ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਦਸ਼ਾਹ ਨੇ ਪੁਛਿਆ, “ਇਹ ਕੀ ਕੀਤਾ ਜੇ?” ਸਰਮੱਦ ਬੋਲੇ, “ਮੈਂ ਕੀ ਕੀਤਾ ਏ! ਬੰਦਾ, ਤੇ ਕੁਛ ਕਰ ਸਕੇ, ਕੁਫ਼ਰ ਨਾ ਕਹੋ, ਜੋ ਹੋਇਆ ਹੈ ਕਾਦਰ ਨੇ ਕੀਤਾ ਹੈ।"

ਬਾਦਸ਼ਾਹ ਨੇ ਇਸ ਹਮਾਓਸਤੀ (ਸਭ ਕੁਛ ਉਹ ਹੈ) ਸੂਫ਼ੀ ਦੀ ਇਹ ਰਮਜ਼ ਸਮਝ ਕਿਹਾ, “ਜੇ ਉਸਨੇ ਤੇਰਾ ਲਿਬਾਸ ਸਾੜ ਦੇਣਾ ਸੀ ਤਾਂ ਸਾਨੂੰ ਸ਼ਰਹ ਵਿਚ ਲਿਬਾਸ ਪਹਿਨਣ ਦੀ ਤਾਕੀਦ ਕਿਉਂ ਕੀਤੀ।” ਸਰਮੱਦ ਮੁਸਕਰਾਏ ਤੇ ਕਹਿਣ ਲੱਗੇ, “ਇਹ ਤਾਂ ਗੱਲ ਹੀ ਸਿੱਧੀ ਹੈ, ਜਿਸ ਨੇ ਤੇਰੇ ਸਿਰ 'ਤੇ ਬਾਦਸ਼ਾਹੀ ਦਾ ਤਾਜ ਧਰਿਆ, ਉਸਨੇ ਹੀ ਸਾਨੂੰ ਨਗਨ ਕੀਤਾ ਹੈ। ਉਸਨੇ ਹਰ ਉਹ ਸ਼ੈ ਜੋ ਮੈਲੀ ਸੀ, ਢੱਕ ਦਿੱਤੀ ਤੇ ਸਾਨੂੰ ਬੇਐਬਾਂ ਨੂੰ ਨੰਗਿਆਂ ਕਰ ਦਿੱਤਾ:

ਹਰ ਕਿ ਤੁਰਾ ਕੁਲਾਹੇ ਸੁਲਤਾਨੀ ਦਾਦ।
ਮਾ ਗਰੀਬਾ ਰਾ ਲਿਬਾਸੈ ਪਰੇਸ਼ਾਨੀ ਦਾਦ।
ਪੋਸ਼ਾ ਨੀਦ ਲਿਬਾਸੇ ਹਰ ਆਂ ਕਿ ਰਾ ਐਬੇ ਦੀਦ।
ਮਾਹ ਬੇ ਐਬਾ ਰਾ ਲਿਬਾਸੇ ਉਰ ਆਨੀ ਦਾਦ।

ਸੰਤਾਂ ਦੀ ਗੱਲ ਭੀ ਸਹੀ ਸੀ, ਗੰਦਗੀ ਨੂੰ ਭੰਗਣਾਂ ਢੱਕ ਕੇ ਲੈ ਜਾਂਦੀਆਂ ਹਨ, ਜੇ ਅਜਿਹਾ ਨਾ ਕਰਨ ਤਾਂ ਲੋਕ ਗੁੱਸੇ ਹੁੰਦੇ ਤੇ ਕੱਜਣ 'ਤੇ ਮਜਬੂਰ ਕਰਦੇ ਹਨ ਅਤੇ ਕਸਤੂਰੀ ਦੀਆਂ ਡੱਬੀਆਂ ਖੁਲ੍ਹਵਾ ਖੁਲ੍ਹਵਾ ਸੁਗੰਧੀਆਂ ਲੈਂਦੇ ਤੇ ਚੱਟਾਨਾਂ ਤੋੜ ਤੋੜ ਲਾਲਾਂ ਨੂੰ ਬਾਹਰ ਲਿਆਉਂਦੇ ਹਨ।

ਅਭਿਆਸ ਨਾਲ ਭਾਣਾ ਮੰਨਣ ਦਾ ਸੁਭਾਅ ਬਣ ਜਾਂਦਾ ਹੈ ਤੇ ਜਗਿਆਸੂਆਂ ਨੂੰ ਇਸ ਵਿਚੋਂ ਰਸ ਆਉਣ ਲੱਗ ਪੈਂਦਾ ਹੈ। ਆਤਮਵਾਦੀਆਂ ਦਾ ਨਿਸਚਾ ਹੈ ਕਿ ਸਾਦਕਾਂ ਦੀ ਇਸ ਤਾਰ ਨੂੰ ਮੌਤ ਵੀ ਨਹੀਂ ਤੋੜ ਸਕਦੀ। ਰਵਾਇਤ ਹੈ ਕਿ ਮਜਨੂੰ ਦੇ ਮਰਨ 'ਤੇ ਲੈਲਾ ਦੀਆਂ ਸਹੇਲੀਆਂ ਨੇ ਉਸ ਨੂੰ ਤਾਹਨਾ ਦਿੱਤਾ ਤੇ ਕਿਹਾ, "ਤੂੰ ਕਹਿੰਦੀ ਸੈਂ ਕਿ ਕੈਸ ਸਾਦਕ ਹੈ, ਉਸਦਾ ਨਿਹੁੰ ਤੇਰੇ ਨਾਲ ਨਿਭੇਗਾ, ਪਰ ਅਜਿਹਾ ਹੋਇਆ ਤੇ ਨਾ। ਤੁਹਾਡੇ ਵਿਚ ਮੌਤ ਨੇ ਕੰਧ ਚਾੜ੍ਹ ਦਿਤੀ, ਕਜ਼ਾ ਦੇ ਬਲੀ ਹੱਥ ਨੇ ਵਿਛੋੜਾ ਪਾ ਹੀ ਦਿੱਤਾ।”

ਲੈਲਾ ਨੇ ਸੁਣ ਕੇ ਕਿਹਾ, “ਨਹੀਂ, ਅਜਿਹਾ ਨਹੀਂ ਹੋ ਸਕਦਾ, ਪਿਆਰ ਅਮਰ ਹੈ, ਮੌਤ ਉਸ ਨੂੰ ਜਿੱਤ ਨਹੀਂ ਸਕਦੀ। ਮਜਨੂੰ ਅੱਜ ਭੀ ਮੇਰਾ ਹੈ।" ਸਖੀਆਂ ਕਿਹਾ, “ਸਬੂਤ!”

ਲੈਲਾ ਨੇ ਕਿਹਾ, “ਚਲੋ ਕਬਰਿਸਤਾਨ ਵਿਚ।” ਸਹੇਲੀਆਂ ਰੱਲ, ਗੋਰਸਤਾਨ ਪੁੱਜੀਆਂ। ਲੈਲਾ ਦੇ ਅੰਦਰ ਪਿਆਰ ਦੀ ਕਾਂਗ ਚੜ੍ਹ ਆਈ, ਬਿਹਬਲ ਹੋਈ, ਸੱਜਲ ਨੈਣ ਨੂੰ ਮਹਿਬੂਬ ਦੀ ਕਬਰ ਦਾ ਪਤਾ ਨਾ ਲੱਗੇ, ਹਾਰ ਕੇ ਹਰ ਕਬਰ 'ਤੇ ਜਾ ਠੋਕਰ ਮਾਰ ਕਹਿਣ ਲੱਗੀ, “ਜੋ ਮੇਰਾ ਤਾਲਬ ਹੈ ਬੋਲ ਪਏ।” ਬਹੁਤ ਕਬਰਾਂ ਠੁਕਰਾਣ ਦੇ ਬਾਅਦ ਇਕ ਟੁੱਟੀ ਹੋਈ ਕਬਰ ਆਈ, ਜਦ ਲੈਲਾ ਨੇ ਉਸਨੂੰ ਠੋਕਰ ਮਾਰੀ ਤਾਂ ਕਿਆਮਤ ਜਿਹੀ ਬਰਖ਼ਾ ਹੋ ਗਈ, ਕਬਰ ਹਿੱਲੀ ਤੇ ਵਿਚੋਂ ਅਵਾਜ਼ ਆਈ, “ਕੀ ਆਗਿਆ ਹੈ? ਮੈਂ ਅੱਜ ਭੀ ਹਰ ਹੁਕਮ ਮੰਨਣ ਲਈ ਹਾਜ਼ਰ ਹਾਂ।”

੭੬