ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਇਕ ਚਾਲ ਹੋਣਾ ਜ਼ਰੂਰੀ ਹੈ। ਜੇ ਕੁਝ ਪੁਰਜ਼ੇ ਢਿੱਲੇ ਹੋਣ ਜਾਂ ਬਾਹਲੇ ਕੱਸੇ ਜਾਣ ਕਰਕੇ ਆਪਣੀ ਚਾਲ ਨੂੰ ਕੇਂਦਰੀ ਚਾਲ ਤੋਂ ਵੱਧ ਘੱਟ ਕਰਨ ਤਾਂ ਮਸ਼ੀਨਰੀ ਜ਼ਰੂਰ ਖ਼ਰਾਬ ਹੋ ਜਾਂਦੀ ਹੈ ਤੇ ਆਖ਼ਰ ਕਾਰੀਗਰਾਂ ਨੂੰ ਅਜਿਹੇ ਪੁਰਜ਼ੇ ਦਰੁਸਤ ਕਰਨੇ ਜਾਂ ਕਢ ਦੇਣੇ ਪੈਂਦੇ ਹਨ। ਕੇਂਦਰ ਦੀ ਚਾਲ ਨਾਲ ਆਪਣੀ ਚਾਲ ਨੂੰ ਮਿਲਾਉਣ ਦਾ ਨਿਯਮ ਨਿਰਾ ਮਸ਼ੀਨਰੀ ਵਿਚ ਹੀ ਕੰਮ ਨਹੀਂ ਕਰਦਾ, ਸਗੋਂ ਸੰਸਾਰ ਦੇ ਵਡੇ ਵਡੇ ਕਾਰਖ਼ਾਨੇ ਵੀ ਏਸੇ ਹੀ ਨਿਯਮ 'ਤੇ ਚਲ ਸਫਲ ਹੋ ਰਹੇ ਹਨ।

ਪੰਜਾਬ ਦੇ ਗਰਮੀ ਦੇ ਮੌਸਮ, ਕੋਠੇ 'ਤੇ ਮੰਜੀਆਂ ਵਿਛਾ ਲੇਟੇ ਪਏ ਲੋਕ, ਹਨੇਰੀ ਰਾਤ ਨੂੰ ਜਦ ਕੋਈ ਤਾਰਾ ਟੁੱਟਦਾ ਦੇਖਦੇ ਹਨ ਤਾਂ ਅਸਚਰਜ ਹੋ ਰੱਬ ਰੱਬ ਕਰ ਉੱਠਦੇ ਹਨ। ਹੈਰਾਨ ਹੋਣ ਭੀ ਕਿਉਂ ਨਾ, ਟੁੱਟਣ ਵਾਲਾ ਤਾਰਾ ਜੋ ਇਕ ਅੱਖ ਦੇ ਪਲਕਾਰੇ ਦੀ ਚਮਕ ਵਿਖਾ ਜ਼ੱਰਾ ਜ਼ੱਰਾ ਹੋ ਫ਼ਿਜ਼ਾ ਵਿਚ ਸਮਾ ਗਿਆ। ਅਸਲ ਵਿਚ ਸਾਡੀ ਧਰਤੀ ਵਰਗੀ ਕੋਈ ਧਰਤੀ, ਚੰਨ ਵਰਗਾ ਕੋਈ ਚੰਨ ਜਾਂ ਸੂਰਜ ਸੀ, ਜੋ ਘੱਟ ਤੋਂ ਘੱਟ ਸਾਡੀ ਧਰਤੀ ਜਿੱਡਾ ਜ਼ਰੂਰ ਸੀ, ਤਾਂ ਵੀ ਉਸ ਵਿਚ ਏਸ਼ੀਆ, ਯੂਰਪ, ਅਮਰੀਕਾ, ਅਫ਼ਰੀਕਾ ਵਰਗੇ ਕਈ ਦੀਪ, ਦੀਪਾਂ ਵਿਚ ਕਈ ਦੇਸ਼, ਦੇਸ਼ਾਂ ਵਿਚ ਕਈ ਸ਼ਹਿਰਾਂ, ਸ਼ਹਿਰਾਂ ਵਿਚ ਕਈ ਆਲੀਸ਼ਾਨ ਮਹਲ, ਮਹਲਾਂ ਵਿਚ ਕਈ ਸੁੰਦਰ ਵਾਸੀ, ਸਮੁੰਦਰ, ਪਹਾੜ, ਨਦੀਆਂ, ਨਾਲੇ, ਚਸ਼ਮੇ, ਝੀਲਾਂ, ਨਹਿਰਾਂ, ਡੰਡੀਆਂ, ਰਾਹ, ਸੜਕਾਂ, ਜੀਅ- ਜੰਤ, ਕੀੜੇ-ਮਕੌੜੇ ਬੇਅੰਤ ਸਮਾਜ ਅੱਖ ਦੇ ਪਲਕਾਰੇ ਵਿਚ ਕਿਉਂ ਨਸ਼ਟ ਹੋ ਗਏ? ਇਸ ਦਾ ਜੁਆਬ ਵਿਗਿਆਨਕ ਇਕੋ ਹੀ ਦੇਂਦਾ ਹੈ ਕਿ ਟੁੱਟਣ ਵਾਲੇ ਤਾਰੇ ਦੀ ਚਾਲ ਵਿਚ ਫ਼ਰਕ ਆ ਗਿਆ, ਉਹ ਨਿਜ਼ਾਮ ਸ਼ਮਸੀ ਦੀ ਕੇਂਦਰੀ ਚਾਲ ਨਾਲ ਰਲ ਕੇ ਤੁਰਨੋਂ ਰਹਿ ਗਿਆ। ਇਸ ਕਰਕੇ ਕੁਦਰਤ ਵਲੋਂ ਮਿਟਾ ਦਿੱਤਾ ਗਿਆ, ਕੇਂਦਰ ਨਾਲ ਰਲ ਕੇ ਹੀ ਬਚ ਸਕਦਾ ਸੀ, ਚਾਲੋਂ ਉਖੜਿਆ ਤੇ ਗਿਆ।

ਜਿਸ ਤਰ੍ਹਾਂ ਪੁਰਜ਼ਿਆਂ ਨੂੰ ਮਸ਼ੀਨ ਦੇ ਕੇਂਦਰ ਨਾਲ, ਸਿਤਾਰਿਆਂ ਨੂੰ ਸੂਰਜ ਨਾਲ, ਦਰਖ਼ਤ ਦੇ ਹਰ ਪੱਤੇ ਨੂੰ ਜੜ੍ਹ ਨਾਲ ਆਪਣੀ ਚਾਲ ਰਲਾ ਕੇ ਤੁਰਿਆਂ ਹੀ ਸਹੀ ਜੀਵਨ ਮਿਲ ਸਕਦਾ ਹੈ, ਓਦਾਂ ਹੀ ਮਨੁੱਖ ਨੂੰ ਭੀ ਮਾਲਕ ਦੀ ਰਜ਼ਾ ਨਾਲ ਮਿਲ ਕੇ ਚਲਿਆਂ ਹੀ ਮਾਣ ਮਿਲ ਸਕਦਾ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਪਛਾਤਾ ਹੈ, ਉਹਨਾਂ ਨੇ ਜੀਵਨ ਭਰ ਆਪਣੀ ਚਾਲ ਸੰਜਮ ਵਿਚ ਰਖਣ ਦਾ ਜਤਨ ਕੀਤਾ ਹੈ। ਅਜਿਹੇ ਲੋਕ ਹੀ ਭਾਣਾ ਮੰਨਣ ਵਾਲੇ ਸਾਬਰ ਤੇ ਸ਼ਾਕਰ ਰਹਿ, ਜੀਵਨ ਦੀ ਸਫਲਤਾ ਨੂੰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੇ ਉਸਦੀ ਰਜ਼ਾ ਨੂੰ ਪਛਾਤਾ ਹੈ, ਉਹਨਾਂ ਆਪਣਾ ਅਭਿਮਾਨ ਤਜ, ਜੋ ਕੁਝ ਪ੍ਰਭੂ ਵਲੋਂ ਹੋਇਆ ਉਸ ਨੂੰ ਭਲਾ ਕਰ ਮੰਨਿਆ ਹੈ। ਦਿਨ ਰਾਤ ਉਸਦੀ ਵਡਿਆਈ ਕਰ ਲੰਘਾਇਆ ਹੈ, ਉਹਨਾਂ ਨੂੰ ਹੀ ਜੀਵਨ ਦਾ ਪੂਰਨ ਸੁਆਦ ਪ੍ਰਾਪਤ ਹੋਇਆ ਹੈ:

ਹੋਵੈ ਸੋਈ ਭਲ ਮਾਨੁ॥ ਆਪਨਾ ਤਜਿ ਅਭਿਮਾਨੁ॥
ਦਿਨੁ ਰੈਨਿ ਸਦਾ ਗੁਨ ਗਾਉ ॥ ਪੂਰਨ ਇਹੀ ਸੁਆਉ॥

(ਰਾਮਕਲੀ ਮ: ੫, ਪੰਨਾ ੮੯੫)

ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਅਜਿਹੇ ਆਦਮੀਆਂ ਤੋਂ ਕੁਰਬਾਨ ਹਾਂ:

ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ॥

(ਭਾਈ ਗੁਰਦਾਸ ਜੀ, ਵਾਰ ੧੨, ਪਉੜੀ ੩)

੬੯