ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/59

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਗੱਲ ਕੁਝ ਗੌਲੀ ਨਾ ਰਸ ਗੁਝੇ ਯਾਰਾਂ ਨੇ।
ਪੇਸ਼ ਕੁਝ ਚਲੀ ਨਾ ਪੱਛਮ ਜਾ ਛੁੱਪ ਗਿਆ।
ਚਾਨਣ ਚੁਕ ਲੈ ਗਿਆ ਉਹ ਹਨੇਰ ਤਦ ਘੁਪ ਪਿਆ।

ਉਸ ਨੇ ਕਿਰਨਾਂ ਦੀਆਂ ਚੋਭਾਂ ਲਾ ਲਾ ਸਮਝਾਣਾ ਸ਼ੁਰੂ ਕੀਤਾ। ਰਸ-ਮੱਤੇ ਮੂਰਖ! ਮਿਲਾਪ ਨੂੰ ਢੇਰ ਚਿਰ ਹੋ ਗਿਆ ਹੈ। ਬਸ ਕਰ, ਛੱਡ ਦੇ ਗਲਵਕੜੀ, ਪਰੇ ਹਟ ਜਾ, ਸ਼ਾਮਾਂ ਪੈਣ ਵਾਲੀਆਂ ਨੇ। ਮੈਂ ਆਪਣੇ ਜਾਣ ਤੋਂ ਪਹਿਲਾਂ ਇਹ ਪ੍ਰੀਤਾਂ ਦੇ ਪਾਗ਼ਲਖ਼ਾਨੇ ਬੰਦ ਕਰ ਜਾਣਾ ਚਾਹੁੰਦਾ ਹਾਂ, ਪਰ ਨਸੀਹਤਾਂ ਸੁਣਨ ਲਈ ਮਸਤ ਨਹੀਂ ਬਣੇ, ਉਪਦੇਸ਼ ਆਕਲਾਂ ਲਈ ਨੇ, ਬਉਰਿਆਂ ਲਈ ਨਹੀਂ। ਸੂਰਜ ਦੀ ਕਿਸੇ ਨਾ ਸੁਣੀ, ਗੁੱਸੇ ਵਿਚ ਲਾਲ ਹੋ, ਆਪਣੇ ਰਾਹੇ ਤੁਰ ਗਿਆ। ਰਾਤ ਪੈ ਗਈ, ਹਨੇਰਾ ਹੋ ਗਿਆ, ਕੰਵਲ ਜੋ ਆਪਣੇ ਪਿਤਾ ਪਾਣੀ ਨੂੰ ਸੂਰਜ ਦੀ ਧੁੱਪ ਤੋਂ ਬਚਾਉਣ ਲਈ ਪੰਖੜੀਆਂ ਵਿਛਾ, ਵਿਛਿਆ ਹੋਇਆ ਸੀ, ਹੁਣ ਇਸ ਖ਼ਿਆਲ ਨਾਲ ਇਕੱਲਾ ਹੋ ਗਿਆ ਕਿ ਚੰਦਰਮਾ ਦੀਆਂ ਮਿੱਠੀਆਂ ਰਿਸ਼ਮਾਂ ਵਿਚੋਂ ਪਾਣੀ ਅੰਮ੍ਰਿਤ ਲੈ ਸਕੇ। ਉਸ ਵਿਚ ਜੀਵਨ ਆਵੇ ਤੇ ਉਹ ਜਗਤ ਨੂੰ ਵੰਡ ਸਕੇ।

ਜਲਜ ਪ੍ਰੀਤ, ਜਲ ਰਵ ਨਹੀਂ ਖਿਲ ਨਿਵਾਰਨ ਘਾਮ।
ਨਿਸ ਕੋ ਅੰਮ੍ਰਿਤ ਪੀਵਹੀ, ਯਹਿ ਜਾਨ ਮੁੰਧੇ ਅਭਿਰਾਮ।

ਕੰਵਲ ਮੁੰਧ ਹੋ ਗਿਆ, ਪੌਣ ਅੰਦਰ ਆਉਣੋਂ ਰੁਕ ਗਈ, ਸਾਹ ਘੁਟ ਗਿਆ ਤੇ ਭੰਵਰ ਸਮਾ ਗਿਆ। ਕੰਵਲ ਪੱਤੀਆਂ ਦਾ ਸੋਹਣਾ ਗੁੰਬਜ ਇਸ਼ਕਬਾਜ਼ ਦੀ ਮਜ਼ਾਰ ਬਣ ਚੰਦ ਦੀ ਚਾਨਣੀ ਵਿਚ ਤਾਜ ਮਹੱਲ ਦੇ ਗੁੰਬਜਾਂ ਨੂੰ ਸ਼ਰਮਾਉਣ ਲੱਗਾ।

ਕੁਲ ਮਖ਼ਲੂਕ ਵਿਚੋਂ ਆਪ ਅਤਿ ਸੁੰਦਰ ਨੈਣ ਰੱਖਣ ਵਾਲਾ ਮ੍ਰਿਗ, ਭਾਵੇਂ ਕਿਸੇ ਦੇ ਨੈਣਾਂ ਦੀ ਨੁਹਾਰ ਨੇ ਤਾਂ ਨਾ ਮੋਹਿਆ ਪਰ ਪਿਆਰ ਹੁਰੀਂ, ਕੰਨਾਂ ਦੇ ਰਾਹੀਂ ਅੰਦਰ ਜਾ ਸਮਾਏ, ਅਵਾਜ਼ ਮਨ ਮੋਹ ਗਈ, ਨਾਦ ਨਿਵਾ ਗਿਆ। ਚੁੰਗੀਆਂ ਭੁਲ ਗਈਆਂ, ਬੇਖ਼ੁਦ ਕਾਬੂ ਆਇਆ ਤੇ ਕੋਹਿਆ ਗਿਆ ਪਰ ਟਲਿਆ ਨਾ, ਪਿਛਾਂਹ ਨਾ ਮੁੜਿਆ।

ਹੁਣ ਆਈ ਇਸ ਸ਼੍ਰੇਣੀ ਦੀ ਸਿਰਮੌਰ ਸਖੀ ਮੀਨ, ਜੋ ਕੀ ਮਹਿਬੂਬ ਦੇ ਸਾਹਮਣੇ, ਤੇ ਕੀ ਉਹਲੇ, ਅਹਿੱਲ ਰਹੀ। ਦਿਨ ਚੜ੍ਹਿਆ, ਸੂਰਜ ਨੇ ਕਿਰਨਾਂ ਦੀ ਚਾਂਦੀ ਬਖੇਰ ਦਿਤੀ। ਗ਼ਰੀਬ ਦੁਨੀਆਂ ਹੂੰਝਣ ਨੂੰ ਉਠ ਪਈ, ਹਰ ਕੋਈ ਆਹਰੇ ਲੱਗਾ। ਤਕੜਿਆਂ ਬਾਹਲੀ ਇਕੱਠੀ ਕਰ ਲਈ ਤੇ ਮਾੜਿਆਂ ਥੋੜ੍ਹੀ 'ਤੇ ਸਬਰ ਕੀਤਾ। ਮਨੁੱਖ ਦੀ ਇਸ ਕਾਣੀ ਵੰਡ ਦਾ ਮਾਰਿਆ ਹੋਇਆ ਗ਼ਰੀਬ ਮਛੇਰਾ ਆਪਣਾ ਜਾਲ ਲੈ ਛੱਪੜ, ਨਦੀ ਜਾਂ ਦਰਿਆ ਵੱਲ ਧਾਇਆ। ਪਾਣੀ ਵਿਚ ਸੁਟਿਆਂ ਕੁਝ ਹਿੱਲ-ਜੁਲ ਹੋਈ, ਉਤਾਂਹ ਖਿਚਿਆ, ਮਾਲ ਦਾ ਭਰਿਆ ਹੋਇਆ ਸੀ, ਉਛਲਦੀਆਂ ਤੜਪਦੀਆਂ ਬਿਹਬਲ ਹੋ ਰਹੀਆਂ ਮੱਛੀਆਂ ਦਾ ਪੂਰ ਕਿਨਾਰੇ 'ਤੇ ਭੁਆ ਮਾਰਿਆ। ਕੁਝ ਦਮਾਂ ਵਿਚ ਦਮ ਨਿਕਲ ਗਏ, ਤੇ ਮੰਡੀ ਲਿਜਾ ਦਮ ਵੱਟ ਲਏ। ਸ਼ੁਕੀਨ ਘਰ ਲੈ ਗਏ। ਤਾਜ਼ੀ ਮੱਛੀ ਹੈ, ਕਹਿਣ ਲੱਗੇ ਕਿ ਸੋਹਣੇ ਦਾਣੇ ਲੱਭੇ ਹਨ। ਜ਼ਰਾ ਪਕਾਣਾ ਵੀ ਸਹਿਜ ਨਾਲ, ਕੁਛ ਕਸਰ ਨਾ ਰਹੇ। ਰਸੋਈਏ ਨੇ ਵੀ ਆਪਣੀ ਕਲਾ ਦਿਖਾਉਣ ਵਿਚ ਕਮੀ ਨਾ ਰੱਖੀ। ਪਹਿਲੇ ਛਿੱਲ ਖਲੜੀ ਲਾਹੀ, ਫਿਰ ਕੰਡੇ (ਹੱਡੀਆਂ) ਕੱਢੇ, ਮੱਠੀ ਮੱਠੀ ਅੱਗ 'ਤੇ ਭੁੰਨੀ, ਕਈ

੫੯