ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਮਾਰਦੇ, ਦੀਨ ਦੇ ਨਾਂ 'ਤੇ ਦੀਨਦਾਰਾਂ ਨੂੰ ਕਤਲ ਕਰਦੇ ਅਤੇ ਭਲੇ ਦੇ ਬਹਾਨੇ ਭਲਿਆਂ ਨੂੰ ਸਜ਼ਾਵਾਂ ਦੇਂਦੇ ਸਨ। ਇਸ਼ਕ ਦੇ ਇਤਿਹਾਸ ਵਿਚ ਤੱਤੇ ਥੰਮ੍ਹ ਨੂੰ ਜੱਫੀ ਪਾ ਰਿਹਾ ਮਾਸੂਮ ਪ੍ਰਹਿਲਾਦ, ਆਪਣਿਆਂ ਮੋਢਿਆਂ 'ਤੇ ਸਲੀਬ ਚੁਕੀ ਜਾ ਰਿਹਾ ਖ਼ਾਮੋਸ਼ ਈਸਾ, ਵੱਟਿਆਂ ਦੀ ਮਾਰ ਕਰਕੇ ਲੱਗੇ ਹੋਏ ਜ਼ਖ਼ਮਾਂ ਵਿਚੋਂ ਵਗੇ ਲਹੂ ਦੀ ਭਰੀ ਹੋਈ ਜੁੱਤੀ ਵਿਚ ਪੈਰ ਪਾਈ ਬੈਠਾ ਮੁਹੰਮਦ, ਸੁਰਖ਼ ਤਪੀ ਹੋਈ ਲੋਹ 'ਤੇ ਅਹਿੱਲ ਸ਼ਾਂਤ ਬੈਠੇ ਸ੍ਰੀ ਗੁਰੁ ਅਰਜਨ ਦੇਵ ਜੀ ਇਸ ਮੁਕੱਦਮੇ ਦੇ ਵੱਡੇ ਗਵਾਹ ਹਨ। ਪਰ ਇਹਨਾਂ ਗੱਲਾਂ ਨੇ ਕੁਝ ਅਸਰ ਨਾ ਕੀਤਾ; ਜਿਉਂ ਜਿਉਂ ਮਾਰਾਂ ਪਈਆਂ, ਉਹ ਹੋਰ ਮੱਚੇ, ਜਿਉਂ ਜਿਉਂ ਤਕਲੀਫ਼ਾਂ ਪਈਆਂ ਹੋਰ ਤਾਂਘੜੇ; ਜਿਉਂ ਜਿਉਂ ਦੁੱਖ ਆਏ ਹੋਰ ਅਗਾਂਹ ਨੂੰ ਦੌੜੇ; ਉਹਨਾਂ ਸੂਲ-ਸੁਰਾਹੀਆਂ ਅਤੇ ਖੰਜਰ-ਪਿਆਲੇ ਕਰ ਜਾਣੇ।

ਮੁਰਦਾ ਮਨੁੱਖ, ਮਿਰਤਕ ਸਰੀਰ ਦਾ ਮੁਦੱਈ ਸੀ। ਉਹ ਮੋਹ-ਮਾਰਿਆ ਮੰਨੀ ਬੈਠਾ ਸੀ ਕਿ ਤਨਾਂ ਦੇ ਟੁੱਟਣ ਨਾਲ ਨਿਹੁੰ ਵੀ ਟੁਟ ਜਾਏਗਾ, ਪਰ ਇਹ ਉਸਦੀ ਭੁੱਲ ਸੀ। ਇਸ ਭੁੱਲ ਦੀ ਚਿਤਾਵਨੀ ਘੁਮਿਆਰਾਂ ਦੀ ਕੁੜੀ ਸੋਹਣੀ ਨੇ ਛੱਲਾਂ ਮਾਰ ਰਹੇ ਝਨਾਂ ਨੂੰ ਕੇਹੀ ਸੋਹਣੀ ਕਰਾਈ ਸੀ, ਜਦੋਂ ਉਹ ਮੁਟਿਆਰ ਨੂੰ ਮਾਹੀ ਵੱਲ ਜਾਣ ਤੋਂ ਹੜਨ ਲਈ ਡੋਬਣ ਦੇ ਦਬਕੇ ਮਾਰ ਰਿਹਾ ਸੀ:

ਬੋੜ ਵੇ ਖੋਜਿਆ ਬੋੜ, ਕੀ ਬੋੜੇਂ ਮਾਸ ਤੇ ਹਡੀਆਂ।
ਸੋਹਣੀ ਵੈਸੀ ਜਾਨੀ ਕੋਲ, ਜਿਥੇ ਪ੍ਰੇਮ ਤਨਾਵਾਂ ਗੱਡੀਆਂ।

(ਭਾਈ ਵੀਰ ਸਿੰਘ)

ਇਸਦੀ ਹੀ ਗਵਾਹੀ ਮਕਬਰੇ ਵਿਚ ਮਸਤ ਸੁਤੀ ਪਈ ਹੀਰ ਵੱਲੋਂ ਕਿਸੇ ਕਵੀ ਨੇ ਦਿੱਤੀ ਸੀ:

ਬਾਂਕੇ ਸੀ ਤਨ ਸੋਹਣੇ ਸਾਡੇ, ਵਾਂਗਰ ਹਾਰ ਸ਼ਿੰਗਾਰਾਂ।
ਆ ਜਾਂਦੇ ਵਿਚਕਾਰ ਹਾਰ ਜਿਉਂ, ਮਿਲਣ ਨ ਦੇਂਦੇ ਯਾਰਾਂ।
ਭਲਾ ਭਇਆ ਤਨ ਤੁਟੇ ਸਾਡੇ, ਜਾਨ ਅਜਾਬੋਂ ਛੁਟੀ।
ਤਾ ਦਿਨ ਦੀ ਮਾਹੀ ਗਲ ਲਗਕੇ, ਨੈਨ ਨੀਂਦ ਭਰ ਸਤੀ।

(ਕਰਤਾ)

ਓੜਕ ਮੁਰਦਾ ਜੱਗ ਹਾਰਿਆ ਤੇ ਜੀਊਂਦੇ ਜਿਤੇ, ਉਹ ਬੇਪਰਵਾਹ ਹੋ ਅਗਾਂਹ ਵਧੀ ਗਏ। ਪ੍ਰੇਮ ਦੀਆਂ ਅਉਘਟ ਘਾਟੀਆਂ 'ਤੇ ਚੜ੍ਹਨ ਵਾਲਿਆਂ ਛੈਲਾਂ ਦਾ ਕੁਝ ਦੂਰ ਤਕ ਪਿੱਛਾ ਕੀਤਾ, ਪਰ ਓੜਕ ਟੁੱਟ ਕੇ ਬਹਿ ਗਿਆ। ਨਿਹੁੰ ਦੀ ਨੈਂ ਨੂੰ ਚੀਰਨ ਵਾਲੀਆਂ ਨੱਢੀਆਂ ਦੇ ਮਗਰ ਦੂਤੀ ਨਨਾਣਾਂ ਕੁਝ ਦੂਰ ਤਕ ਭੱਜੀਆਂ, ਪਰ ਆਖ਼ਰ ਰਹਿ ਗਈਆਂ। ਪੁੱਗੇ ਹੋਏ ਪ੍ਰੇਮੀ ਕੁਠਾਰੀ ਵਿਚੋਂ ਢਲੇ ਹੋਏ ਸੋਨੇ ਵਾਂਗ ਬਾਰ੍ਹਾਂ ਵੰਨੀ ਦੇ ਹੋ ਨਿਕਲੇ, ਪ੍ਰੀਤਾਂ ਦੀਆਂ ਬਾਜ਼ੀਆਂ ਪੁੱਗ ਗਈਆਂ।

ਰਾਨਾ ਜੀ ਜ਼ਹਿਰ ਦੀਨੀ ਮੋ ਜਾਨੀ,
ਜਬ ਲਗ ਕੰਚਨ ਕਸੀਏ ਨਾਹੀ, ਹੋਤ ਨਾ ਬਾਰਾ ਬਾਨੀ॥

(ਮੀਰਾ ਬਾਈ)

ਪ੍ਰੇਮੀ ਤੇ ਪ੍ਰੀਤਮ ਇਕ ਹੋ ਗਏ, ਜੀਵਨ ਮੁਕੰਮਲ ਹੋਇਆ, ਚੱਕਰ ਮੁੱਕ ਗਿਆ:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥

(ਸਿਰੀਰਾਗੁ ਰਵਿਦਾਸ, ਪੰਨਾ ੯੩)

੬੬