ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਾਵਾਂ ਤੋਂ ਝਾਤੀ ਪਾ, ਖਿੱਚਾਂ ਪਾਣ ਲੱਗਾ। ਭੰਬਟ ਨੂੰ ਸ਼ਮ੍ਹਾਂ ਵਿਚੋਂ ਚਮਕ, ਭੰਵਰ ਨੂੰ ਕਮਲ ਵਿਚੋਂ ਸੁਗੰਧ ਬਣ, ਮਿਰਗ ਨੂੰ ਨਾਦ ਵਿਚੋਂ ਸ਼ਬਦ ਹੋ ਤੇ ਮੀਨ ਨੂੰ ਜਲ ਵਿਚੋਂ ਠੰਢਕ ਬਣ ਭਰਮਾਉਣ ਲੱਗਾ। ਕੁਦਰਤ ਦਾ ਪ੍ਰਬੰਧ ਇਕ-ਰਸ ਚਲ ਰਿਹਾ ਹੈ, ਉਛਾਲੇ ਇਕੋ ਜਿਹੇ ਹੁੰਦੇ ਹਨ, ਜੀਵਨ ਉਤਾਂਹ ਉਠਿਆ ਤੇ ਸ਼ੌਕ ਭੀ ਤੇਜ਼ ਹੋਇਆ। ਜੀਵਨ ਘਟਾਂ ਬਣ ਛਾਇਆ ਤਾਂ ਪ੍ਰੀਤਾਂ ਨੇ ਭੀ ਪੀਂਘਾਂ ਉੱਚੀਆਂ ਚੜ੍ਹਾਈਆਂ। ਹੁਣ ਤਾਂ ਲੋਹੜਾ ਹੀ ਆ ਗਿਆ, ਲਿਖਾਰੀ ਲਿਖਦੇ, ਕਵੀ ਕਹਿੰਦੇ ਤੇ ਮੁਸੱਵਰ ਤਸਵੀਰਾਂ ਖਿੱਚਦੇ ਥੱਕ ਗਏ, ਪਰ ਇਸ ਪਿਆਰ-ਤੜਪ ਨੂੰ ਕੋਈ ਭੀ ਪੂਰਾ ਪੂਰਾ ਲਿਖ ਜਾਂ ਚਿਤਰ ਨਾ ਸਕਿਆ। ਮੈਦਾਨ ਵਿਚ ਆਇਆ ਇਕ ਛੋਟਾ ਜਿਹਾ ਕੀੜਾ, ਪਿਆਰ ਨੇ ਪੰਖ ਲਾ ਦਿੱਤੇ, ਪੰਖਾਂ ਨੇ ਉਡਾਰੀ ਦਿੱਤੀ, ਬੱਝ ਗਿਆ ਚੱਕਰ, ਬੇਪਰਵਾਹ ਸ਼ਮ੍ਹਾ ਦੀ ਲਾਟ ਦੇ ਗਿਰਦ, ਜੋ ਨੇੜੇ ਗਿਆ, ਸੜ ਗਿਆ। ਇਸ ਦੁਨੀਆਂ ਵਿਚ ਇਕ ਇਕ ਤੂਰ ਦੇ ਥੱਲੇ ਲੱਖਾਂ ਹੀ ਮੂਸਿਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਭਲਾ ਮਰਨ ਤੋਂ ਡਰ ਕੇ ਕੌਣ ਮੁੜਦਾ, ਇਹ ਪ੍ਰਵਾਨਿਆਂ ਦੀ ਰੀਤ ਹੀ ਨਹੀਂ ਸੀ।

ਕਾਲੀ ਦਾਸ ਰਾਗ ਨੂੰ ਦੇਖ ਅਖੀਂ,
ਨਹੀਂ ਪਰਤ ਪਰਵਾਨਿਆਂ ਆਵਣਾ ਏਂ।

ਸੜਨ ਦੇ ਭੈ ਤੋਂ ਪਿਆਰਾਂ ਨੂੰ ਸੁੱਟ ਪਾਣਾ ਅਜਿਹੀ ਰਸਮ ਸੀ, ਜਿਸ ਤੋਂ ਸ਼੍ਰੇਣੀ ਹੀ ਨਾਵਾਕਫ਼ ਸੀ, ਸਿਰਾਂ ਨਾਲ ਨਿਭਾ ਗਏ। ਤੋੜ ਚਾੜ੍ਹ ਗਏ। ਰਸ ਕੀ ਆਇਆ, ਇਹ ਉਹੀ ਜਾਣਨ ਜਿਨ੍ਹਾਂ ਮਾਣਿਆਂ। ਹਾਂ, ਪ੍ਰੀਤ ਦੇ ਵਿਦਿਆਰਥੀਆਂ ਨੂੰ ਪੂਰਨ ਸਬਕ ਪੜ੍ਹਾ ਗਏ।

ਦੂਜੇ ਉਡੇ ਸੁਗੰਧ ਦੇ ਸ਼ੈਦਾਈ, ਜਲ ਦੀ ਸੀਤਲਤਾ ਤੇ ਧਰਤੀ ਦੀ ਸੁਗੰਧੀ ਨੇ, ਸੂਰਜ ਦੀ ਕਿਰਨ ਨੂੰ ਤਪਸ਼ ਦੇ ਇਕ ਹੁਸਨ ਦੀ ਮੂਰਤੀ ਬਣਾਈ, ਧਰਤੀ ਵਿਚੋਂ ਉੱਠ, ਪਾਣੀ ਨੂੰ ਚੀਰ, ਅਕਾਸ਼ ਵਿਚ ਖਿੜ ਖਲੋਤੀ। ਲੋਹੜੇ ਦਾ ਹੁਸਨ, ਇਹਨੂੰ ਕੰਵਲ ਕਹਿੰਦੇ ਸਨ। ਰਸਕ ਚੁਤਰਫ਼ੋਂ ਧਾ ਪਏ। ਕਿਸੇ ਨੇ ਕਿਹਾ, “ਮਾਹੀ ਦੇ ਮੁੱਖ ਵਰਗਾ ਸੋਹਣਾ ਮੁੱਖ ਕੰਵਲ।” ਕੋਈ ਬੋਲਿਆ, “ਮਹਿਬੂਬ ਦੇ ਰੰਗਲੇ ਹਥਾਂ ਵਰਗਾ ਹੁਸੀਨ, ਹਸਤ ਕੰਵਲ।” ਕਿਸੇ ਮਸਤਾਨੇ ਨਾਹਰਾ ਮਾਰਿਆ, ‘ਪ੍ਰੀਤਮ ਦੇ ਨੈਣਾਂ ਦੀ ਨੁਹਾਰ, ਕੇਵਲ-ਨੈਨ।” ਕੌਣ ਸੀ ਜਿਸ ਨੇ ਵੇਖਿਆ ਤੇ ਸਲਾਹਿਆ ਨਾ, ਪਰ ਇਹ ਗੱਲਾਂ ਹੀ ਕਰਦੇ ਰਹੇ; ਏਨੇ ਨੂੰ ਭੂੰ ਭੂੰ ਕਰਦਾ, ਭੀੜਾਂ ਨੂੰ ਚੀਰਦਾ ਮਸਤ ਭੰਵਰ, ਸੋਹਣੇ ਦੀ ਛਾਤੀ 'ਤੇ ਜਾ ਬੈਠਾ। ਰਸ ਵਿਚ ਗੁੱਟ ਹੋ ਅਜਿਹਾ ਬੇਸੁੱਧ ਹੋਇਆ ਕਿ ਸਮੇਂ ਦੀ ਸਾਰ ਨਾ ਰਹੀ। ਸਦਾ ਤੋਂ ਛੜਾ, ਸੂਰਜ ਮਿਲਾਪ ਦੀ ਇਸ ਰਸ-ਭਰੀ ਅਵਸਥਾ ਨੂੰ ਕਿਸ ਤਰ੍ਹਾਂ ਸਹਾਰ ਸਕਦਾ ਸੀ।

ਚੰਨ ਰਲ ਬੈਠੇ ਦੋ ਸੂਰਜ ਨੂੰ ਭਾਏ ਨਾ।
ਛੜਾ ਉਹ ਸਦੀਆਂ ਦਾ ਓਹਨੂੰ ਜੋੜ ਸੁਖਾਏ ਨਾ।
ਕਰੋਧ ਵਿਚ ਆਇਆ ਬਹੁ ਉਚੇਰਾ ਅਤਿ ਲਾਲ ਹੋਇਆ।
ਕਿਰਨਾਂ ਦੇ ਨੇਜ਼ੇ ਫੜ ਰੂਪ ਬਿਕਰਾਲ ਹੋਇਆ।
ਕਾਟ ਕੁਝ ਕੀਤੀ ਨਾ ਉਹਦੇ ਕੀਤੇ ਵਾਰਾਂ ਨੇ।

੫੮