ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/82

ਇਹ ਵਰਕੇ ਦੀ ਤਸਦੀਕ ਕੀਤਾ ਹੈ

ਜੀਵਨ ਨੂੰ ਰਸ ਰੱਖਣ ਵਾਲੀ ਮਰਯਾਦਾ ਹੈ! ਸਿੱਖ ਦੇ ਘਰ ਲੜਕਾ ਜਨਮੇਂ ਤਾਂ ਸੰਗਤ ਘਰ ਬੁਲਾਵੇ, ਜੋੜ ਮੇਲ ਕਰੇ। ਅੰਤ ਵਿਚ ‘ਅਨੰਦੁ ਭਇਆ ਮੇਰੀ ਮਾਏ' ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਜੇ ਲੜਕਾ ਪੜ੍ਹ ਕੇ ਆਏ, ਰੋਜ਼ਗਾਰ ਉਤੇ ਲਗੇ ਜਾਂ ਮੰਗਿਆ ਜਾਏ, ਤਾਂ ਵੀ ਅਨੰਦ ਪੜ੍ਹਨਾ ਤੇ ਕੜਾਹ ਵੰਡਣਾ। ਜੇ ਸਿੱਖ ਲੜਕਾ ਵਿਆਹ ਕੇ ਘਰ ਆਵੇ, ਬਹੂ ਦਾ ਡੋਲਾ ਘਰ ਵਿਚ ਅੱਪੜਦਿਆਂ ਹੀ ਬਾਹਰ ਘੋੜੇ ਤੋਂ ਉਤਰਦਾ ਨੌਜੁਆਨ ਲਾੜਾ, ਕਿਸੇ ਹਾਦਸੇ ਨਾਲ ਗੁਜ਼ਰ ਜਾਵੇ ਤਾਂ ਅਜਿਹੀ ਭਾਰੀ ਸੱਟ ਦੇ ਸਮੇਂ ਵੀ ਸਿੱਖ ਅਨੰਦ ਸਾਹਿਬ ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਆਮ ਸਿੱਖ ਇਹ ਮਰਯਾਦਾ ਇਕ ਰਸਮ ਕਰਕੇ ਨਿਭਾਂਦੇ ਹਨ, ਪਰ ਫਿਰ ਭੀ ਬਾਹਲੇ ਰਸਮ ਕਰਨ ਵਾਲਿਆਂ ਵਿਚੋਂ ਕੁਛ ਨਾ ਕੁਛ ਰਜ਼ਾ 'ਤੇ ਸ਼ਾਕਰ ਤੇ ਭਾਣਾ ਮੰਨਣ ਵਾਲੇ ਨਿਕਲ ਹੀ ਆਉਂਦੇ ਹਨ। ਏਸੇ ਹੀ ਰਸਮ ਨੂੰ ਭਾਈ ਭਿਖਾਰੀ ਗੁਜਰਾਤ ਵਾਲੇ ਨੇ ਸੱਚ ਕਰ ਦਿਖਾਇਆ ਸੀ।

੮੨