ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/60

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤਰ੍ਹਾਂ ਦੇ ਮਸਾਲਿਆਂ ਵਿਚ ਵਾਰੀ ਵਾਰੀ ਰਾਹੜ ਲਾਈ, ਰਸੀਆਂ ਦੇ ਸਾਹਮਣੇ ਪਰੋਸੀ ਗਈ। ਸਹਿਜ ਸਹਿਜ ਨਾਲ਼ ਖਾਧੀ, ਮਤੇ ਕੋਈ ਰਿਹਾ ਹੋਇਆ ਕੰਡਾ ਹਲਕ ਵਿਚ ਚੁਭ ਜਾਏ। ਖਾ ਕੇ ਲੰਮੇ ਹੀ ਪਏ ਸਨ ਕਿ ਪਾਣੀ ਦੀ ਤਲਬ ਹੋਈ। ਪਿਆਲਾ ਭਰ ਕੇ ਦਿਤਾ, ਪੀ ਲਿਆ। ਪਲ ਪਿਛੋਂ ਫਿਰ ਪਾਣੀ, ਘੜੀ ਪਿਛੋਂ ਫਿਰ ਪਾਣੀ, ਘੰਟੇ ਬਾਅਦ ਫੇਰ ਪਾਣੀ। ਪਾਣੀ! ਪਾਣੀ!! ਪਾਣੀ!!!

ਪਿਆਉਣ ਵਾਲੇ ਨੇ ਹੈਰਾਨ ਹੋ ਪੁੱਛਿਆ, “ਇਹ ਮੁੜ-ਮੁੜ ਪਾਣੀ ਦੀ ਤਲਬ ਕੀ, ਘੜੀ ਮੁੜੀ ਪਾਣੀ ਦੀ ਤਾਂਘ ਕਾਹਦੀ?" ਪਿਆਸੇ ਨੇ ਕਿਹਾ, “ਮੱਛੀ ਜੋ ਖਾ ਲਈ, ਉਹ ਪਈ ਪਾਣੀ ਪਾਣੀ ਕਰਦੀ ਐ। ਮੈਂ ਕੀ ਕਰਾਂ, ਆਹ ਤਕੋ ਨਾ ਇਸਦਾ ਪਿਆਰ। ਪਾਣੀ 'ਚੋਂ ਪਕੜੀ ਗਈ, ਕੱਟੀ ਗਈ, ਫਾਂਕ-ਫਾਂਕ ਹੋ ਗਈ, ਕਈ ਕਈ ਵੇਰਾਂ ਭੁੰਨੀ, ਚਿੱਥ ਚਿੱਥ ਖਾਧੀ, ਪਰ ਇਹਨੂੰ ਪਾਣੀ ਅਜੇ ਵੀ ਨਹੀਂ ਭੁਲਦਾ।”

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥

(ਸੋਰਠਿ ਰਵਿਦਾਸ, ਪੰਨਾ ੬੫੮)

ਇਹ ਤਾਂ ਸੀ ਪ੍ਰਤੱਖ ਪਾਣੀ ਦੇ ਪਿਆਰ ਦਾ ਨਮੂਨਾ। ਹੁਣ ਤੱਕੋ, ਤੁਰ ਗਏ ਮਾਹੀ ਦੀ ਉਡੀਕ ਵਿਚ ਟਿਕਾਓ। ਬਹਾਰ ਦੇ ਮੌਸਮ ਵਿਚ ਭਰੇ ਹੋਏ ਸਰ ਦੇ ਕਿਨਾਰੇ ਦਰੱਖ਼ਤ ਮੌਲੇ ਹੋਏ, ਫੁੱਲ ਖਿੜੇ ਹੋਏ ਅਤੇ ਪੰਛੀ ਮਸਤ ਹੋ ਗਾ ਰਹੇ ਸਨ। ਹਰ ਪਾਸੇ ਗੀਤ, ਹਰ ਤਰਫ਼ ਖੇੜੇ, ਹਰ ਬੰਨੇ ਸੁਗੰਧੀਆਂ, ਪੌਣ ਦੇ ਛੋਟੇ ਛੋਟੇ ਹੁਲਾਰਿਆਂ ਨਾਲ ਉਠ ਰਹੀਆਂ ਨਿਕੀਆਂ ਨਿਕੀਆਂ ਲਹਿਰਾਂ ਦੀਆਂ ਬਲੌਰੀ ਜ਼ੰਜੀਰਾਂ ਦੇ ਹੇਠੋਂ ਮੱਛੀਆਂ ਦੀਆਂ ਡਾਰਾਂ ਦੌੜਾਂ ਲਗਾ ਰਹੀਆਂ, ਕਿਆ ਸ਼ੋਭਾ ਦੇ ਰਹੀਆਂ ਸਨ। ਕਵੀ-ਮਨ ਤਕ, ਸਰੂਰ ਪੂਰਤ ਹੋ ਕਾਵਿ-ਰਸ ਨਾਲ ਭਰ ਗਿਆ। ਉਹ ਢੇਰ ਚਿਰ ਸੁਆਦ ਲੈਂਦਾ ਰਿਹਾ। ਓੜਕ ਰਾਹੀ ਸੀ, ਰਾਹੇ ਪੈ ਗਿਆ। ਸਮਾਂ ਪਾ ਫਿਰ ਏਧਰ ਮੁੜਿਆ। ਹੁਣ ਸਿਆਲ ਦੀ ਸੀਤ ਰੁੱਤ ਸੀ, ਉਸਨੇ ਸਰ ਝੁਕਾ ਦਿੱਤਾ ਸੀ:

ਸਰ ਸੂਕੇਂ ਪੰਛੀ ਉੜੇਂ ਔਰਨ ਦੇਸ ਸਿਧਾਏ।
ਦੀਨ ਮੀਨ ਬਿਨ ਪੰਖ ਕੇ ਕਹੁ ਰਹੀਮ ਕਤ ਜਾਏ।

ਪਤਝੜ ਦੇ ਤਿਖੇ ਵੇਗਾਂ ਨੇ ਸੁੰਦਰ ਬ੍ਰਿਛਾਂ ਦੇ ਪੱਤੇ ਝਾੜ ਉਹਨਾਂ ਨੂੰ ਭੀਹਾਵਲੇ ਰੁੰਡ-ਮੁੰਡ ਬਣਾ ਦਿਤਾ ਸੀ। ਫੁੱਲਾਂ ਦੇ ਨਾ ਰਹਿਣ ਕਰਕੇ, ਭੰਵਰ ਤੇ ਪੱਤਿਆਂ ਦੇ ਝੜ ਜਾਣ ਕਰਕੇ, ਪੰਛੀ ਉਡ ਕੇ ਜਿਧਰ ਸਿੰਗ ਸਮਾਏ ਤੁਰ ਗਏ। ਸ਼ੋਰ ਦੀ ਥਾਂ ਚੁੱਪ, ਜੋਬਨ ਦੀ ਥਾਂ ਸੋਕੇ ਤੇ ਰੌਣਕਾਂ ਦੀ ਥਾਂ ਉਜਾੜ ਨੇ ਮੱਲ ਲਈ ਸੀ। ਕਵੀ ਨੇ ਚੁਫ਼ੇਰੇ ਨਿਗਾਹ ਮਾਰੀ, ਨਾ ਕੋਈ ਖਿੜ ਰਿਹਾ ਸੀ ਤੇ ਨਾ ਕੋਈ ਗਾ ਰਿਹਾ ਸੀ।

ਇਸ ਸੁੰਨ-ਮੁੰਨ ਨਗਰੀ ਵਿਚ ਸੁਕੇ ਹੋਏ ਸਰ ਦੇ ਚਿੱਕੜ ਵਿਚੋਂ ਕਿਸੇ ਦੇ ਹਿੱਲਣ ਦੀ ਆਹਟ ਆ ਰਹੀ ਸੀ। ਉਸ ਨੇ ਨੀਝ ਲਾ ਤਕਿਆ ਤਾਂ ਅਧਮੋਈ ਜਿਹੀ ਮੱਛੀ ਬੇਚੈਨ ਹੋ ਕਰਵਟ ਬਦਲਦੀ ਦਿਸੀ। ਉਹ ਘੜੀ-ਮੁੜੀ ਹਿਲਦੀ, ਪਾਸੇ ਪਰਤਦੀ ਸੀ। ਚਿੱਕੜ ਦੀ ਠੰਢੀ ਤਹਿ ਵਿਚ ਬਿਰਹੋਂ ਨੇ ਅੱਗ ਦੇ ਭੱਠ ਭਖਾਏ ਹੋਏ ਸਨ, ਵਿਛੋੜੇ ਵਿਚ ਭੁੱਜ ਰਹੀ ਮੱਛੀ, ਕਬਾਬ ਦੀ ਸੀਖ ਵਾਂਗ ਪਾਸੇ ਪਰਤ ਰਹੀ ਸੀ। ਕਵੀ ਨੇ

੬੦