ਸੰਸਾਰ ਦੀ ਕਿਹੜੀ ਉੱਚ-ਵਿੱਦਿਆ ਹੈ, ਜੋ ਭਾਰੇ ਅਭਿਆਸ ਬਿਨਾਂ ਪ੍ਰਾਪਤ ਹੋ ਸਕੇ, ਤੇ ਜੀਵਨ ਜੁਗਤੀ ਤਾਂ ਸਭ ਤੋਂ ਉਚੇਰੀ ਚੀਜ਼ ਹੈ। ਫਿਰ ਇਹ ਭਾਰੀ ਘਾਲ ਕਿਉਂ ਨਾ ਮੰਗੇ, ਜੀਂਵਦਿਆਂ ਮਰ ਰਹਿਣ ਦੀ ਜਾਚ ਸਿੱਖਣੀ, ਹੈ ਤਾਂ ਅਤਿ ਕਠਨ, ਪਰ ਜੇ ਆ ਜਾਵੇ ਤਾਂ ਮੌਤ ਪਿਛੋਂ ਅਮਰ ਜੀਵਨ ਲਭਦਾ ਹੈ। ਜਨਮ ਸਾਖੀ ਵਿਚ ਆਇਆ ਹੈ, ਜਦ ਮੁਸਲਮਾਨ ਸੂਫ਼ੀ ਦਰਵੇਸ਼ਾਂ ਨੇ ਬਾਬਾ ਨਾਨਕ ਜੀ ਤੋਂ ਪੁਛਿਆ, “ਫ਼ਕੀਰੀ ਦਾ ਆਦਿ ਕੀ ਹੈ ਤੇ ਅੰਤ ਕੀ?" ਤਾਂ ਬਾਬਾ ਜੀ ਨੇ ਉੱਤਰ ਦਿੱਤਾ, "ਫ਼ਕੀਰੀ ਦਾ ਆਦਿ ਫ਼ਨਾਹ ਹੈ ਤੇ ਅੰਤ ਬਕਾ।” ਆਰੰਭ ਮੌਤ ਤੇ ਅੰਤ ਅਮਰ ਪਦ। ਇਹ ਮਰਨ ਜਾਚ ਆਸਾਨੀ ਨਾਲ ਨਹੀਂ ਆ ਸਕਦੀ। ਮਿੱਟੀ ਦੀ ਮੜੋਲੀ ਨਾਲ ਮੋਹ ਪਾਈ ਬੈਠਾ ਮਨੁੱਖ, ਮਰਨ ਤੋਂ ਡਰਦਾ ਹੈ। ਡਰ ਕੇ ਕਾਇਰ ਹੋਇਆ ਹੋਇਆ, ਮਰਨ ਤੋਂ ਪਹਿਲਾਂ ਰੋਜ਼ ਮਰਦਾ ਤਾਂ ਹੈ ਪਰ ਮਰਨ ਨਹੀਂ ਜਾਣਦਾ, ਕੋਈ ਸੂਰਮੇ ਮਨੁੱਖ ਹੀ ਮਰਨ ਜਾਣਦੇ ਹਨ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥
(ਸਲੋਕ ਕਬੀਰ ਜੀ, ਪੰਨਾ ੧੩੬੫)
ਕਿਸੇ ਮਹਿਫ਼ਲ ਵਿਚ ਇਕ ਮੌਲਵੀ ਸਾਹਿਬ ਵਾਅਜ਼ ਫ਼ੁਰਮਾ ਰਹੇ ਸਨ। ਉਹ ਬਾਰ ਬਾਰ ਮੌਤ ਦਾ ਭੈ ਦੇਂਦੇ ਤੇ ਦੋਜ਼ਖ਼ ਦੀ ਅੱਗ ਤੋਂ ਡਰਾਉਂਦੇ ਸਨ। ਇਕ ਹਿੰਦੂ ਨੇ ਸੁਣ ਕੇ ਕਿਹਾ, “ਮੀਆਂ ਇਹ ਕੀ ਕਿੱਸੇ ਛੇੜੇ ਨੀ? ਮਰਨ ਦੀਆਂ ਗੱਲਾਂ ਕੀ ਕਰਨਾ ਏਂ? ਇਹ ਤੇ ਮੈਨੂੰ ਅਗੇ ਹੀ ਪਤਾ ਹੈ ਕਿ ਇਕ ਦਿਨ ਮਰ ਜਾਸਾਂ।”
ਮੈਂ ਅੰਜਾਮ ਅਪਨੇ ਸੇ ਅਗਾਹ ਹੂੰ ਨਾਸੇਹ
ਕਿ ਇਕ ਰੋਜ਼ ਮਰ ਜਾਊਂਗਾ ਬਸ ਯਹੀ ਨਾ।
ਮੈਨੂੰ ਮਰਨ ਦੇ! ਸ਼ਾਇਦ ਉਥੋਂ ਹੀ ਜੀਵਨ ਲਭੇ ਕਿਉਂਕਿ ਡਿਗਿਆਂ ਨੂੰ ਹੀ ਉਠਣ ਦੇ ਬਲ ਸੁਝਦੇ ਹਨ। ਰੋਕਾਂ ਹੀ ਉੱਦਮ ਦੇਂਦੀਆਂ, ਪਸਤੀਆਂ ਹੀ ਉਠਾਂਦੀਆਂ ਤੇ ਤਨੱਜ਼ਲੀਆਂ (ਗਿਰਾਵਟਾਂ) ਹੀ ਤਰੱਕੀ ਦੇ ਰਾਹ ਖੋਲ੍ਹਦੀਆਂ ਹਨ:
ਤਨੱਜ਼ਲ ਕੀ ਮੈਂ ਇਨਤਹਾ ਚਾਹਤਾ ਹੂੰ।
ਕਿ ਸ਼ਾਇਦ ਵਹੀਂ ਹੋ ਤਰੱਕੀ ਕਾ ਜ਼ੀਨਾ।
ਸੋ ਮਹਾਂਪੁਰਖ ਮੌਤ ਤੋਂ ਜ਼ਿੰਦਗੀ ਲਭਦੇ ਹਨ, ਉਨ੍ਹਾਂ ਦੀ ਮੌਤ ਸਰੀਰ ਦੇ ਵਿਛੋੜੇ ਤੋਂ ਸ਼ੁਰੂ ਨਹੀਂ ਹੁੰਦੀ, ਮੈਂ ਮੇਰੀ ਦੀ ਤਿਆਗ ਤੋਂ ਆਰੰਭ ਹੁੰਦੀ ਹੈ। ਉਹ ਮਹਾਂ ਬਲੀ ਮੋਹ ਨਾਲ ਲੜਦੇ ਹਨ, ਹਉਮੈ ਨੂੰ ਪਛਾੜਦੇ ਹਨ ਤੇ ਓੜਕ ਮੇਰ ਮੇਰ ਮੁਕਾ, ਮੈਂ ਤੂੰ ਦੀ ਹੱਦ ਟਪ, ਪਰਮ ਆਪੇ ਵਿਚ ਆਪਾ ਸਮਾ ਲੈਂਦੇ ਹਨ:
ਉਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ॥
ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ॥
(ਧਨਾਸਰੀ ਮ: ੫, ਪੰਨਾ ੬੭੨)
ਜਿਸ ਤਰ੍ਹਾਂ ਹਰ ਵਿਗਿਆਨਕ ਵੱਡੀਆਂ ਕਾਢਾਂ ਜਗਤ ਦੇ ਸਾਹਮਣੇ ਧਰਨ
੭੧