ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ, “ਧੰਨ ਇਸਦਾ ਇਸ਼ਕ! ਸੁੱਕੇ ਸਰ ਨੂੰ ਸਾਰੇ ਛੱਡ ਗਏ, ਪਰ ਪਿਆਰ-ਪ੍ਰੋਤੀ, ਪਰ-ਹੀਣ ਮੱਛੀ ਕਿਥੇ ਜਾ ਸਕਦੀ ਸੀ।”

ਹੁਣ ਆਈ ਜੀਵਨ ਦੀ ਆਖ਼ਰੀ ਅਵਸਥਾ, ਮਨੁੱਖ-ਜਾਮਾ। ਬ੍ਰਾਹਮਣ ਨੇ ਇਸ ਨੂੰ ਜਨਮ ਕਿਹਾ, ਮੁੱਲਾਂ ਨੇ ਫ਼ਰਿਸ਼ਤਿਆਂ ਤੋਂ ਉੱਚਾ ਮਖ਼ਲੂਕ ਦਾ ਸਰਦਾਰ, ਪਾਦਰੀ ਬੋਲਿਆ, ਖ਼ੁਦਾ ਦਾ ਬੇਟਾ। ਜੇ ਕਿਸੇ ਦੇ ਜੀਅ ਵਿਚ ਆਈ ਕਹਿ ਉਠਿਆ ਪਰ ਜ਼ੋਰ ਸਾਰਿਆਂ ਵਡਿਆਈ ਕਰਨ 'ਤੇ ਲਾਇਆ। ਲਾਉਂਦੇ ਵੀ ਕਿਉਂ ਨਾ, ਮਾਹੀ ਮਿਲਾਪ ਦੀ ਆਖ਼ਰੀ ਮੰਜ਼ਲ ਸੀ, ਜੀਵਨ ਮੁਕੰਮਲ ਹੋਣ ਵਾਲਾ ਸੀ, ਚੇਤਨਤਾ ਨਿਖ਼ਰ ਚਮਕੀ। ਸਭ ਨੇ ਮਹਿਸੂਸ ਕੀਤਾ ਕਿ ਯਾਰ ਦੇ ਦਰ ਜਾਣ ਦੇ ਪੈਂਡੇ ਦਾ ਆਖ਼ਰੀ ਪੜਾਅ ਹੈ। ਮੁਕਤੀ ਦੇ ਮਹੱਲ ਦਾ ਦਰਵਾਜ਼ਾ ਹੈ। ਕੁਲ ਮਖ਼ਲੂਕ ਤੋਂ ਇਹ ਜਾਮਾ ਉਚਾ ਹੈ।

ਅਵਰਿ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥

(ਆਸਾ ਮ: ੫, ਪੰਨਾ ੩੭੪)

ਪੁਨਾ—

ਬਨਾਇਆ ਐ ਜ਼ਫ਼ਰ ਖ਼ਾਲਕ ਨੇ ਕਬ ਇਨਸਾਨ ਸੇ ਬੜ੍ਹ ਕਰ।
ਮਲਕ ਕੋ, ਦੇਵ ਕੋ, ਜਿੰਨ ਕੋ, ਪਰੀ ਕੋ, ਹੂਰੋਂ ਗ਼ੁਲਮਾ ਕੋ।

ਇਹੋ ਆਖ਼ਰੀ ਵਾਰੀ ਮਾਹੀ ਦੇ ਮਿਲਣ ਦੀ ਹੈ:

ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

(ਆਸਾ ਮ: ੫, ਪੰਨਾ ੧੨)

ਉਚਿਆਂ ਦੀਆਂ ਉਚੀਆਂ ਗੱਲਾਂ, ਵਡਿਆਂ ਦੇ ਵੱਡੇ ਫ਼ਰਜ਼, ਮਖ਼ਲੂਕ ਦੇ ਸਰਦਾਰ ਨੂੰ ਵੀ ਸਿਰ ਆਈ ਨਿਭਾਣੀ ਪਈ। ਜੀਵਨ-ਚੋਟੀ 'ਤੇ ਚੜ੍ਹਿਆ ਤਾਂ ਪ੍ਰੇਮ ਦੀ ਸਿਖ਼ਰ 'ਤੇ ਪੁੱਜ ਖਲੋਤਾ। ਹੁਣ ਚੇਤਨਤਾ ਚਮਕੀ ਹੋਈ ਸੀ। ਉਸ ਨੇ ਤਨ ਨੂੰ ਤਾੜ ਲਿਆ, ਜੋ ਨਾ ਰਹਿਣ ਵਾਲਾ ਸੀ, ਉਠਣ, ਉਭਰਣ, ਹੰਢਣ ਤੇ ਜਾਣ ਵਾਲਾ ਸੀ। ਇਸ ਵਿਚ ਪ੍ਰੀਤ ਕਿਉਂ ਪਾਈ ਜਾਂਦੀ, ਰੇਤ 'ਤੇ ਮਹੱਲ ਕਿਉਂ ਉਸਾਰੇ ਜਾਂਦੇ, ਕੱਚੀਆਂ ਟਹਿਣੀਆਂ 'ਤੇ ਆਲ੍ਹਣੇ ਨਾਦਾਨ ਪੰਛੀ ਹੀ ਪਾ ਸਕਦੇ ਹਨ। ਮਨੁੱਖਤਾ ਨੇ ਪ੍ਰੀਤ ਦਾ ਕੇਂਦਰ ਅਦ੍ਰਿਸ਼ਟ ਅਮਰ ਦੇ ਆਸਰੇ ਕਾਇਮ ਕੀਤਾ। ਇਕ ਦੂਜੇ ਨੂੰ ਸਮਝਾਉਣ ਲਈ, ਮਾਹੀ ਦੇ ਨਾਮ ਭੀ ਰਖੇ। ਪਿਆਰ ਡੂੰਘਾ ਸੀ, ਲਗਨ ਲਹਿਰਾਂ ਮਾਰ ਰਹੀ ਸੀ, ਨਾਮ ਵਿਚ ਸੁਆਦ ਆਇਆ, ਹੋਰ ਹੋਰ ਰਖੀ ਗਏ। ਰਖ ਰਖ ਥੱਕੇ ਤੇ ਥੱਕ ਕੇ ‘ਬੇਅੰਤ ਕਹਿ ਉਠੇ:

ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ।
ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ।
ਅਗਸਤ ਆਦਿ ਜੇ ਬੜੇ, ਤਪਸਪਤੀ ਬਸੇਖੀਏ।
ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਏ।

(ਦਸਮ ਗ੍ਰੰਥ)

ਮੋਟੇ ਮੋਟੇ ਨਾਮ ਮਸ਼ਹੂਰ ਹੋਏ। ਰਾਮ, ਅੱਲਾਹ, ਰੱਬ, ਵਾਹਿਗੁਰੂ, ਗੋਬਿੰਦ, ਹਰਿ, ਪਰ ਇਥੇ ਗੱਲ ਮੁਕੀ ਕੋਈ ਨਾ। ਮਨੁੱਖ ਜਾਂ ਨਾਮ ਲੈਂਦਾ ਲੈਂਦਾ ਥੱਕ ਗਿਆ ਤਾਂ ਕਹਿਣ

੬੧