ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕਈ ਦਿਨਾਂ ਦੇ ਭੁੱਖੇ ਚਾਲੀ ਪਰਵਾਨੇ, ਸਣੇ ਕਲਗੀਆਂ ਵਾਲੇ ਪਿਤਾ ਦੇ ਘਿਰੇ ਹੋਏ ਸਨ। ਅਨੰਦਪੁਰ ਵਿਚ ਝੂਠੀ ਕਸਮ ਖਾ ਕੇ ਦਗ਼ਾ ਕਰਨ ਵਾਲੇ ਸਰਕਾਰੀ ਫ਼ੌਜੀ ਅਫ਼ਸਰਾਂ ਦੇ ਹੱਲਿਆਂ ਨੇ ਵਹੀਰ ਨੂੰ ਰਾਹ ਵਿਚ ਹੀ ਖੇਰੇ ਖੇਰੂੰ ਕਰ ਸੁੱਟਿਆ ਸੀ। ਬਿਰਧ ਮਾਤਾ ਤੇ ਛੋਟੇ ਦੋ ਸਾਹਿਬਜ਼ਾਦੇ ਫ਼ੌਜ ਨਾਲ ਨਿਖੜ ਚੁਕੇ ਸਨ ਤਾਂ ਉਨ੍ਹਾਂ ਦਾ ਅੰਤ ਹਰ ਸਿਆਣੇ ਨੂੰ ਸਮਝ ਵਿਚ ਆ ਰਿਹਾ ਸੀ। ਚਮਕੌਰ ਦੇ ਇਕ ਰਾਜਪੂਤ ਦੀ ਕੱਚੀ ਹਵੇਲੀ, ਜੋ ਕੋਹਾਂ ਤਕ ਫੈਲੀਆਂ ਹੋਈਆਂ ਦੁਸ਼ਮਣ ਫ਼ੌਜਾਂ ਨਾਲ ਘਿਰੀ ਹੋਈ ਸੀ ਤੇ ਦਿਨ ਚੜ੍ਹਦੇ ਨੂੰ ਸਿਵਾਏ ਸ਼ਹੀਦੀਆਂ ਤੋਂ ਕਿਸੇ ਸ਼ੈ ਦੀ ਆਸ ਨਹੀਂ ਸੀ। ਥੱਕੇ ਟੁੱਟੇ ਸਿਪਾਹੀ ਜ਼ਮੀਨ 'ਤੇ ਲੇਟ ਬੇ-ਸੂਰਤ ਹੋ ਸੌਂ ਗਏ। ਪਰ ਸਿਪਾਹ-ਸਿਲਾਰ ਜਾਗ ਰਿਹਾ ਸੀ। ਰਜ਼ਾ 'ਤੇ ਸ਼ਾਕਰ, ਭਾਣੇ ਦੇ ਮੰਨਣ ਵਾਲੇ ਪੂਰਨ ਪੁਰਖ ਕਿਸੇ ਰੰਗ ਵੱਲ ਆ ਅਸਮਾਨ ਵੱਲ ਤੱਕ ਰਹੇ ਸਨ। ਲਬਾਂ 'ਤੇ ਕੁਛ ਇਹੋ ਜਿਹੇ ਫ਼ਿਕਰੇ ਸਨ, “ਤੇਰੀ ਰਜ਼ਾ ਪੂਰਨ ਹੋਵੇ, ਮੇਰੇ ਨਾਲ ਜੋ ਹੋਣੀ ਹੈ ਹੋ ਲਵੇ, ਸਿਰ ਨੇਜ਼ੇ 'ਤੇ ਟੰਗ ਲੈ ਜਾਂ ਬਰਛੀ ਕਲੇਜੇ ਵਿਚ ਮਾਰ, ਮੈਨੂੰ ਰਜ਼ਾ ਵਿਚ ਜਾਨ ਦੇਣ ਦਾ ਚਾਉ ਹੈ। ਕੀ ਕਰਾਂ, ਸਿਰ ਇਕ ਹੈ, ਜੇ ਸੌ ਵੀ ਹੁੰਦੇ ਤਾਂ ਭੀ ਇਸ ਸੌਦਿਓਂ ਮਹਿੰਗੇ ਨਾ ਸਮਝਦਾ ।"

ਇਕ ਬਾਰ ਨਜ਼ਰ ਸੂਏ ਫ਼ਲਕ ਕਰਕੇ ਵੋਹ ਬਲੇ।
ਹੋਨੀ ਹੈ ਜੋ ਕੁਛ ਆਸ਼ਕੇ ਸਾਦਕ ਪੇ ਵੋਹ ਹੋ ਲੇ।
ਬਰਛੀ ਹੈ ਅਜਾਜ਼ਤ ਤੂੰ ਕਲੇਜਾ ਮੇਂ ਗੜੋਲੇ।
ਸਿਰ ਕਾਟ ਕੇ ਮੇਰਾ ਚਾਹੇ ਨੋਜ਼ੇ ਮੇਂ ਪਰੋ ਲੇ।
ਹੈ ਸ਼ੌਕ ਸ਼ਹਾਦਤ ਕਾ ਮੁਝੇ ਸਭ ਸੇ ਜ਼ਿਆਦਾ।
ਸਉ ਸਰ ਭੀ ਹੋਂ ਕੁਰਬਾਨ ਹੀ ਰਸ ਸੇ ਜ਼ਿਆਦਾ।

ਕੁਝ ਚਿਰ ਪਿਛੋਂ ਖ਼ਬਰੇ ਮਨ ਵਿਚ ਕੀ ਆਈ, ਉਠ ਕੇ ਟਹਿਲਣ ਲੱਗੇ ਤੇ ਸਾਹਿਬਜ਼ਾਦਿਆਂ ਦੇ ਸਿਰਹਾਣੇ ਖਲੋ ਬੋਲੇ, “ਕੱਲ੍ਹ ਚਾਰ ਸਨ, ਅੱਜ ਦੋ ਨੇ; ਸਵੇਰੇ ਇਹ ਵੀ ਨਹੀਂ ਰਹਿਣਗੇ; ਪਰ ਮੈਂ ਤਾਂ ਤੇਰਾ ਸ਼ੁਕਰ ਕਰਾਂਗਾ ਜਦੋਂ ਇਹ ਤੇਰੇ ਦਰ ਪਰਵਾਨ ਹੋਣਗੇ।"

ਕਲ ਚਾਰ ਥੇ ਆਜ ਦੋ ਹੈਂ ਸਹਰ ਯਹ ਭੀ ਨਾ ਹੋਂਗੇ।
ਤਉ ਸ਼ੁਕਰ ਕਰੇਂਗੇ ਹਮ ਅਗਰ ਯਹ ਭੀ ਨਾ ਹੋਂਗੇ।

(ਜੋਗੀ)

ਇਸ ਬਾਪ ਦਾ ਕਿਥੋਂ ਤਕ ਬਿਆਨ ਕੀਤਾ ਜਾਏ, ਕੁਛ ਅੰਤ ਨਹੀਂ ਆਉਂਦਾ। ਉਹਨਾਂ ਦੀ ਜ਼ਬਾਨ 'ਤੇ ਹਮੇਸ਼ਾ ਇਹੀ ਰਹਿੰਦਾ ਸੀ ਕਿ ਜੋ ਗੱਲ ਤੈਨੂੰ ਚੰਗੀ ਲੱਗੇ ਸਦਾ ਸਲਾਮਤ ਨਿਰੰਕਾਰ ਉਹੀ ਭਲੀ ਹੈ:

ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥

(ਜਪੁ ਜੀ ਸਾਹਿਬ, ਪੰਨਾ ੩)

ਸਤਿਗੁਰਾਂ ਨੇ ਭਾਣੇ ਦੇ ਅਨੁਸਾਰ ਜੀਵਨ ਬਣਾਣ ਹਿੱਤ ਸੰਗਤਾਂ ਵਿਚ ਇਕ ਖ਼ਾਸ ਰੀਤ ਚਲਾਈ ਤੇ ਉਹ ਸੀ ਰਸਮ ਦੇ ਬਾਅਦ, ਭਾਵੇਂ ਉਹ ਸ਼ਾਦੀ ਦੀ ਹੋਵੇ ਭਾਵੇਂ ਗ਼ਮੀ ਦੀ, ਅਨੰਦ ਸਾਹਿਬ ਦਾ ਕੀਰਤਨ ਕਰਨਾ ਤੇ ਕੜਾਹ ਪ੍ਰਸ਼ਾਦ ਵੰਡਣਾ, ਕਿਆ

੮੧