ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/7

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਹ ਸੰਗਤ 'ਤੇ ਨਿਰਭਰ ਹੈ, ਜੇ ਸੰਗਤ ਚੰਗੀ ਮਿਲੇ ਤਾਂ ਫਲ ਚੰਗਾ ਤੇ ਜੇ ਮਾੜੀ ਮਿਲੇ ਤਾਂ ਫਲ ਮਾੜਾ। ਸੰਗਤ ਦੇ ਸ਼ੁਭ ਅਸ਼ੁਭ ਹੋਣ ਨਾਲ ਹੀ ਮਨੁੱਖੀ ਜੀਵਨ ਦੇ ਚੜ੍ਹਾਅ ਜਾਂ ਉਤਾਰ ਦਾ ਤਅੱਲਕ ਹੈ। ਜੇ ਚੰਗੀ ਸੰਗਤ ਮਿਲ ਗਈ ਤਾਂ ਚੜ੍ਹ ਗਿਆ, ਜੇ ਖੋਟੀ ਮਿਲੀ ਤਾਂ ਡਿਗ ਪਿਆ। ਜੀਵਨ ਖੇਤਰ ਵਿਚ ਅਜਿਹਾ ਹੁੰਦਾ ਰੋਜ਼ ਦਿਸ ਆਂਵਦਾ ਹੈ। ਕਿਸੇ ਪਾਸੇ ਮਨੁੱਖੀ ਜੀਵਨ ਚੜ੍ਹਾਈ ਵੱਲ ਛਾਲਾਂ ਮਾਰਦਾ ਜਾਂਦਾ ਦੇਖੀਦਾ ਹੈ, ਤੇ ਦੂਜੇ ਪਾਸੇ ਪਰਬਤ ਤੋਂ ਢਲਦੇ ਪਾਣੀ ਦੀ ਤੇਜ਼ੀ ਵਾਂਗ ਡਿੱਗ ਰਿਹਾ। ਇਹ ਸੰਗਤ ਦਾ ਹੀ ਫਲ ਹੁੰਦਾ ਹੈ। ਜੇ ਕੰਗਾਲਾਂ ਦੇ ਪੁੱਤਰ ਧਨੀ, ਅਨਪੜ੍ਹਾਂ ਦੇ ਚਤੁਰ, ਕਾਇਰਾਂ ਦੇ ਬੀਰ ਤੇ ਬਦਾਂ ਦੇ ਭਲੇ ਹੋ ਜਾਂਦੇ ਦਿਸ ਆਉਂਦੇ ਹਨ ਤਾਂ ਉਹ ਕੇਵਲ ਚੰਗੀ ਸੰਗਤ ਦੇ ਆਸਰੇ, ਤੇ ਜਦੋਂ ਇਸ ਦੇ ਐਨ ਉਲਟ ਧਨੀਆਂ ਦੇ ਕੰਗਾਲ, ਚਾਤਰਾਂ ਦੇ ਮੂਰਖ, ਬੀਰਾਂ ਦੇ ਕਾਇਰ ਤੇ ਨੇਕਾਂ ਦੇ ਬਦ ਮਿਲਣ ਤਾਂ ਨਿਸ਼ਚੇ ਇਹ ਕੁਸੰਗਤ ਦਾ ਹੀ ਫਲ ਹੁੰਦਾ ਹੈ। ਖੋਟੀਆਂ ਸੰਗਤਾਂ ਵਿਚ ਬੈਠੇ ਹੋਏ ਇਨਸਾਨ, ਜੀਵਨ ਰਾਸ ਹੀ ਗਵਾ ਬਹਿੰਦੇ ਹਨ। ਕਬੀਰ ਸਾਹਿਬ ਦੇ ਬਚਨ ਅਨੁਸਾਰ ਕੁਸੰਗਤ ਦੀ ਮਾਰ ਮਨੁੱਖ ਨੂੰ ਅਜਿਹੀ ਪੈਂਦੀ ਹੈ, ਜਿਸ ਤਰ੍ਹਾਂ ਬੇਰੀ ਦੇ ਬੂਟੇ ਦੇ ਪਾਸ ਉੱਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਉਂ ਜਿਉਂ ਬੇਰੀ ਪਸਰਦੀ ਹੈ, ਉਹ ਗ਼ਰੀਬ ਚੀਰੀਦਾ ਹੈ। ਅਮਲੀਆਂ ਤੇ ਸ਼ਰਾਬੀਆਂ ਦੀ ਕੁਸੰਗਤ ਬੜੇ ਬੜੇ ਪਰਹੇਜ਼ਗਾਰਾਂ ਨੂੰ ਗਿਰਾ ਦੇਂਦੀ ਹੈ। ਨੀਤੀ ਵਿਚ ਲਿਖਿਆ ਹੈ ਕਿ ਮਨੁੱਖ ਸ਼ੇਰਾਂ ਨਾਲ ਭਰੇ ਹੋਏ ਬਣ ਵਿਚ ਤਾਂ ਭਾਵੇਂ ਵੱਸ ਪਵੇ, ਡੂੰਘੇ ਪਾਣੀ ਵਿਚ ਧਸ ਜਾਵੇ, ਭਾਵੇਂ ਬਿੱਛੂ ਨੂੰ ਹੱਥ ਵਿਚ ਫੜ ਲਵੇ, ਕੰਨ ਖਜੂਰੇ ਨੂੰ ਕੰਨ ਵਿਚ ਦਿਵਾ ਲਏ, ਸੱਪ ਦੇ ਮੂੰਹ ਵਿਚ ਉਂਗਲੀ ਦੇ ਦੇਵੇ, ਪਹਾੜ ਤੋਂ ਛਾਲ ਮਾਰ ਲਵੇ ਤੇ ਆਰੇ ਹੇਠਾਂ ਭਾਵੇਂ ਚਿਰ ਜਾਏ, ਪਰ ਮੂਰਖ ਦੀ ਸੰਗਤ ਨਾ ਕਰੇ:

ਸਿੰਘਨ ਕੇ ਬਨ ਮੇ ਬਸੀਏ ਘਸੀਏ,
ਕਰ ਮੇਂ ਬਿਛੂਵਾ ਗਹਿ ਲੀਜੇ।
ਕਾਨ ਖਜੂਰ ਪ੍ਰਵੇਸ ਕਰਾਇ ਕਿ,
ਸਾਂਪ ਕੇ ਮੁਖ ਮੇਂ ਉਂਗਰੀ ਦੀਜੇ।
ਗਿਰ ਤੇ ਗਿਰੀਏ ਅਗ ਮੇ ਜਰੀਏ,
ਔਰ ਆਰੀ ਕੇ ਘਾਵ ਅਨੇਕ ਸਹੀਜੇ।
ਏਤੇ ਤੋ ਕਸ਼ਟ ਅਨੰਤ ਸਹੋ,
ਪਰ ਮੂਰਖ ਮੀਤ ਕੋ ਸੰਗ ਨ ਕੀਜੇ।

ਕੁਸੰਗਤ ਇਨਸਾਨ ਨੂੰ ਮਾਰਦੀ ਹੈ ਤੇ ਸ਼ੁੱਭ ਸੰਗਤ ਜੀਵਾਂਦੀ ਹੈ। ਸ਼ੁੱਭ ਸੰਗਤ ਕੀ ਹੈ? ਇਸ ਦਾ ਉੱਤਰ ਸਤਿਗੁਰੂ ਇਸ ਤਰ੍ਹਾਂ ਦੇਂਦੇ ਹਨ ਕਿ ਉਤਮ ਸੰਗਤ ਉਹ ਹੈ, ਜਿਸ ਕਰਕੇ ਮਨੁੱਖ ਗੁਣਾਂ ਵੱਲ ਧਾਂਵਦਾ ਹੈ ਤੇ ਔਗੁਣਾਂ ਨੂੰ ਧੋ ਕੇ ਬਾਹਰ ਕੱਢਦਾ ਹੈ। ਇਹ ਗੁਣਾਂ ਵੱਲ ਧਾਵਣਾ ਮਨੁੱਖ ਦਾ ਸੁਭਾਵਕ ਕਰਤਬ ਹੈ। ਸੋ ਜਿਉਂ ਜਿਉਂ ਉਹ ਗੁਣਾਂ ਵੱਲ ਵਧਦਾ ਜਾਏਗਾ ਤਿਉਂ ਤਿਉਂ ਉਚੇਰਾ ਹੋਵੇਗਾ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਤੋਂ ਪਤਾ ਲਗਦਾ ਹੋਵੇ ਕਿ ਗਿਰੇ ਤੋਂ ਗਿਰੇ ਹੋਏ ਮਨੁੱਖ ਭੀ ਭਲੀ ਸੰਗਤ ਮਿਲਣ ਕਰਕੇ ਬਹੁਤ ਉਚੇਰੇ ਹੋ