ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਰਨ ਕਮਲ ਵਿਚ ਸਮਾਣ ਦੀ ਮੌਜ ਹੈ, ਇਸ ਨੂੰ ਕਿਸੇ ਅਨੁਮਾਨ ਦੁਆਰਾ ਦੱਸਿਆ ਨਹੀਂ ਜਾ ਸਕਦਾ। ਦੇਖਿਆਂ ਹੀ ਸੁਆਦ ਆਉਂਦਾ ਹੈ, ਕਹਿਣ ਦੀ ਕੁਝ ਸ਼ੋਭਾ ਨਹੀਂ:

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥

(ਸਲੋਕ ਕਬੀਰ, ਪੰਨਾ ੧੩੭੦)

ਹਾਫ਼ਜ਼ ਕਹਿੰਦਾ ਹੈ:

ਤਪੀਦਨ ਹਾ ਚਿ ਮੇ ਦਾਨਦ ਦਿਲੇ ਅਫਸ਼ੁਰਦਾ ਏ ਜ਼ਾਹਿਦ॥
ਅਦਾਏ ਕਾਬਜ਼ੇ ਨਸ਼ਤਰ, ਰਗੇ ਬੇ ਖ਼ੂਨ ਚਿ ਮੀ ਦਾਨਦ॥

"ਸਿਮਰਨ ਦਾ ਸ਼ੌਕ ਇਕ ਨਸ਼ਤਰ ਹੈ, ਜਿਸ ਦੀ ਚੋਭ ਦਾ ਰਸ ਬਿਰਹੋਂ ਵਿਜੋਗੀ ਮਨ ਮਾਣਦਾ ਹੈ। ਕਰਮ-ਕਾਂਡੀ ਦੀਆਂ ਮੋਈਆਂ ਹੋਈਆਂ ਰਗਾਂ ਨੂੰ ਉਸ ਦਾ ਸੁਆਦ ਕੀ।”

ਸੋ, ਸਿਮਰਨ ਦਾ ਸਮਝਣ ਨਾਲੋਂ ਕਰਨ ਨਾਲ ਹੀ ਸਹੀ ਸਰੂਪ ਦੇਖਿਆ ਜਾ ਸਕਦਾ ਹੈ।

੪੭