ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾਲੀ ਜਿਧਰ ਨੂੰ ਝੁਕਦੀ ਝੁਕਦੇ ਓਧਰ ਤੁਸੀਂ ਵੀ,
ਪਿਛੇ ਕਿਸੇ ਦੇ ਲਗੇ ਪਿਛੇ ਸੀ ਲਾਣ ਵਾਲੇ।

(ਕਰਤਾ)

ਦੂਤੀ ਦੀਆਂ ਗੱਲਾਂ ਸੁਣ ਫੁੱਲ ਨੇ ਪੁੱਛਿਆ, “ਹੇ ਚਤਰ! ਜੇ ਮੈਂ ਡਾਲੀ ਦਾ ਸੰਗ ਛੱਡ ਦਿਆਂ, ਆਪੇ ਤੋਂ ਵਿਛੜਾਂ ਤਾਂ ਮੇਰਾ ਠਿਕਾਣਾ ਕਿੱਥੇ।” ਚਲਾਕ ਫੁਲੇਰੇ ਨੇ ਸਮਝਿਆ ਮੇਰਾ ਕੰਮ ਬਣ ਗਿਐ, ਉਸਤਤ ਨੇ ਭੋਲੇ ਫੁੱਲ ਨੂੰ ਉਖੇੜ ਸੁੱਟਿਆ, ਵਡਿਆਈ ਦੇ ਵਹਿਣ ਵਿਚ ਵਹਿ ਤੁਰਿਆ ਹੈ। ਇੱਕ ਧੱਕਾ ਹੋਰ ਮਾਰਾਂ, ਇਹ ਸੋਚ ਕਹਿਣ ਲਗਾ, “ਹੁਸੀਨਾਂ ਨੂੰ ਠਿਕਾਣਿਆਂ ਦੀ ਕੀ ਥੁੜ। ਰਸਕ, ਦੁਨੀਆਂ ਦੇ ਬਜ਼ਾਰ ਵਿਚ ਜੋਬਨ ਦੀ ਖ਼ਰੀਦਾਰੀ ਲਈ ਧਨ ਦੀਆਂ ਥੈਲੀਆਂ ਫੜੀ ਫਿਰਦੇ ਹਨ। ਤੇਰਾ ਮੁੱਲ ਭਾਰਾ ਪਵੇਗਾ, ਤੂੰ ਜ਼ੇਵਰ ਬਣ ਸੋਹਲਾਂ ਦੀਆਂ ਕਲਾਈਆਂ ਤੇ ਜੋਬਨਵੰਤੀਆਂ ਦੀਆਂ ਛਾਤੀਆਂ ਤੇ ਟਿਕੇਂਗਾ। ਸੇਜ ਤੇ ਵਿਛ, ਤਨਾਂ ਨੂੰ ਗਲਵਕੜੀਆਂ ਪਾਏਂਗਾ, ਜਿਨ੍ਹਾਂ ਦੀ ਤਾਂਘ ਵਿਚ ਕਈ ਤੜਪ ਮੋਏ। ਏਥੇ ਹੀ ਬੱਸ ਨਹੀਂ, ਮੰਦਰਾਂ ਵਿਚ ਚੜ੍ਹ ਇਸ਼ਟ ਦੇਵਤਾ ਦੇ ਸਿਰ 'ਤੇ ਜਾ ਟਿਕੇਂਗਾ।"

ਚਲ ਖਾਂ ਪਰੇ, ਸਜਾ ਕੇ, ਜ਼ੇਵਰ ਤੇਰੇ ਬਣਾਵਾਂ।
ਫਿਰ ਪਾ ਕੇ ਛਾਬੇ ਅੰਦਰ ਤੇਰਾ, ਮੈਂ ਮੁਲ ਪੁਆਵਾਂ।
ਪਰੀਆਂ ਤੇ ਅਪਛਰਾਂ ਦੀ ਸੇਜੀਂ ਤੂੰ ਜਾ ਚੜ੍ਹੇਂਗਾ।
ਸੁਣ ਸੋਹਣਿਆਂ, ਮੈਂ ਤੈਨੂੰ, ਗਲ ਸੋਹਣਿਆਂ ਦੇ ਲਾਵਾਂ।
ਮੰਦਰ ਪੁਜਾਰੀਆਂ ਨੂੰ ਦੇਸਾਂ ਮੈਂ ਤੇਰਾ ਢੋਆ,
ਭਗਤਾਂ ਦੇ ਸਿਰ ਦੇ ਠਾਕਰ, ਉਹਨਾਂ ਦੇ ਸਿਰ ਚੜ੍ਹਾਵਾਂ।

ਜਦ ਖ਼ੁਦਗ਼ਰਜ਼, ਖ਼ੁਸ਼ਾਮਦੀ ਤੇ ਮਤਲਬੀ ਆਪਣਾ ਪੂਰਾ ਟਿਲ ਲਾ ਚੁੱਕਾ, ਜਿੰਨੀਆਂ ਬਣ ਆਈਆਂ, ਫੁਲਹਿਣੀਆਂ ਦੇ ਚੁੱਕਾ ਤਾਂ ਫੁੱਲ ਨੇ ਸਹਿਜ ਨਾਲ ਕਿਹਾ, “ਇਹ ਗੱਲਾਂ ਤਾਂ ਸਭ ਸੱਚ ਨੇ, ਪਰ ਕੀ ਤੂੰ ਨਹੀਂ ਜਾਣਦਾ ਕਿ ਡਾਲੀ ਨਾਲੋਂ ਟੁੱਟਦਿਆਂ ਹੀ ਮੈਂ ਆਪੇ ਤੋਂ ਉੱਖੜ ਜਾਸਾਂ। ਪ੍ਰੀਤੋਂ ਮੂੰਹ ਮੋੜ ਚੁੱਕੇ ਬੇਵਫ਼ਾ ਵਾਂਗ, ਮੇਰਾ ਰਸ ਰੂਪ ਉੱਡ ਜਾਸੀ ਤੇ ਰਾਤ ਸੇਜਾ 'ਤੇ ਗੁਜ਼ਾਰ ਸਵੇਰੇ ਕੂੜੇ ਦੇ ਢੇਰ 'ਤੇ ਜਾ ਪੈਣਾ ਹੀ ਮੇਰੀ ਤਕਦੀਰ ਬਣਸੀ।"

ਡਾਲੀ ਤੋਂ ਟੁਟਦਿਆਂ ਹੀ ਮੈਥੋਂ ਚਮਨ ਛੁਟੇਗਾ,
ਹੋਸਾਂ ਨਿਮਾਣਾ ਜੱਗ ਤੇ, ਥੀਸਾਂ ਜਦੋਂ ਨਥਾਵਾਂ।
ਜੋਬਨ ਸੁਗੰਧ ਸੁਹੱਪਣ ਇਕ ਰਾਤ ਦੇ ਪਰਾਹੁਣੇ,
ਪਿਛੋਂ ਜੋ ਰਸ ਨਾ ਪੁਜਾ ਸਭ ਤੋੜਸਨ ਤਣਾਵਾਂ।
ਹੋਇਆ ਕੀ ਰਾਤ ਭਰ ਜੇ, ਸੋਜਾ ਤੇ ਜਾ ਸੰਵਾਂਗਾ,
ਹੋ ਕੇ ਨਕਾਰਾ ਤੜਕੇ ਕੂੜੇ ਤੇ ਜਾ ਪਵਾਂਗਾ।

(ਕਰਤਾ)

ਹੁਣ ਜੀਵਨ ਤੀਜੇ ਜ਼ੀਨੇ 'ਤੇ ਚੜ੍ਹਿਆ, ਹਰਕਤ ਹੋਰ ਵਧੀ, ਇਕ ਥਾਂ ਤੋਂ ਦੂਜੀ ਥਾਂ ਤੁਰਨ ਲੱਗਾ। ਚੇਤਨਤਾ ਹੋਰ ਚਮਕੀ, ਪਿਆਰ ਨੇ ਭੀ ਰੂਪ ਵਟਾਇਆ।

ਉਹ ਵੀ ਤੁਰ ਫਿਰਿਆ, ਕਿਸੇ ਸੁੰਦਰ ਆਬਸ਼ਾਰ ਦੀਆਂ ਅੱਡੋ-ਅੱਡ ਧਾਰਾਂ ਵਾਂਗ ਕਈ

੫੭