ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੇ। ਇਹਨਾਂ ਦੀ ਸਮਝ ਆਪੋ ਆਪਣੀ, ਤਰੀਕੇ ਅੱਡੋ ਅੱਡ ਅਤੇ ਨਿਸ਼ਚੇ ਵਖ ਵਖਰੇ ਸਨ, ਪਰ ਨਿਸ਼ਾਨਾ ਅਦ੍ਰਿਸ਼ਟ ਦੀ ਢੂੰਡ ਦਾ ਇਕੋ ਹੋਣ ਕਰਕੇ, ਇਕ ਸਦ ਸਾਰਿਆਂ ਦੇ ਮੂੰਹੋਂ ਨਿਕਲੀ ਕਿ ਉਹ ਭਗਤੀ ਬਿਨਾ ਨਹੀਂ ਪਾਇਆ ਜਾਂਦਾ ਤੇ ਭਗਤੀ ਪ੍ਰੇਮ ਬਿਨਾ ਨਹੀਂ ਹੁੰਦੀ। ਖੋਜੀਆਂ ਦੇ ਇਸ ਸਾਂਝੇ ਫ਼ੈਸਲੇ ਨੂੰ ਰਸਕ ਸ਼ਾਹ-ਸਵਾਰ ਨੇ ਦਮਾਮੇ 'ਤੇ ਚੋਟ ਮਾਰ ਕੇ ਸੁਣਾ ਦਿਤਾ, “ਸਾਰੇ ਸੁਣ ਲੈ ! ਮੈਂ ਸਚ ਕਹਿੰਦਾ ਹਾਂ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਨੇ ਪ੍ਰਭੂ ਨੂੰ ਪਾਇਆ ਹੈ।”

ਸਾਚ ਕਹੂੰ ਸੁਨਿ ਲੇਹੁ ਸਭੈ ਜਿਨਿ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ॥

(ਸਵਯੇ ਪਾਤਸ਼ਾਹੀ ੧੦)

ਇਹ ਪ੍ਰੇਮ ਹੀ ਜੀਵਨ ਦਾ ਰਾਜ ਸੀ। ਪ੍ਰਾਣਾਂ ਦੀ ਜੋਤੀ ਇਸ ਦੇ ਆਸਰੇ ਹੀ ਪ੍ਰਚਲਤ ਹੁੰਦੀ। ਇਹ ਕਈਆਂ ਦੇ ਅੰਦਰ ਉਤਸ਼ਾਹ ਬਣ ਕੇ ਖਿੜਦਾ, ਸੰਗੀਤ ਬਣ ਕੇ ਸੁਆਦ ਤੇ ਪੀੜਾਂ ਬਣ ਕੇ ਕਸਕਾਂ ਦੇਂਦਾ, ਅੱਥਰੂ ਬਣ ਤੁਰਦਾ ਤੇ ਗੀਤ ਬਣ ਬੰਸਰੀਆਂ, ਸਾਰੰਗੀਆਂ ਤੇ ਸਰੰਦਿਆਂ ਦੀ ਰਾਹੀਂ ਗਾਇਆ ਜਾਂਦਾ ਰਿਹਾ। ਇਸ ਦਾ ਸਰੂਰ ਸਾਰੇ ਸਰੂਰਾਂ ਤੋਂ ਵਧੇਰੇ ਰਸੀਲਾ, ਇਸ ਦੇ ਸੰਗੀਤ ਦੀ ਮਧੁਰਤਾ ਮਨਮੋਹਣੀ, ਇਸਦੇ ਨਸ਼ੱਈਆਂ ਨੇ ਇਕ ਇਕ ਘੱਟ ਤੋਂ ਸਲਤਨਤਾਂ ਵਾਰ ਦਿਤੀਆਂ:

ਬਾਦਸ਼ਾਹਾਂ ਸਲਤਨਤ ਬਿਗਸ਼ਾਤੰਦ ਤਾ ਬਿਆਬੰਦ ਜੁਗ ਅਜ਼ ਮੀਨਾਏ ਇਸ਼ਕ।

(ਮੁਲਾਨਾ ਰੂਮੀ)

ਇਸ ਦੇ ਮਸਤਾਨਿਆਂ ਨੇ ਸੂਲੀਆਂ ਨੂੰ ਸੁਰਾਹੀਆਂ ਜਾਣ ਪੀਤਾ। ਸਲੀਬਾਂ ਕੰਧਿਆਂ 'ਤੇ ਚੁਕ ਟੁਰ ਪਏ, ਜੋ ਸਿਰ ਪਈ ਸਹੀ, ਪਰ ਪਿਛਾਂਹ ਨਾ ਹਟੇ। ਆਖ਼ਰ ਅਜਿਹਾ ਕਿਉਂ ਹੋਇਆ ?

ਸੱਚ ਤਾਂ ਇਹ ਹੈ ਕਿ ਕਰਤਾ ਨੇ ਜਗਤ ਦੀ ਕ੍ਰਿਤ ਆਪਣੇ ਆਪ ਵਿਚੋਂ ਕੀਤੀ। ਇਸ ਆਪੇ ਦੇ ਪ੍ਰਕਾਸ਼ ਨੂੰ ਭਾਵੇਂ ‘ਕੁੰਨ’ ਤੋਂ ਕਹੋ ਤੇ ਭਾਵੇਂ ‘ਓਮ’ ਤੋਂ, ਇਹ ਅੱਖਰਾਂ ਦੀ ਗੱਲ ਹੈ ਜੋ ਜੀਭਾਂ ਤੋਂ ਬੋਲੇ ਜਾਂਦੇ ਹਨ। ਇਹਨਾਂ ਵਿਚ ਭੇਦ ਪੈ ਸਕਦਾ ਹੈ ਪਰ ਭਾਵ ਵਿਚ ਭੇਦ ਨਹੀਂ, ਆਪੇ ਤੋਂ ਕੀਤਿਓਸੁ, ਆਪ ਵੇਖਿਓਸੁ ਤਾਂ ਸੋਹਣੀ ਲੱਗੀ। ਸੁੰਦਰ ਟਿਕਾਣਾ ਤੱਕ, ਵਿਚ ਆਪ ਟਿਕ ਬੈਠਾ:

ਨਿਦਾਂ ਨਿਸਤੇਮ ਅਜ਼ ਰੇਜ਼ੇ ਅਜ਼ਲ ਈ ਨਕਸ਼ੇ ਆਦਮ ਰਾ।
ਕਿ ਨੱਕਾਸ਼ ਅਜ਼ ਬਰਾਏ ਬੂਦਨੇ ਖ਼ੁਦ ਖ਼ਾਨਾ ਮੇ ਸ਼ਾਜਦਿ।

(ਭਾਈ ਨੰਦ ਲਾਲ)

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥

(ਆਸਾ ਦੀ ਵਾਰ ਮ: ੧, ਪੰਨਾ ੪੬੩)

ਜੀਆਂ ਦਾ ਜੀਵਨ ਹੋ ਗਿਆ:

ਰਾਮ ਗੁਸਈਆ ਜੀਅ ਕੇ ਜੀਵਨਾ
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ॥

(ਗਉੜੀ ਰਵਿਦਾਸ, ਪੰਨਾ ੩੪੫)

ਟਿਕਿਆ ਕੁਲ ਵਿਚ ਤੇ ਸਮਾਇਆ ਹਰ ਅੰਗ ਵਿਚ, ਕੀ ਜਲ, ਕੀ ਥਲ, ਪ੍ਰਿਥਵੀ

੪੯