ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/6

ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਮਾਲੇ ਹਮਨਸ਼ੀਂ ਦਰ ਮਨ ਅਸਰ ਕਰਦ,
ਵਗਰਨਾ ਮਨ ਹਮਾ ਖ਼ਾਕਮ ਕਿ ਹਸਤਮ।

ਇਹ ਪ੍ਰਾਹੁਣੇ ਦੇ ਸੁਆਗਤ ਦਾ ਮਨੁੱਖੀ ਫ਼ਰਜ਼ ਨਿਬਾਹੁਣਾ ਪਰਿੰਦੇ ਨੂੰ ਕਿਸ ਤਰ੍ਹਾਂ ਆ ਗਿਆ? 'ਸੰਗਤ ਕਰਕੇ'। ਪੰਛੀ ਜੋ ਚਿਰ ਤਕ ਮਨੁੱਖਾਂ ਦੀ ਸੰਗਤ ਵਿਚ ਰਿਹਾ ਤਾਂ ਮਿਲ ਬੈਠਣ ਦਾ ਅਸਰ ਕਿਉਂ ਨਾ ਕਬੂਲਦਾ? ਏਸੇ ਤਰ੍ਹਾਂ ਹੀ ਮੈਨਾ ਤੇ ਹੋਰ ਕਈ ਪੰਛੀ ਵੀ ਮਨੁੱਖੀ ਸੰਗਤ ਤੋਂ ਲਾਭ ਉਠਾਉਂਦੇ ਹਨ।

ਪਸ਼ੂ ਜਗਤ ਵਿਚ ਤਾਂ ਇਹ ਚੀਜ਼ ਆਮ ਦਿਸ ਆਉਂਦੀ ਹੈ। ਕੌਣ ਨਹੀਂ ਜਾਣਦਾ ਕਿ ਪਸ਼ੂਆਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੋ ਹਿੱਸਿਆਂ ਵਿਚ ਤਕਸੀਮ ਹਨ: ਇਕ ਜਾਂਗਲੀ ਤੇ ਦੂਜੇ ਰਾਖਵੇਂ। ਦੋਹਾਂ ਦੇ ਸੁਭਾਵਾਂ ਵਿਚ ਕਿਤਨਾ ਫ਼ਰਕ ਹੁੰਦਾ ਹੈ, ਜਿਥੇ ਜਾਂਗਲੀ ਜਾਨਵਰ ਤੁੰਦ, ਅੱਖੜ ਤੇ ਗ਼ੁਸੈਲ ਹੁੰਦੇ ਹਨ, ਉਥੇ ਪਾਲਤੂ ਹਲੀਮ, ਨਰਮ ਸੁਭਾਅ ਦੇ ਤੇ ਡਰਾਕਲ ਦਿਸ ਆਉਂਦੇ ਹਨ। ਜਾਨਵਰਾਂ ਵਿਚ ਬੜੀ ਮਾਸੂਮ ਗਊ ਤੇ ਮੱਝ ਜੋ ਮਨੁੱਖ ਨੂੰ ਸਾਰੀ ਉਮਰ ਦੁੱਧ, ਦਹੀਂ, ਮੱਖਣ ਦੇ ਫ਼ੈਜ਼ ਪੁਚਾਂਦੀ ਹੈ, ਅਸਲ ਵਿਚ ਖੂੰ-ਖ਼ਾਰ ਜੰਗਲੀ ਭੈਂਸੇ ਤੇ ਮਾਰਖ਼ੋਰ ਬੈਲਾਂ ਦੀ ਹੀ ਔਲਾਦ ਹੈ, ਜਿਸ ਨੂੰ ਮੁੱਦਤਾਂ ਦੀ ਮਨੁੱਖੀ ਸੰਗਤ ਨੇ ਹੁਣ ਵਾਲੇ ਸੁਭਾਅ ਦਾ ਰੂਪ ਦਿਤਾ ਹੈ। ਸਿਖਾਏ ਹੋਏ ਘੋੜੇ ਤੇ ਹਾਥੀ ਮਨੁੱਖਾਂ ਨੂੰ ਸਵਾਰੀ ਦੇਂਦੇ ਤੇ ਚਿਤਰੇ ਤੇ ਸ਼ੇਰ ਸਰਕਸ ਵਿਚ ਤਮਾਂਸ਼ਾ ਦਿਖਾ ਖੁਸ਼ ਕਰਦੇ ਹਨ। ਮਨੁੱਖੀ ਜਾਮੇ ਵਿਚ ਤਾਂ ਸੰਗਤ ਦਾ ਫਲ ਅਜਬ ਕਰਾਮਾਤਾਂ ਦਿਖਾਂਦਾ ਹੈ। ਚੇਤਨਤਾ ਉਚੇਰੀ ਹੋ ਜਾਣ ਕਰਕੇ ਬੁੱਧੀ ਤੇਜ਼ੀ ਨਾਲ ਕੰਮ ਕਰਦੀ ਤੇ ਅਸਰ ਛੇਤੀ ਕਬੂਲਦੀ ਹੈ। ਜੇ ਡਾਰਵਿਨ ਦੇ ਵਿਕਾਸਵਾਦ ਨੂੰ ਸਹੀ ਮੰਨ ਲਿਆ ਜਾਏ, ਤਾਂ ਅੱਜ ਦਾ ਹਵਾਈ ਜਹਾਜ਼ ਦਾ ਸਵਾਰ ਤੇ ਪ੍ਰਮਾਣੂ ਬੰਬਾਂ ਦਾ ਬਣਾਣ ਵਾਲਾ ਮਨੁੱਖ, ਬਾਂਦਰ ਦੇ ਜਾਮੇ ਤੋਂ ਤੁਰਿਆ ਹੈ, ਜੋ ਸਹਿਜੇ ਸਹਿਜੇ ਸੰਗੀਆਂ ਕੋਲੋਂ ਜਾਚਾਂ ਸਿਖ ਸਿਖ ਚਤੁਰ ਤੇ ਉਚੇਰਾ ਹੁੰਦਾ ਗਿਆ। ਪਰ ਜੇ ਇਸ ਗੱਲ ਨੂੰ ਪਾਸੇ ਵੀ ਰਹਿਣ ਦੇਈਏ ਤਾਂ ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਮਨੁੱਖ ਦਾ ਆਰੰਭਕ ਜੀਵਨ ਨੰਗੇ ਬਣ-ਮਾਨਸ ਦਾ ਸੀ ਜੋ ਸਹਿਜੇ ਸਹਿਜੇ ਉਚੇਰੀ ਸੰਗਤ ਕਰਕੇ ਉੱਚਾ ਹੁੰਦਾ ਗਿਆ। ਜੀਵਨ ਦੇ ਇਸ ਸੁਭਾਅ ਨੂੰ ਕਿਸੇ ਕਵੀ ਨੇ ਵੇਲ ਵਾਂਗ ਬਿਆਨ ਕੀਤਾ ਹੈ। ਉਹ ਕਹਿੰਦਾ ਹੈ, ਵੱਡਿਆਂ ਕੋਲ ਬੈਠੋ ਤੇ ਉਹਨਾਂ ਨਾਲ ਮੇਲ ਪਾਓ, ਕਿਉਂ ਜੋ ਵੇਲ-ਜਿਡੇ ਉਚੇ ਰੁੱਖ ਨਾਲ ਬੰਨ੍ਹੀਏ, ਓਡੀ ਹੀ ਲੰਬੀ ਹੋ ਜਾਂਦੀ ਹੈ:

ਬੈਠੀਏ ਪਾਸ ਬਡਨ ਕੇ ਹੋਤ ਬਡਨ ਸਿਓਂ ਮੇਲ।
ਸਬੀ ਜਾਣਤ ਕਿ ਬੜ੍ਹਤ ਹੈ ਬਿਰਖ ਬਰਾਬਰ ਬੇਲ।

ਹਕੀਕਤਨ ਮਨੁੱਖੀ ਜੀਵਨ ਏਸੇ ਤਰ੍ਹਾਂ ਹੀ ਚਲਦਾ ਹੈ। ਮਨੁੱਖੀ ਮਨ ਪੰਛੀ ਦੀ ਤਰ੍ਹਾਂ ਹੈ ਜੋ ਦਸਾਂ ਦਿਸ਼ਾਂ ਵਿਚ ਉੱਡਦਾ ਹੈ ਪਰ ਫਲ, ਜਿਹੋ ਜਿਹੀ ਸੰਗਤ ਕਰੇ ਉਹੋ ਜਿਹੇ ਹੀ ਖਾਂਦਾ ਹੈ। ਸੰਗਤ ਦਾ ਫਲ ਖਾਣ ਦਾ ਨਤੀਜਾ ਮਨੁੱਖ ਲਈ ਸਦਾ ਇੱਕੋ ਜਿਹਾ ਨਹੀਂ ਹੁੰਦਾ।

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਏ॥
ਜੋ ਜੈਸੇ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ॥੮੬॥

(ਸਲੋਕ ਕਬੀਰ, ਪੰਨਾ ੧੩੬੯)