ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗਿਆੜਿਆਂ ਵਿਚ ਸੂਰਜ ਲਈ ਹੈ। ਇਹ ਖਿੱਚਾਂ, ਤਾਂਘਾਂ ਅਤੇ ਬੇਚੈਨੀਆਂ ਪ੍ਰਕ੍ਰਿਤਕ ਮਾਦੇ ਦੀ ਦੁਨੀਆਂ ਵਿਚ ਜੀਵਨ ਦੇ ਮੁਢਲੇ ਪ੍ਰਕਾਸ਼ ਦੇ ਨਿਸ਼ਾਨ ਹਨ। ਰਸੀਆਂ ਨੇ ਇਹਨਾਂ ਤੋਂ ਸਬਕ ਲੈ ਲੈ ਪ੍ਰੇਮ ਦੀ ਸੰਧਾ ਪਕਾਈ ਹੈ ਤੇ ਕਿਹਾ ਹੈ, ਜਿਸ ਤਰ੍ਹਾਂ ਅੱਗ ਦੇ ਚੰਗਿਆੜੇ, ਅੱਗ ਦੇ ਕੇਂਦਰ ਸੂਰਜ ਵਿਚ, ਧੂੜ ਦੇ ਕਿਣਕੇ ਧੂੜ ਵਿਚ ਅਤੇ ਪਾਣੀ ਦੀਆਂ ਲਹਿਰਾਂ ਸਾਗਰ ਵਿਚ ਸਮਾ ਰਹੀਆਂ ਹਨ, ਏਸੇ ਤਰਾਂ ਹੀ ਵਿਆਪਕ ਜੀਵਨ ਦੇ ਅੰਗ ਅੱਡੋ ਅੱਡ ਹੋ ਕੇ ਓੜਕ ਉਹਦੇ ਵਿਚ ਆ ਮਿਲਣਗੇ।”

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ
ਨਿਆਰੇ ਨਿਆਰੇ ਹੋਇ ਕੈ ਫੇਰਿ ਆਗ ਮੈ ਮਿਲਾਹਿੰਗੇ।
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈਂ
ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ।
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ
ਪਾਨ ਕੇ ਤਰੰਗ ਸਬੈ ਪਾਨ ਹੀ ਸਮਾਹਿੰਗੇ।
ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ
ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿੰਗੇ।

(ਅਕਾਲ ਉਸਤਤਿ, ਪਾਤਸ਼ਾਹੀ ੧੦)

ਹੁਣ ਬਨਸਪਤੀ ਵਿਚ ਨਿਗਾਹ ਮਾਰੋ, ਜੀਵਨ ਨੇ ਦੂਸਰਾ ਰੂਪ ਲਿਆ, ਧਰਤੀ ਵਿਚੋਂ ਸਿਰ ਕਢ ਖਲੋਤਾ, ਧੁੱਪ, ਛਾਂ, ਗਰਮੀ ਤੇ ਸਰਦੀ ਦਾ ਅਸਰ ਵਧੇਰੇ ਮਹਿਸੂਸ ਕਰਨ ਲੱਗਾ, ਪ੍ਰੇਮ ਭੀ ਨਾਲ ਹੀ ਪਲਟ ਖਲੋਤਾ, ਜਾਤ ਨਾ ਜੀਵਨ ਦੀ ਬਦਲੀ, ਨਾ ਪ੍ਰੇਮ ਦੀ, ਰੂਪ ਦੋਹਾਂ ਨੇ ਨਵੇਂ ਲੈ ਲਏ। ਜਿਥੇ ਪਾਣੀ ਵਿਚ ਕਤਰਾ ਤੇ ਸਾਗਰ ਨੇ ਸੀਮਾ ਰਖ ਕੇ ਪ੍ਰੇਮ ਦੀ ਬਾਜ਼ੀ ਸ਼ੁਰੂ ਕੀਤੀ ਸੀ, ਉਥੋਂ ਹੁਣ ਬੀਜ ਤੋਂ ਬੀਜ ਤਕ ਅਪੜਨਾ, ਪਿਆਰ ਲੀਲ੍ਹਾ ਦਾ ਕਰਤੱਬ ਬਣ ਗਿਆ। ਅਸਲ ਵਿਚ ਤਾਂ ਆਪ ਤੋਂ ਆਪ ਵੱਲ ਆਉਣਾ ਹੀ ਸਾਰੀ ਖੇਡ ਸੀ।

ਇਸ ਖੇਡ ਨੂੰ ਖੇਡਣ ਲਈ ਕਿਤਨੇ ਹੀ ਭੇਸ ਵਟਾਣੇ ਪਏ, ਕਿਤਨੀਆਂ ਹੀ ਮੰਜ਼ਲਾਂ ਤਹਿ ਕਰਨੀਆਂ ਪਈਆਂ। ਪਹਿਲਾਂ ਪਿਆਰ ਵਿਚ ਬੀਜ ਨੇ ਛਾਤੀ ਪਾੜੀ, ਉਹ ਕੁਝ ਕਰੜੀ ਸੀ, ਮਿੱਟੀ ਵਿਚ ਦੱਬ ਪੋਲੀ ਕਰ ਲਈ। ਫੁਟੇ ਹੋਏ ਸੀਨੇ ਵਿਚੋਂ ਅੰਗੂਰ ਨਿਕਲਿਆ, ਹਰੀ ਅੰਗੂਰੀ ਤੋਂ ਬੂਟਾ, ਬੂਟਿਓਂ ਫੁੱਲ, ਫੁੱਲ ਤੋਂ ਫਲ ਤੇ ਫਲ ਤੋਂ ਫਿਰ ਬੀਜ ਬਣ ਖੇਡ ਜਾ ਮੁਕੀ। ਇਸ ਪ੍ਰੇਮ-ਲੀਲ੍ਹਾ ਵਿਚ ਜਜ਼ਬੇ ਦਾ ਜੋਸ਼, ਤਾਂਘ ਦੀ ਤੀਬਰਤਾ ਤੇ ਸ਼ੌਕ ਦੀ ਸ਼ੋਖ਼ੀ ਭਰ-ਜੋਬਨ ਵਿਚ ਕਾਇਮ ਰਹੀ, ਮਿਲਾਪ ਦੀਆਂ ਤਾਂਘਾਂ ਨੇ ਹਰ ਮੰਜ਼ਲ ਦੇ ਪੂਰਾ ਕਰਨ 'ਤੇ ਨਵੇਂ ਖੇੜੇ ਦਿਤੇ। ਕਦਮ ਕਦਮ 'ਤੇ ਚਾਅ ਆਏ, ਥਾਂ ਥਾਂ ਤੇ ਖੇੜੇ ਮਿਲੇ, ਸਫਲਤਾ ਦੀਆਂ ਖ਼ੁਸ਼ੀਆਂ ਹਰ ਪਲ ਤੇ ਆਪਣਾ ਪ੍ਰਕਾਸ਼ ਦੇਂਦੀਆਂ ਰਹੀਆਂ।

ਉਹ ਕਦੀ ਡਾਲੀਆਂ ਵਿਚੋਂ ਮਸਤੀ ਬਣ ਝੂੰਮੀਆਂ, ਪੱਤਿਆਂ ਵਿਚੋਂ ਸਬਜ਼ਾ ਬਣ ਲਹਿਰਾਈਆਂ, ਕਰੂੰਬਲਾਂ ਵਿਚੋਂ ਕੋਮਲਤਾ ਬਣ ਲਿਸ਼ਕੀਆਂ, ਕਲੀਆਂ ਵਿਚ ਜੋਬਨ ਹੋ ਉਭਰੀਆਂ, ਫੁੱਲਾਂ ਵਿਚੋਂ ਖ਼ੁਸ਼ਬੂ ਹੋ ਉਡੀਆਂ, ਫਲਾਂ ਵਿਚੋਂ ਰਸ ਬਣ ਸਵਾਦੀ ਲੱਗੀਆਂ

ਤੇ ਬੀਜ ਵਿਚ ਨਿੱਜ ਜੀਵਨ ਦਾ ਨਵਾਂ ਰੂਪ ਲੈ, ਲੱਗੀਆਂ ਨੂੰ ਤੋੜ ਨਿਭਾ ਗਈਆਂ।

੫੪