ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਣਾ

ਜਗਤ-ਰਚਨਾ ਵਿਚ ਇਹ ਨਿਯਮ ਸਾਫ਼ ਵਰਤਦਾ ਦਿੱਸ ਆਉਂਦਾ ਹੈ ਕਿ ਹਰ ਕੰਮ ਦੇ ਪਿਛੇ ਕੋਈ ਨਾ ਕੋਈ ਇਰਾਦਾ ਹੁੰਦਾ ਹੈ। ਸੰਸਾਰ ਦੀ ਕੋਈ ਵੀ ਹਰਕਤ ਇਰਾਦੇ ਤੋਂ ਖ਼ਾਲੀ ਨਹੀਂ। ਕੀੜੀ ਤੋਂ ਲੈ ਹਸਤੀ ਤਕ, ਜ਼ੱਰੇ ਤੋਂ ਲੈ ਪਹਾੜ ਤਕ ਅਤੇ ਕਤਰੇ ਤੋਂ ਲੈ ਸਾਗਰ ਤਕ, ਇਹੋ ਹੀ ਧਾਰਨਾ ਦਿਸ ਆਉਂਦੀ ਹੈ। ਇਰਾਦੇ ਦੇ ਅਧਾਰ 'ਤੇ ਹੀ ਕੰਮ ਦੀ ਸੂਰਤ ਪਰਖੀ ਜਾਂਦੀ ਹੈ। ਅਦਾਲਤਾਂ ਵੀ ਮੁਜਰਮਾਂ 'ਤੇ ਚੱਲਿਆਂ ਹੋਇਆਂ ਮੁਕੱਦਮਿਆਂ ਵਿਚ ਇਰਾਦੇ ਨੂੰ ਵੇਖ ਕੇ ਹੀ ਫ਼ੈਸਲਾ ਦੇਂਦੀਆਂ ਹਨ। ਜਿਸ ਤਰ੍ਹਾਂ ਸੰਸਾਰ ਦੇ ਹਰ ਕੰਮ ਵਿਚ ਕਿਸੇ ਨਾ ਕਿਸੇ ਵਿਅਕਤੀ ਦਾ ਇਰਾਦਾ ਕੰਮ ਕਰਦਾ ਹੈ, ਉਸੇ ਤਰ੍ਹਾਂ ਸੰਸਾਰ ਦੀ ਸਮੁੱਚੀ ਰਚਨਾ ਦੇ ਪਿਛੇ ਵਿਸ਼ਵ ਮਾਲਕ ਦਾ ਇਰਾਦਾ ਵਰਤਦਾ ਹੈ। ਸਮੁੱਚੀ ਕੁਦਰਤ ਕਾਦਰ ਦੀ ਚਲਾਈ ਚਲਦੀ ਹੈ। ਇਸ ਕਰਤਾਰ ਦੇ ਇਰਾਦੇ ਦੀ ਵਰਤੋਂ ਦਾ ਨਾਮ ਹੀ ਸਤਿਗੁਰਾਂ ਨੇ ਹੁਕਮ ਕਿਹਾ ਹੈ। ਹੁਕਮ ਵਿਚ ਹੀ ਸਭ ਕੁਛ ਹੈ, ਹੁਕਮ ਤੋਂ ਬਾਹਰ ਕੁਛ ਨਹੀਂ, ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲਦਾ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥

(ਜਪੁ ਜੀ ਸਾਹਿਬ, ਪੰਨਾ ੧)

ਕਈ ਵੇਰ ਇਹ ਵੀ ਭੁੱਲ ਲੱਗ ਜਾਂਦੀ ਹੈ ਕਿ ਜਾਨਦਾਰ ਤਾਂ ਇਰਾਦੇ ਨਾਲ ਕੰਮ ਕਰਦੇ ਹਨ, ਪਰ ਬੇਜਾਨ ਵਿਚ ਹਰਕਤ ਤੋ ਇਰਾਦਾ ਕਿਥੋਂ। ਗਹੁ ਨਾਲ ਤਕਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਚੇਤਨ ਹੀ ਆਪਣੇ ਇਰਾਦੇ ਦੇ ਬਲ ਨਾਲ ਜੜ੍ਹ ਵਿਚ ਹਰਕਤ ਪੈਦਾ ਕਰਦੀ ਹੈ। ਕੀ ਜਾਨਦਾਰਾਂ ਦੇ ਤਨ ਜੋ ਹਰਕਤ ਕਰਦੇ ਦਿਸਦੇ ਹਨ, ਪ੍ਰਕਿਰਤੀ ਦੇ ਤੱਤਾਂ ਤੋਂ ਨਹੀਂ ਬਣੇ ਹੋਏ? ਕੀ ਉਹ ਚੇਤਨ ਜੋਤੀ ਤੋਂ ਬਿਨਾਂ ਜੜ੍ਹ ਨਹੀਂ? ਉਹ ਨਿਸਚੇ ਹੀ ਹਨ। ਇਹ ਸਾਫ਼ ਸਿੱਧ ਹੋ ਗਿਆ ਹੈ ਕਿ ਚੇਤਨ ਸੱਤਾ ਹੀ ਆਪਣੇ ਇਰਾਦੇ ਨਾਲ ਜੜ੍ਹ ਨੂੰ ਚਲਾਉਂਦੀ ਹੈ। ਸੋ, ਜਿਸ ਤਰ੍ਹਾਂ ਸਰੀਰ ਵਿਚ ਵਿਆਪੀ ਹੋਈ ਚੇਤਨਤਾ ਜੜ੍ਹ ਸਰੀਰ ਵਿਚ ਹਰਕਤ ਪੈਦਾ ਕਰਦੀ ਹੈ, ਉਸੇ ਤਰ੍ਹਾਂ ਹੀ ਸਰਬ-ਵਿਆਪਕ ਚੇਤਨਤਾ ਸਮੁਚੇ ਹੀ ਕੁਦਰਤ ਵਿਚ ਹਰਕਤ ਪੈਦਾ ਕਰ ਰਹੀ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਜਾਤਾ ਹੈ, ਉਹਨਾਂ ਨੂੰ ਵਣ-ਤ੍ਰਿਣ ਵਿਚ ਉਹ ਆਪ ਵਿਆਪ ਕੇ ਕੰਮ ਕਰ ਰਿਹਾ ਦਿੱਸ ਪੈਂਦਾ ਹੈ:

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥

(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੩)

ਹਰ ਭਾਰੇ ਕਾਰਖ਼ਾਨੇ ਵਿਚ ਲੱਗੀ ਹੋਈ ਮਸ਼ੀਨਰੀ ਨੂੰ ਚਲਾਉਣ ਵਾਸਤੇ ਉਸ ਦੇ ਹਰ ਪੁਰਜ਼ੇ ਦਾ ਆਪਣੇ ਮਹਿਵਰ (ਕੇਂਦਰ) ਨਾਲ ਜੁੜੇ ਰਹਿਣਾ ਤੇ ਉਸ ਦੀ ਚਾਲ

੬੮