ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/52

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵੱਡੀਆਂ ਗੀਟੀਆਂ, ਵੱਟਾਂ-ਬੰਨੇ ਅਤੇ ਘਾਟੀਆਂ ਸਭ ਅਸਰ ਪਾ ਤੇ ਜ਼ੋਰ ਲਾ ਥੱਕੇ ਪਰ ਕਤਰੇ ਦੇ ਛੋਟੇ ਜੀਵਨ ਵਿਚ ਉਪਜੇ ਹੋਏ ਪ੍ਰੇਮ ਨੇ ਕਿਸੇ ਵਲ ਤਵੱਜੋ ਨਾ ਕੀਤੀ, ਕਿਸੇ ਦੀ ਪਰਵਾਹ ਨਾ ਕੀਤੀ। ਉਹ ਮਸਤਾਨਿਆਂ ਵਾਂਗ ਉੱਛਲਦਾ, ਨੱਚਦਾ ਟੱਪਦਾ ਤੁਰਿਆ ਹੀ ਗਿਆ। ਭਲਾ ਹੋਰ ਕਿਸੇ ਨੇ ਕੀ ਰੋਕਣਾ ਸੀ, ਉਸਦੀ ਰਵਾਨੀ ਨੂੰ ਸਮਾਂ ਭੀ ਪ੍ਰਭਾਵਿਤ ਨਾ ਕਰ ਸਕਿਆ। ਸ਼ਾਮਾਂ ਪੈ ਗਈਆਂ, ਦਿਨ ਦੇ ਚਾਨਣ ਨੂੰ ਰਾਤ ਨੇ ਆਪਣੀਆਂ ਜ਼ੁਲਫ਼ਾਂ ਦੇ ਹਨੇਰੇ ਥੱਲੇ ਲੁਕਾ ਲਿਆ, ਉਸ ਦੀਆਂ ਲਿਟਾਂ ਵਿਚੋਂ ਨਿਕਲੀ ਹੋਈ ਨੀਂਦ ਦੀ ਖ਼ੁਸ਼ਬੂ ਨੇ ਕੁਲ ਆਲਮ ਨੂੰ ਮਸਤ ਕਰ ਸੁਲਾ ਦਿਤਾ। ਸਾਜ਼ਿੰਦਿਆਂ ਦੇ ਕੰਧਿਆਂ 'ਤੇ ਸੁਰ ਹੋਏ ਸਾਜ਼ ਟਿਕੇ ਹੀ ਰਹਿ ਗਏ। ਗਵੱਈਆਂ ਦੇ ਮਧੁਰ ਗੀਤ ਤੇ ਨਗ਼ਮੇਂ ਨੀਂਦ ਦੀ ਲੈਅ ਵਿਚ ਲਹਿ ਗਏ। ਸਾਕੀ ਦੇ ਮਹਿੰਦੀ ਰੰਗਲੇ ਹੱਥਾਂ ਵਿਚ ਜਾਮ ਟਿਕੇ ਟਿਕਾਏ ਹੀ ਇਕ ਪਾਸੇ ਡਿਗ ਡੁਲ੍ਹ ਗਏ, ਇਹ ਸਾਰੀ ਮਹਿਫ਼ਲ ਕਿਸ ਨੇ ਮਦਹੋਸ਼ ਕੀਤੀ, ਇਕ ਨੀਂਦ ਦੀ ਜਾਦੂਗਰੀ ਨੇ:

ਸੁਰ ਹੋਏ ਸਾਜ਼ ਤਊਸਾਂ ਤੇ ਰਾਜ਼ ਰਖੇ ਹੀ ਰਹਿ ਜਾਂਦੇ ਨੇ।
ਨਗ਼ਮੇ ਤੇ ਤਾਲ ਤਰਾਨੇ ਸਭ ਜਿਸ ਲੈ ਵਿਚ ਲਹਿ ਜਾਂਦੇ ਨੇ।
ਸਾਕੀ ਦੇ ਰੰਗਲੇ ਹੱਥਾਂ ਤੋਂ ਤਦ ਜਾਮ ਭਰੇ ਢਹਿ ਜਾਂਦੇ ਨੇ।
ਰਸੀਏ ਮਸਨਦ ਤੇ ਬੈਠੇ ਹੀ ਕਿਸ ਵਹਿਣ ਅੰਦਰ ਵਹਿ ਜਾਂਦੇ ਨੇ।
ਕੁਲ ਆਲਮ ਹੀ ਸੁੰਨ ਕਰਦੀ ਏ ਜਿਹੀ ਜਾਦੂ ਛੜੀ ਫਰਾਂਦੀ ਏ।
ਨੀਂਦਰ ਦੀ ਗੋਦੀ ਮਿਠੀ ਏ ਕੁਲ ਆਲਮ ਥਪਕ ਸੁਲਾਂਦੀ ਏ।

(ਕਰਤਾ)

ਪਰ ਇਹ ਕੁਲ ਆਲਮ 'ਤੇ ਛਾ ਜਾਣ ਵਾਲੀ ਨੀਂਦ ਭੀ ਇਸ਼ਕਬਾਜ਼ ਬੂੰਦਾਂ ਨੂੰ ਤੁਰਨੋਂ ਬੰਦ ਨਾ ਕਰ ਸਕੀ। ਰਾਤ ਦੀ ਚੁਪੀਤੀ ਫ਼ਿਜ਼ਾ ਵਿਚ ਇਹਨਾਂ ਬੂੰਦਾਂ ਦੇ ਕਾਫ਼ਲੇ ਦੇ ਇਕ-ਰਸ ਉਚੇ ਉਚੇ ਗੀਤ, ਹਰ ਜਾਗ ਰਹੇ ਅਤੇ ਜਾਗੋ ਮੀਟੇ ਜਾਨਦਾਰ ਨੇ ਸੁਣੇ। ਸ਼ਾਇਰ ਨਦੀ ਦੀ ਇਸ ਇਕ-ਰਸ ਰਵਾਨੀ ਨੂੰ ਤੱਕ ਹੈਰਾਨ ਹੋ ਗਿਆ, ਤੇ ਕਹਿ ਉਠਿਆ, “ਓ ਬੇਚੈਨ ਬੂੰਦਾਂ ਦੀ ਬੇਪਰਵਾਹ ਨਦੀ! ਕੀ ਤੂੰ ਨਹੀਂ ਤੱਕ ਰਹੀ, ਸ਼ਾਮਾਂ ਪੈ ਗਈਆਂ ਨੇ, ਸਾਰੇ ਸੰਸਾਰ ਨੇ ਆਪਣੇ ਕੰਮ ਸਮੇਟ ਲਏ ਨੇ, ਮੁਸਾਫ਼ਰ ਸਰਾਵਾਂ ਦੇ ਸ਼ਾਂਤ ਗੋਸ਼ਿਆਂ ਵਿਚ ਜਾ ਬਿਰਾਜੇ ਨੇ, ਪਰ ਤੂੰ ਕਿਉਂ ਨਹੀਂ ਅਟਕਦੀ, ਸਾਹ ਕਿਉਂ ਨਹੀਂ ਕੱਢ ਲੈਂਦੀ, ਰਾਤ ਦੀ ਰਹਿਮਤ, ਸ਼ਾਂਤੀ ਤੇ ਨੀਂਦ ਵਿਚੋਂ ਹਿੱਸਾ ਕਿਉਂ ਨਹੀਂ ਵੰਡਾ ਲੈਂਦੀ।” “ਨਾਦਾਨ ਕਵੀ”, ਨਦੀ ਨੇ ਕਿਹਾ, “ਜਗਤ ਦੇ ਮੁਸਾਫ਼ਰਾਂ ਦੇ ਪੈਂਡੇ ਤ੍ਰਿਸ਼ਨਾ ਤੋਂ ਪੈਦਾ ਹੋਈਆਂ ਗ਼ਰਜ਼ਾਂ ਦੇ ਆਸਰੇ ਹਨ, ਉਹਨਾਂ ਦੀ ਚਾਲ ਵਿਚ ਤੋਟਾ ਆ ਸਕਦਾ ਹੈ, ਪਰ ਸਾਡਾ ਕਾਫ਼ਲਾ ਸੀਨੇ ਵਿਚ ਖਿੱਚ ਖਾ ਚੁੱਕੇ ਪਾਂਧੀਆਂ ਦਾ ਹੈ। ਇਥੇ ਸੁਸਤਾਉਣ ਕੀ, ਸਾਡੇ ਦਸਤੂਰ ਹੀ ਅਵੱਲੇ ਹਨ:

ਸੀਨੇ ਖਿਚ ਜਿਨ੍ਹਾਂ ਨੇ ਖਾਧੀ ਉਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ।

(ਭਾਈ ਵੀਰ ਸਿੰਘ)

ਦਿਨ ਹੋਏ ਚਾਹੇ ਰਾਤ, ਤੁਰੀ ਹੀ ਜਾਣਾ, ਨਾ ਥੱਕਣਾ, ਨਾ ਠਹਿਰਨਾ ਤੇ ਨਾ ਮੁੜਨਾ, ਇਹ ਤਿੰਨੇ ਸਾਡੇ ਜੀਵਨ ਵਿਚ ਤਾਪ ਸਮਝੇ ਜਾਂਦੇ ਹਨ। ਇਹਨਾਂ ਤੋਂ ਪ੍ਰਭੂ

੫੨