ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਨੇ ਨਾਹਰਾ ਮਾਰਿਆ, “ਦੁਨੀਆਂ ਦੇ ਝੂਠੇ ਭੋਗ, ਖੇੜਿਆਂ ਵਾਂਗ ਮੇਰੇ 'ਤੇ ਦਾਅਵਾ ਕਿਉਂ ਕਰਦੇ ਨੇ? ਮੈਂ ਹੀਰ ਤਾਂ ਚੂਚਕ ਦੇ ਜੰਮਣ ਤੋਂ ਵੀ ਪਹਿਲਾਂ ਰਾਂਝੇ ਦੀ ਹੋ ਚੁਕੀ ਸਾਂ।’

ਖੇੜੇ ਕੂੜ ਕਰੇਂਦੇ ਨੇ ਦਾਵਾ, ਮੈਂ ਕਦ ਖੇੜਿਆਂ ਦੀ ਆਹੀ।
ਮੈਡੀ ਤੇ ਮਾਹੀ ਦੀ ਪ੍ਰੀਤ ਚਰੋਕੀ, ਜਦ ਚੂਚਕ ਮੂਚਕ ਨਾਹੀ।

(ਸੰਤ ਖ਼ੁਸ਼ੀ ਰਾਮ)

ਪ੍ਰੀਤ ਰਮਜ਼ਾਂ ਨੂੰ ਜਾਣਨਹਾਰ ਮਨੁੱਖ ਨੇ ਜਦ ਇਸ਼ਕ ਦੇ ਸੱਦ ਲਾਏ, ਤਾਂਘ-ਭਰੀਆਂ ਕੂਕਾਂ ਮਾਰੀਆਂ, ਤਾਂ ਇਸ ਲੀਲ੍ਹਾ ਨੂੰ ਸੁਆਦਲੀ ਬਣਾਣ ਦੇ ਸਾਮਾਨ ਵੀ ਪੈਦਾ ਹੋ ਗਏ।

ਭਲਾ ਪਿਆਸ ਬਿਨ ਪਾਣੀ ਦੀ ਕੀ ਕਦਰ, ਧੁੱਪ ਬਿਨ ਛਾਂ ਦਾ ਕੀ ਸੁਆਦ, ਕੜਵਾਹਟ ਬਿਨਾਂ ਮਿੱਠਾ ਕੀ, ਕੰਡੇ ਦੀ ਚੋਭ ਬਿਨਾਂ ਫੁੱਲ ਦਾ ਕੀ ਮੁੱਲ। ਓਦਾਂ ਹੀ ਬਿਰਹੋ, ਵਿਜੋਗ, ਚੀਕਾਂ, ਚਸਕਾਂ, ਪੀੜਾਂ, ਦਰਦਾਂ, ਸੂਲਾਂ, ਸਲੀਬਾਂ ਤੋਂ ਬਿਨਾਂ ਪ੍ਰੇਮ ਦਾ ਕੀ ਰਸ। ਇਸ ਪੈਂਡੇ ਵਿਚ ਤਾਂ ਸੁਆਦ ਹੀ ਓਹਨਾਂ ਮਾਣਿਆ, ਜਿਹੜੇ ਇਹ ਸਮਝ ਕੇ ਤੁਰੇ ਕਿ ਮਾਹੀ ਦੇ ਮਾਰਗ ਵਿਚ ਲੱਖ ਬਲਾਵਾਂ ਪੈਣਗੀਆਂ, ਸ਼ੇਰ ਦਹਾੜਨਗੇ ਤੇ ਨਾਗ ਫੁੰਕਾਰਨਗੇ, ਸਭ ਤੋਂ ਬੇਪਰਵਾਹ ਹੋ ਕੇ ਤੁਰਨਾ ਪਵੇਗਾ।

ਮੁਸ਼ਕਲ ਮਿਲਣ ਮਾਹੀ ਨੂੰ ਹੀਰੇ, ਲਖ ਔਝੜ ਝੰਗ ਬਲਾਈਂ।
ਕਰ ਕਰ ਸ਼ੇਰ ਜਮਾਤੀਂ ਬੈਠ, ਨਾਗ ਬੈਠੇ ਵਲ ਖਾਹੀ।
ਪੰਧ ਮੁਹਾਲ ਨ ਦੇਂਦੇ ਜਾਵਣ, ਬੈਠੇ ਸ਼ੀਂਹ ਅਟਕਾਹੀ।

(ਹਜ਼ੂਰੀ ਕਵੀ)

ਪੁਨਾ -

ਔਕੜ ਪੰਧ ਪ੍ਰੇਮ ਦੇ ਪੈਂਡੇ, ਮੈਂ ਇਕ ਅਕੱਲੜੀ ਮੁਠੀ।
ਗੁਝੀ ਸਾਂਗ ਲਗੀ ਤਨ ਮੇਰੇ, ਕਰਕੇ ਕਲੇਜਿਓਂ ਉਠੀ।
ਇਸ ਰਾਹ ਤੇ ਕਈ ਚੀਰੇ ਆਰੇ, ਤੇ ਲਖੀ ਖੱਲ ਉਪੱਠੀ।

(ਵਲੀ ਰਾਮ)

ਬੇਲੇ ਗਾਹਣੇ, ਦਰਿਆ ਚੀਰਨੇ ਤੇ ਅੰਗਿਆਰਾਂ ਦੀਆਂ ਸੇਜਾਂ ਨੂੰ ਫੁਲ ਕਰ ਲਿਤਾੜਨਾ ਪਵੇਗਾ। ਜਿਹੜੇ ਇਸ ਤਿਆਰੀ ਤੋਂ ਬਿਨਾਂ ਤੁਰੇ ਉਹ ਰਾਹ ਵਿਚੋਂ ਮੁੜ ਆਏ। ਉਹ ਟੁਟ ਗਏ ਤੇ ਮੁਰਝਾਏ ਹੋਏ ਫੁੱਲ ਵਾਂਗ ਭੋਗਾਂ ਦੇ ਕੂੜੇ 'ਤੇ ਸੁਟੇ ਗਏ। ਇਹ ਸਭ ਕੁਝ ਹੋਇਆ ਪ੍ਰੀਤਮ ਦੇ ਚੋਜਾਂ ਰਾਹੀਂ। ਇਹ ਲੁਕਣ-ਮੀਚੀ ਦੀ ਆਖ਼ਰੀ ਖੇਡ ਸੀ, ਰੱਜ ਕੇ ਖੇਡੀ ਜਾਣੀ ਸੀ। ਇਹ ਗਲਵਕੜੀਆਂ ਪੈਣ ਦੀ ਆਖ਼ਰੀ ਵਾਰੀ ਸੀ, ਇਸ ਵਿਚ ਸ਼ੌਕ ਨੇ ਕੁਦਰਤੀ ਤੌਰ 'ਤੇ ਤੇਜ਼ ਹੋ ਜਾਣਾ ਸੀ:

ਵਾਇਦਾ ਏ ਵਸਲ ਚੂੰ ਸ਼ਵਦ ਨਜ਼ਦੀਕ ਆਤਸੇ ਸ਼ੌਕ ਤੇਜ਼ ਤਰ ਗੁਰਦਦ।

ਮਰਦ ਮੈਦਾਨ ਵਿਚ ਨਿੱਤਰੇ, ਰਵਾਂ ਹੋਏ ਤੇ ਰੋਕਾਂ ਵੀ ਆ ਗਈਆਂ। ਪਹਿਲਾਂ ਅਟਕਾ ਆ ਕੇ ਪਾਇਆ–ਟੁੱਟਿਆਂ ਹੋਇਆਂ ਦੇ ਰੌਲੇ-ਗੋਲੇ ਨੇ; ਹੁਟੇ ਹੋਏ ਲੋਕ ਛੇਲਾਂ ਦੀ ਚਾਲ ਵਿਚ ਤਰੁੱਟੀ ਲਿਆਉਣ ਦੇ ਜਤਨ ਕਰਨ ਲੱਗੇ, ਉਹਨਾਂ ਦੇ ਹੱਥ ਹਥਿਆਰ ਮਨ: ਤਾਹਨੇ, ਮੋਹਣੇ, ਨਾ-ਮਿਲਵਰਤਨ, ਨਿੰਦਿਆ ਤੇ ਗਿਲਾਨੀ। ਸਾਰੇ ਤੀਰ ਤਰਕਸ਼ ਵਿਚੋਂ ਕੱਢ ਖੜੋਤੇ ਪਰ ਪ੍ਰੇਮ-ਰਸ-ਮੱਤੇ ਮਾਹੀ ਦੇ ਮਤਵਾਲਿਆਂ ਨੇ ਇਕ ਨਾ

੬੩