ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਪਰਵਾਰ ਵਿਚ ਟਿਕੇ ਚੰਨ ਵਾਂਗ, ਕਲਗੀਧਰ ਗ਼ਰੀਬ ਨਿਵਾਜ਼ ਬੈਠੇ ਸਨ ਤੇ ਸਾਹਮਣੇ ਬੀਰ ਬੈਰਾੜਾਂ ਦਾ ਮਸ਼ਹੂਰ ਸਰਦਾਰ ਰਾਇ ਡੱਲਾ ਸਿੰਘ ਆਪਣੀ ਤੇ ਆਪਣੇ ਸਾਥੀ ਬੈਰਾੜਾਂ ਦੀ ਬੀਰਤਾ ਦੀ ਵਡਿਆਈ ਕਰ, ਇਸ ਗੱਲ 'ਤੇ ਪਛਤਾ ਰਿਹਾ ਸੀ ਕਿ ਉਹ ਚਮਕੌਰ ਸਾਹਿਬ ਵਿਚ ਸਤਿਗੁਰਾਂ ਦੇ ਨਾਲ ਕਿਉਂ ਨਾ ਹੋਇਆ। ਜੇ ਹੁੰਦਾ ਤਾਂ ਬੈਰਾੜਾਂ ਦੀ ਤਲਵਾਰ, ਜਿਨ੍ਹਾਂ ਦੀ ਕੌਮ ਨੂੰ ਸਤਿਗੁਰਾਂ ਨੇ ਸਦਾ ਆਪਣੇ ਸਿੱਖ ਸਮਝਿਆ ਹੈ, ਸ਼ਾਇਦ ਰੇਖ ਵਿਚ ਮੇਖ਼ ਮਾਰ ਜੰਗ ਦਾ ਰੰਗ ਪਲਟਾ ਦੇਂਦੀ:

ਹਮਾ ਕੌਮੇ ਬੈਰਾੜ ਹੁਕਮੇ ਮੇਰਾ ਅਸਤ।

(ਜ਼ਫ਼ਰਨਾਮਾ ਪਾ: ੧੦)

ਡੱਲਾ ਸਿੰਘ ਮਨੁੱਖ ਸੀ, ਆਪਣੀ ਤੇ ਆਪਣੀ ਕੌਮ ਦੀ ਬੀਰਤਾ ਦੀ ਗੱਲ ਕਰਦਿਆਂ ਹੋਇਆਂ ਡੋਲ ਗਿਆ। ਸਿੱਖੀ ਦੀ ਸਹਿਜ ਅਵਸਥਾ ਤੋਂ ਉੱਖੜ, ਬਚਨਾਂ ਵਿਚ ਕੁਝ ਅਭਿਆਸ ਦੀ ਝਲਕ ਦਿਖਾਉਣ ਲੱਗਾ ਤਾਂ ਦਿਲਾਂ ਦੀ ਵੇਦਨਾ ਦੇ ਵੈਦ ਸਤਿਗੁਰਾਂ ਨੇ ਟੋਕਦਿਆਂ ਹੋਇਆਂ ਕਿਹਾ, “ਕੋਈ ਗੱਲ ਨਹੀਂ। ਤੇਰੀ ਤੇ ਤੇਰੀ ਕੌਮ ਦੀ ਬੀਰਤਾ ਵੀ ਕਦੀ ਪਰਖੀ ਜਾਸੀ।” ਇਤਨੇ ਵਿਚ ਹੀ ਇਕ ਸਿੱਖ ਨੇ ਮੱਥਾ ਟੇਕ ਬੰਦੂਕ ਭੇਟਾ ਆਣ ਧਰੀ। ਸਤਿਗੁਰਾਂ ਨੇ ਬੈਰਾੜਪਤੀ ਨੂੰ ਕਿਹਾ, “ਹੁਣ ਕੰਮ ਬਣ ਗਿਆ ਹੈ, ਜਾਓ, ਆਪਣੇ ਸੂਰਮਿਆਂ ਵਿਚੋਂ ਕਿਸੇ ਇਕ ਨੂੰ ਲਿਆ ਕੇ ਸਾਹਮਣੇ ਖਲ੍ਹਾਰੋ, ਮੈਂ ਬੰਦੂਕ ਦੀ ਮਾਰ ਪਰਖਾਂਗਾ।” ਡੱਲਾ ਸਿੰਘ ਸਤਿਗੁਰਾਂ ਦਾ ਹੁਕਮ ਸੁਣ ਆਪਣੇ ਡੇਰੇ ਗਿਆ, ਉਸ ਨੇ ਆਪਣੇ ਆਦਮੀਆਂ ਨੂੰ ਬਹੁਤ ਹੀ ਪ੍ਰੇਰਨਾ ਕੀਤੀ, ਪਰ ਜੰਗ ਦੇ ਜਾਂਬਾਜ਼ ਸਿਪਾਹੀਆਂ ਵਿਚੋਂ ਕੋਈ ਭੀ ਸਿਰ ਤਲੀ 'ਤੇ ਰੱਖ ਯਾਰ ਦੀ ਗਲੀ ਵਿਚ ਵੜਨ ਦਾ ਹੀਆ ਨਾ ਕਰ ਸਕਿਆ। ਰਾਇ ਡੱਲਾ ਨਿੰਮੋਝੂਣਾ ਜਿਹਾ ਹੋ ਸਤਿਗੁਰਾਂ ਕੋਲ ਪੁੱਜਾ ਤੇ ਉਹਨਾਂ ਨੇ ਧੀਰਜ ਦੇ ਕੇ ਕੋਲ ਬਿਠਾ ਲਿਆ ਤੇ ਆਪਣੇ ਹਜ਼ੂਰੀ ਸਿੱਖ ਨੂੰ ਕਿਹਾ, “ਜਾਓ, ਜਿਥੇ ਵਹੀਰ ਦੇ ਨਾਲ ਆਏ ਸਿੰਘ ਸਜ ਰਹੇ ਹਨ, ਉਹਨਾਂ ਨੂੰ ਖ਼ਬਰ ਦਿਉ ਕਿ ਸਾਨੂੰ ਬੰਦੂਕ ਦੀ ਮਾਰ ਪਰਖਣ ਲਈ ਇਕ ਸੂਰਮੇ ਦੀ ਛਾਤੀ ਨਿਸ਼ਾਨਾ ਕਰਨ ਦੀ ਲੋੜ ਹੈ।” ਸਤਿਗੁਰਾਂ ਦਾ ਹੁਕਮ ਮੰਨ, ਹਜ਼ੂਰੀਏ ਸਿੰਘ ਨੇ ਵਹੀਰ ਵਿਚ ਜਾ ਖ਼ਬਰ ਕੀਤੀ ਤਾਂ ਸੁਣਦਿਆਂ ਹੀ ਸਭ ਸਿੰਘ ਉਠ ਦੌੜੇ, ਭਲਾ ਮਿਰਤਕ ਸਰੀਰ ਲੈ, ਅਮਰ ਜੀਵਨ ਦੇਣ ਵਾਲੇ ਦਾਤੇ ਦੀ ਗੋਲੀ ਨੂੰ ਕੌਣ ਭੇਦਾਂ ਦਾ ਮਹਿਰਮ, ਸੀਨੇ ਵਿਚ ਖਾਣ ਲਈ ਬੇਕਰਾਰ ਨਾ ਹੁੰਦਾ:

ਤੂੰ ਅਜਬ ਖ਼ਦੰਗ ਨਿਵਾਜ਼ ਥਾ,
ਤੇਰੀ ਜਦ ਪੈ ਆਤੇ ਥੇ ਖ਼ੁਦ ਹੁਮਾ।
ਵੋਹ ਲੁਤਫ਼ ਸੇ ਕਹਿਤਾ ਥਾ, ਮਰਹਬਾ,
ਤੇਰੇ ਤੀਰ ਕਾ ਜੋ ਸ਼ਿਕਾਰ ਥਾ।

ਇਸ ਸਮੇਂ ਭਾਈ ਬੀਰ ਸਿੰਘ ਜੀ ਦਸਤਾਰਾ ਸਜਾ ਰਹੇ ਸਨ:

ਬੀਰ ਸਿੰਘ ਤੋਂ ਸਜਦ ਦਸਤਾਰਾਂ।
ਜਬੀ ਮੇਵੜੇ ਐਸ ਉਚਾਰਾ।

(ਗੁ:ਪ੍ਰ: ਸੂ:)

ਸਿੰਘਾਂ ਦੀ ਸ਼ਰੀਅਤ, ਰਹਿਤ ਮਰਯਾਦਾ ਵਿਚ, ਕਿਸੇ ਸਿੰਘ ਨੂੰ ਚਿਣ ਕੇ

੭੪