ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/84

ਇਹ ਵਰਕੇ ਦੀ ਤਸਦੀਕ ਕੀਤਾ ਹੈ

ਪਾਰਸੀਆਂ ਦਾ ਵੀ ਇਸ ਦੇ ਨਾਲ ਮਿਲਦਾ ਜੁਲਦਾ ਖ਼ਿਆਲ ਹੈ। ਕਈ ਸਿਆਣੇ ਤਾਂ ਏਥੋਂ ਤਕ ਜਾਂਦੇ ਹਨ ਕਿ ਬਾਈਬਲ ਵਿਚ ਦਸਿਆ ਹੋਇਆ ਸ਼ੈਤਾਨ ਦਾ ਖ਼ਿਆਲ ਬੁਨਿਆਦੀ ਤੌਰ 'ਤੇ ਲਿਆ ਹੀ ਯੰਦ ਵਿਚੋਂ ਗਿਆ ਹੈ। ਪਾਰਸੀਆਂ ਦੇ ਅਕੀਦੇ ਅਨੁਸਾਰ ਜਗਤ-ਕਰਤਾ ਪ੍ਰਭੂ ਦੇ ਹੈਨ ਹੀ ਦੋ ਰੂਪ। ‘ਯਸਦਾਨ’ ਤੇ ‘ਅਹਿਰਮਨ’। ਯਸਦਾਨ ਨੇਕੀ ਦੀ ਪ੍ਰੇਰਨਾ ਕਰਦਾ ਹੈ ਤੇ ਅਹਿਰਮਨ ਬਦੀ ਦੀ। ਇਹ ਦੋਵੇਂ ਨੇਕੀ ਤੇ ਬਦੀ ਦੇ ਦੇਵਤੇ ਪਹਿਲੇ ਦਿਨ ਤੋਂ ਬਰਾਬਰ ਹੀ ਤੁਰੇ ਆਉਂਦੇ ਹਨ। ਇਥੇ ਸ਼ੈਤਾਨ ਕੋਈ ਪਰਮੇਸ਼੍ਵਰ ਦੇ ਅਧੀਨ ਤੇ ਉਸਦਾ ਸਰਾਪਿਆ ਹੋਇਆ ਫ਼ਰਿਸ਼ਤਾ ਨਹੀਂ ਹੈ, ਸਗੋਂ ਬਰਾਬਰ ਦੀ ਤਾਕਤ ਹੈ ਤੇ ਯਸਦਾਨ ਦੇ ਬਰਾਬਰ ਹੀ ਮਨੁੱਖ ਨੂੰ ਬਦੀ ਵਲ ਪ੍ਰੇਰਨਾ ਕਰ ਰਹੀ ਹੈ।

ਮਜ਼ਹਬੀ ਮਨੌਤਾਂ ਦੀ ਦੁਨੀਆਂ ਤੋਂ ਲੰਘ ਜੇ ਫ਼ਲਸਫ਼ੇ ਦੇ ਵਿਹੜੇ ਝਾਤੀ ਪਾਈਏ ਤਾਂ ਉਥੇ ਭੀ ਖ਼ਿਆਲ ਦੀ ਬੁਨਿਆਦੀ ਸੂਰਤ ਇਹੋ ਜਿਹੀ ਹੀ ਦਿਸ ਆਉਂਦੀ ਹੈ। ਫ਼ਲਸਫ਼ੀ ਵਿਅਕਤੀ ਤਾਂ ਨਹੀਂ ਮੰਨਦੇ, ਪਰ ਬਿਰਤੀਆ ਮੰਨਦੇ ਹਨ। ਫ਼ਲਸਫ਼ੀਆਂ ਦਾ ਆਖ਼ਰੀ ਵੇਦਾਂਤ ਸ਼ਾਸਤਰ, ਭਾਵੇਂ ਅਦਵੈਤਵਾਦੀ ਹੈ ਤੇ ਇਕ ਬ੍ਰਹਮ ਤੋਂ ਬਿਨਾਂ ਦੂਸਰੀ ਕੋਈ ਹਸਤੀ ਨਹੀਂ ਮੰਨਦਾ, ਪਰ ਖ਼ਿਆਲ ਉਹ ਵੀ ਦੇਂਦਾ ਹੈ ਕਿ ਬ੍ਰਹਮ ਦੇ ਨਾਲ ਨਾਲ ਹੀ ਸ਼ਾਂਤ ਅਨਾਦੀ ਮਾਇਆ ਮੁਢ ਤੋਂ ਚਲੀ ਆਉਂਦੀ ਹੈ। ਹੈ ਭਾਵੇਂ ਭਰਮ ਰੂਪ ਹੀ ਤੇ ਗਿਆਨ ਦਾ ਪ੍ਰਕਾਸ਼ ਹੁੰਦਿਆਂ ਹੀ ਬਿਨਸ ਜਾਏਗੀ, ਪਰ ਚਲੀ ਪਹਿਲੇ ਤੋਂ ਨਾਲ ਹੀ ਆਉਂਦੀ ਹੈ ਤੇ ਬੁਨਿਆਦੀ ਮਨੁੱਖ ਉਸਦੀ ਪ੍ਰੇਰਨਾ ਕਰਕੇ ਹੀ ਕਰਦਾ ਹੈ।

ਭਾਵੇਂ ਮਜ਼ਹਬ ਨੂੰ ਮੰਨੋ ਤੇ ਭਾਵੇਂ ਫ਼ਲਸਫ਼ੇ ਮਗਰ ਲਗੋ, ਇਹ ਮੰਨਣਾ ਹੀ ਪਵੇਗਾ ਕਿ ਮਨੁੱਖ ਨੂੰ ਬਦੀ ਵਲ ਪ੍ਰੇਰਨ ਵਾਲੀ ਸ਼ਕਤੀ, ਕੋਈ ਬੜੀ ਜ਼ਬਰਦਸਤ ਤੇ ਪੁਰਾਣੀ ਚਲੀ ਆਉਂਦੀ ਹੈ। ਆਵਾਗਵਨ ਦੇ ਕਾਇਲ, ਇਸ ਨੂੰ ਮਨੁੱਖਤਾ ਤੋਂ ਨੀਵੇਂ ਦਰਜੇ ਦੀਆਂ ਜੂਨਾਂ ਦੇ ਸਮੇਂ ਮਨੁੱਖੀ ਮਨ ਨੂੰ ਲਗਦੀ ਚਲੀ ਆ ਰਹੀ ਮੈਲ ਦਾ ਫਲ ਸਮਝਦੇ ਹਨ। ਜੋ ਸਹਿਜੇ ਸਹਿਜੇ ਸਿਆਹੀ ਦਾ ਰੂਪ ਲੈ ਚੁਕੀ ਹੈ:

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥

(ਵਾਰ ਸੋਰਠਿ, ਮ: ੩, ਪੰਨਾ ੬੫੧)

ਜੋ ਸਿਆਹੀ ਮਨੁੱਖ-ਮਨ ਦੇ ਦੁਆਲੇ ਛਾ, ਉਸ ਨੂੰ ਜੀਵਨ ਦੇ ਸਹੀ ਰਸਤਿਓਂ ਉਕਾਅ ਦੇਂਦੀ ਹੈ। ਭਾਵੇਂ ਕਿਵੇਂ ਵੀ ਹੋਵੇ ਮਨੁੱਖ ਨੂੰ ਭੁਲਾਉਣ ਦੇ ਸਾਮਾਨ ਏਥੇ ਮੌਜੂਦ ਹਨ ਤੇ ਉਹ ਕਿੰਨੇ ਵੀ ਯਤਨ ਕਰੇ ਕਦੀ ਨਾ ਕਦੀ ਭੁਲ ਹੀ ਜਾਂਦਾ ਹੈ।

ਸਤਿਗੁਰਾਂ ਨੇ ਇਸ ਖ਼ਿਆਲ ਨੂੰ ਬੜਾ ਖ਼ੂਬਸੂਰਤ ਅਲੰਕਾਰ ਦੇ ਕੇ ਬਿਆਨ ਕੀਤਾ ਹੈ। ਕਿਸੇ ਥਾਂ ਇਕ ਭਾਰਾ ਮੇਲਾ ਭਰਨਾ ਸੀ ਤੇ ਉਥੇ ਜਾਣ ਲਈ ਇਕ ਨਾਦਾਨ ਬੱਚੇ ਨੇ ਦਰਸ਼ਨ ਦੀ ਇੱਛਾ ਪ੍ਰਗਟ ਕੀਤੀ। ਬਾਪ ਮਾਸੂਮ ਬੱਚੇ ਨੂੰ ਨਾਲ ਲੈ ਤੁਰਿਆ, ਪਰ ਇਹ ਤਾਕੀਦ ਕਰ ਦਿਤੀ ਕਿ ਮੇਲੇ ਵਿਚ ਬੜੀ ਭੀੜ ਹੈ, ਥਾਂ ਥਾਂ ਤੇ ਧੱਕੇ ਲੱਗ, ਇਕ ਦੂਸਰੇ ਨਾਲੋਂ ਨਿੱਖੜ ਜਾਣ ਦਾ ਡਰ ਹੈ। ਪੁੱਤਰ! ਮੇਰੀ ਉਂਗਲੀ ਘੁੱਟ ਕੇ ਫੜ ਛੱਡੀਂ। ਕਿਤੇ ਅਜਿਹਾ ਨਾ ਹੋਵੇ ਤੂੰ ਨਿੱਖੜ ਜਾਵੇਂ, ਭੀੜ ਵਿਚ ਫਿਰ ਮਿਲਣਾ ਮੁਸ਼ਕਲ ਹੋ ਜਾਏਗਾ; ਮੇਲੇ ਵਿਚ ਥਾਂ ਥਾਂ ਤਮਾਸ਼ੇ ਹੋਣਗੇ, ਸਭ ਨੂੰ ਵੇਖਦਾ ਚਲਾ ਜਾਈਂ, ਪਰ ਕਿਸੇ ਵੱਲ ਬਹੁਤ ਤਵੱਜੋ ਨਾ ਦੇਈਂ। ਅਜਿਹੀਆਂ ਤਾਕੀਦਾਂ ਕਰ ਤੇ ਸੰਜਮ ਸਮਝਾ,

੮੪