ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਜੀਵਨ ਦੀ ਸਿਖਰ ਵੱਲ, ਤੁਰੀ ਗਿਆ। ਚਲਿਆ ਰਤਾ ਚਿਰਾਕਾ ਸੀ, ਰਫ਼ਤਾਰ ਤੇਜ਼ ਰਖੀਓਸੁ, ਪੁੱਜਾ ਮੰਜ਼ਲ 'ਤੇ, ਮਾਹੀ ਦਾ ਮੇਲ ਹੋਇਆ। ਗਲਵਕੜੀ ਪਈ ਤੇ ਲਹਿਣਾ ਅੰਗਦ ਹੋ ਗਿਆ:

ਇਸ਼ਕ ਕੀ ਭਠੀ ਮੇਂ ਜਿਸਮ ਢਾਲ ਕਰ ਕੁੰਦਨ ਕੀਆ॥
ਲਹਿਣੇ ਸੇ ਅੰਗਦ ਬਨਾ ਅੰਗਦ ਸੇ ਅਲਾਹ ਕਰ ਦੀਆ॥

ਸ੍ਰੀ ਚੰਦ ਫ਼ਕੀਰ ਤੇ ਅੰਗਦ ਪੀਰ ਹੋਇਆ। ਫ਼ਕੀਰੀ ਤਪੱਸਿਆ ਵਿਚ ਅਤੇ ਪੀਰੀ ਹੁਕਮ ਮੰਨਣ ਵਿਚ ਸੀ। ਜੋ ਹੁਕਮੋਂ-ਉਕਿਆ ਉਹ ਪੀਰੀਓਂ ਰਿਹਾ, ਜਿਨ ਜਾਤਾ ਉਨ ਪਾ ਲਈ:

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੁ ਮੁਰਟੀਐ॥

(ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੭)

ਹੁਕਮ ਦੇ ਇਹ ਅਭਿਆਸੀ ਕਈ ਵੇਰ ਰਮਜ਼ਾਂ ਨੂੰ ਬੁੱਝਦੇ ਤੇ ਇਸ਼ਾਰਿਆਂ 'ਤੇ ਚਲਦੇ ਹਨ। ਲਿਖਿਆ ਹੈ ਕਿ ਦਿੱਲੀ ਵਾਲੇ ਨਜ਼ਾਮ-ਉਦ-ਦੀਨ ਔਲੀਆ ਜਦ ਆਪਣੇ ਮੁਰਸ਼ਦ ਕੋਲ ਟਿਕ ਰਜ਼ਾ ਮੰਨਣ ਦਾ ਅਭਿਆਸ ਕਰਦੇ ਸਨ ਤਾਂ ਇਕ ਵੇਰ ਇਤਫ਼ਾਕ ਨਾਲ ਉਹਨਾਂ ਦੇ ਪਜਾਮੇ ਦਾ ਨਾਲਾ ਹੇਠਾਂ ਲਮਕ ਰਿਹਾ ਸੀ, ਜਦ ਗੁਰਦੇਵ ਦੀ ਨਿਗਾਹ ਪਈ ਤਾਂ ਉਹਨਾਂ ਰਤਾ ਤਾੜ ਕੇ ਕਿਹਾ, “ਦਰਵੇਸ਼ਾਂ! ਅਜ਼ਾਰਬੰਦ (ਨਾਲਾ) ਸੰਭਾਲ।” ਫ਼ਕੀਰ ਨੂੰ ਨਾਲਾ ਕੱਸ ਕੋ ਬੰਨ੍ਹਣਾ ਚਾਹੀਦਾ ਹੈ। ਪੀਰ ਦੇ ਇਸ ਬਚਨ ਨੂੰ ਮੁਰੀਦ ਨੇ ਖ਼ਾਸ ਇਸ਼ਾਰਾ ਸਮਝਿਆ ਤੇ ਸਾਰੀ ਉਮਰ ਸ਼ਾਦੀ ਨਾ ਕਰਾਈ। ਭਾਵੇਂ ਹੈ ਤਾਂ ਪੁਰਾਣਕ ਪਰ ਹੈ ਬੜਾ ਸੁਆਦਲਾ ਪ੍ਰਮਾਣ, ਰਜ਼ਾ ਮੰਨਣ ਦੇ ਅਭਿਆਸ ਦਾ। ਲਿਖਿਆ ਹੈ ਕਿ ਜਦ ਰਾਮਚੰਦਰ ਜੀ ਰਾਵਣ ਨੂੰ ਮਾਰ, ਸੀਤਾ ਜੀ ਨੂੰ ਵਾਪਸ ਲਿਆ ਕੇ, ਅਯੁਧਿਆ ਆਣ ਟਿਕੇ ਤਾਂ ਉਹਨਾਂ ਦਾ ਅਨਿੰਨ ਭਗਤ ਹਨੂੰਮਾਨ ਭੀ ਨਾਲ ਹੀ ਅਯੁਧਿਆ ਆ ਰਿਹਾ। ਇਕ ਦਿਨ ਸੁਹਾਗਣ ਸੀਤਾ ਜੀ ਦੇਸ਼ ਦੇ ਰਿਵਾਜ ਅਨੁਸਾਰ ਆਪਣੀ ਮਾਂਗ ਵਿਚ ਸੰਧੂਰ ਭਰ ਰਹੇ ਸਨ। ਹਨੂੰਮਾਨ ਜੀ ਨੇ ਭੋਲੇ ਭਾਇ ਪੁਛਿਆ, “ਮਾਤਾ! ਤੁਸੀਂ ਵਾਲਾਂ ਵਿਚ ਸੰਧੂਰ ਕਿਉਂ ਲਗਾ ਰਹੇ ਹੋ?” ਸੀਤਾ ਜੀ ਨੇ ਪਿਆਰ ਨਾਲ ਕਿਹਾ, “ਬੇਟਾ! ਤੇਰੇ ਪਿਤਾ ਇਸ ਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ। ਭਗਤ ਹਨੂੰਮਾਨ ਨੇ ਪ੍ਰੀਤਮ ਦੀ ਪ੍ਰਸੰਨਤਾ ਦੀ ਗੱਲ ਸੁਣ ਸਾਰੇ ਹੀ ਪਿੰਡੇ 'ਤੇ ਸੰਧੂਰ ਮਲ ਲਿਆ ਤੇ ਅੱਜ ਤਕ ਵੀ ਉਹਨਾਂ ਦੀ ਮੂਰਤੀ ਸੰਧੂਰ ਨਾਲ ਹੀ ਰੰਗੀ ਜਾਂਦੀ ਹੈ। ਰਜ਼ਾ ਦੇ ਇਹ ਅਭਿਆਸੀ ਬਹੁਤ ਵੇਰ, ਪਰ ਭੋਲੇ ਭਾਇ ਹੁਕਮ ਮੰਨਣ ਵਿਚ ਕਰਮ-ਕਾਂਡ, ਸ਼ਰੀਅਤਾਂ, ਰੀਤਾਂ ਤੇ ਰਸਮਾਂ ਨੂੰ ਲੰਘ ਤੁਰਦੇ ਹਨ। ਹਾਫ਼ਜ਼ ਸ਼ੀਰਾਜ਼ੀ ਲਿਖਦੇ ਹਨ, “ਜੇ ਮੁਰਸ਼ਦ ਕਹਿਣ ਤਾਂ ਤੂੰ ਆਪਣਾ ਮੁਸੱਲਾ ਵੀ ਸ਼ਰਾਬ ਨਾਲ ਰੰਗ ਲੈ, ਕਿਉਂ ਜੋ ਰਾਹ ਦੱਸਣ ਵਾਲੇ ਨੂੰ ਵਾਟ ਦੇ ਉਚਾਣ-ਨੀਵਾਣ ਦਾ ਪਤਾ ਹੁੰਦਾ ਹੈ।

ਬਮਏ ਸੱਜ਼ਾਦਾ ਦਾ ਰੰਗੀ ਕੁੰਨ ਅਗਰ ਪੀਰੋ ਮੁਗ਼ਾਂ ਗੋਇਦ।
ਕਿ ਸਾਲਕ ਬਖ਼ਬਰ ਨਾ ਬਵੱਦ ਜ਼ਿਰਾਹੋ ਰਸਮੇ ਮੰਜ਼ਿਲ ਹਾ।

ਮਾਲਵੇ ਦੇ ਰੇਤ-ਥਲ 'ਤੇ ਸਿਖ ਸੰਗਤਾਂ ਦੇ ਜੁੜੇ ਦੀਵਾਨ ਵਿਚ, ਤਾਰਿਆਂ

੭੩