾਰ ਦੀ ਕਲੀ ਪਿੰਗਲਾ, ਵਫ਼ਾ ਦੀ ਖ਼ੁਸ਼ਬੂ ਤੋਂ ਰਹਿਤ ਸੀ, ਉਹ ਪਿਆਰ ਨਹੀਂ ਸੀ ਜਾਣਦੀ, ਮੋਹ ਕਰਦੀ ਸੀ। ਉਹ ਵਿਕਾਰ ਦੇ ਵਹਿਣ ਰੁੜ੍ਹੀ ਆਪਣੇ ਮਹਾਵਤ ਨਾਲ ਪਾਪ-ਭਿਆਲੀ ਪਾ ਬੈਠੀ ਸੀ। ਸਮਾਂ ਪਾ, ਪਾਪ ਪ੍ਰਗਟਿਆ। ਉਹ ਇਸ ਤਰ੍ਹਾਂ

੮੬