ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਆਏ ਗਏ ਸਾਧੂ, ਅਭਿਆਗਤਿ, ਅਤਿਥੀਆਂ ਦੇ ਡੇਰੇ ਲਗੇ ਹੀ ਰਹਿੰਦੇ ਸਨ। ਉਹਨਾਂ ਦੀ ਮਾਂ ਦੀ ਜ਼ਬਾਨ 'ਤੇ ਇਹ ਸ਼ਿਕਾਇਤ ਸਦਾ ਰਹਿੰਦੀ ਸੀ ਕਿ ਇਕ ਦੋ ਸਾਧੂ ਘਰ ਆ ਵੜਦੇ ਹਨ ਤੇ ਇਕ ਦੋ ਰਾਹ ਤੁਰੇ ਆਉਂਦੇ ਹੁੰਦੇ ਹਨ:

ਇਕ ਦੁਇ ਮੰਦਰਿ ਇਕ ਦੁਇ ਬਾਟ॥
ਹਮ ਕਉ ਸਾਥਰੁ ਉਨ ਕਉ ਖਾਟ॥
ਮੂਡ ਪਲੋਸਿ ਕਮਰ ਬਿਧਿ ਪੋਥੀ॥
ਹਮ ਕਉ ਚਾਬਨੁ ਉਨ ਕਉ ਰੋਟੀ।

(ਗੰਡ ਕਬੀਰ, ਪੰਨਾ ੮੭੧)

ਅਸੀਂ ਪਰਵਾਰ ਦੇ ਜੀਅ ਧਰਤੀ 'ਤੇ ਸੌਂਦੇ ਹਾਂ, ਮੰਜੀ ਉਹਨਾਂ ਨੂੰ ਮਿਲ ਜਾਂਦੀ ਹੈ। ਅਸੀਂ ਛੋਲੇ ਹੀ ਚੱਬ ਕੇ ਗੁਜ਼ਾਰਾ ਕਰਦੇ ਹਾਂ। ਘਰ ਦੀਆਂ ਪੱਕੀਆਂ ਰੋਟੀਆਂ, ਪੱਤਰ ਉਹਨਾਂ ਸਾਧੂਆਂ ਨੂੰ ਖੁਆ ਦੇਂਦਾ ਹੈ। ਤੰਗ ਆ ਕੇ, ਮਹਿਰਮ ਮਾਂ ਇਥੋਂ ਤਕ ਕਹਿ ਉਠਦੀ ਕਿ ਇਹਨਾਂ ਭੁੱਖਾਂ ਦੁੱਖਾਂ ਨਾਲੋਂ, ਇਹ ਮੁੰਡਾ ਹੀ ਕਿਉਂ ਨਾ ਮਰ ਗਿਆ:

ਮਾਤ ਸੂਤ ਇਨਿ ਮੁੰਡੀਏ ਖੋਏ ਇਹੁ ਮੁੰਡੀਆ ਕਿਉਂ ਨਾ ਮੁਇਓ॥

(ਬਿਲਾਵਲੁ ਕਬੀਰ, ਪੰਨਾ ੮੫੬)

ਪਰ ਇਹ ਤਮਾਮ ਆਰਥਕ ਤੰਗੀ ਤੇ ਗ਼ਰੀਬੀ ਦੇ ਹੁੰਦਿਆਂ ਕੌਣ ਨਹੀਂ ਜਾਣਦਾ ਕਿ ਕਬੀਰ ਨੂੰ ਨਿਹਚਲ ਰਾਜ ਪ੍ਰਾਪਤ ਹੋਇਆ। ਜਿਸ ਦਾ ਜ਼ਿਕਰ ਉਹਨਾਂ ਨੇ ਆਪ ਹੀ ਕੀਤਾ ਹੈ।

ਸਿਮਰਨ ਅਭਿਆਸ ਦੀ ਆਖ਼ਰੀ ਮੰਜ਼ਲ ਤਾਲਬ ਮਤਲੂਬ ਦਾ ਇਕ ਹੋ ਜਾਣਾ ਹੈ। ਸਤਿਗੁਰਾਂ ਫੁਰਮਾਇਆ ਹੈ ਕਿ ਜਿਸ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹ ਉਹੋ ਜਿਹਾ ਹੀ ਹੋ ਜਾਂਦਾ ਹੈ:

ਜੈਸਾ ਸੇਵੈ ਤੈਸੋ ਹੋਇ॥

(ਗਉੜੀ ਮ: ੧, ਪੰਨਾ ੨੨੩)

ਭਗਤ ਕਬੀਰ ਜੀ ਕਹਿੰਦੇ ਹਨ ਕਿ ਸਿਮਰਨ ਦਾ ਫਲ ਰੂਪ ਮਨੁੱਖ-ਜੋਤ, ਪਰਮ ਜੋਤ ਵਿਚ ਇਸ ਤਰ੍ਹਾਂ ਮਿਲ ਜਾਂਦੀ ਹੈ ਕਿ ਕਿਸੇ ਨੂੰ ਉਹਨਾਂ ਦੇ ਕਦੀ ਅੱਡੋ ਅੱਡ ਹੋਣ ਖ਼ਿਆਲ ਹੀ ਨਹੀਂ ਹੁੰਦਾ:

ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ॥

(ਗਉੜੀ ਕਬੀਰ, ਪੰਨਾ ੩੩੫)

ਪਰ ਇਹ ਵਿਚਾਰ ਮਹਿਜ਼ ਲਿਖਣ ਔਰ ਪੜ੍ਹਨ ਨਾਲ ਬਹੁਤਾ ਕੰਮ ਨਹੀਂ ਦੇ ਸਕਦੇ। ਇਹ ਕਰਨ ਨਾਲ ਤਅੱਲਕ ਰਖਦਾ ਹੈ। ਮਿੱਠਾ ਖਾਣ ਤੋਂ ਬਿਨਾ ਖੰਡ 'ਤੇ ਲਿਖੇ ਹੋਏ ਭਾਰੇ ਸਾਹਿਤ ਦੇ ਪੜ੍ਹਨ ਨਾਲ ਵੀ ਜਿਹਬਾ ਮਿੱਠੀ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚੰਦ ਚੜ੍ਹਨ ਤੋਂ ਬਗ਼ੈਰ ਚਾਂਦਨੀ ਦਾ ਆਨੰਦ ਤੇ ਫੁੱਲ ਸੁੰਘੇ ਬਿਨਾ ਖ਼ੁਸ਼ਬੂ ਨਹੀਂ ਲਈ ਜਾ ਸਕਦੀ, ਇਸੇ ਤਰ੍ਹਾਂ ਹੀ ਨਾਮ ਸਿਮਰਨ ਦੀ, ਆਪ ਕੀਤੇ ਤੋਂ ਬਿਨਾ ਕਿਸੇ ਨੂੰ ਪੜ੍ਹਨ

ਸੁਣਨ ਦੁਆਰਾ ਸਹੀ ਸਮਝ ਨਹੀਂ ਆ ਸਕਦੀ। ਇਹ ਇਕ-ਰਸ ਦੀ ਅਵਸਥਾ ਹੈ ਤੇ ਰਸ ਮਾਣਿਆਂ ਹੀ ਆ ਸਕਦਾ ਹੈ। ਭਗਤ ਕਬੀਰ ਜੀ ਨੇ ਕਿਹਾ ਹੈ ਕਿ ਪ੍ਰਭੂ ਸਿਮਰਨ

੪੬