ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੇ ਮਨ ਮੇਰੇ ਤੂੰ ਤਾ ਸਿਉ ਰਾਚ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ॥
ਨਾਨਕ ਜਾਪੁ ਜਪੈ ਜਪੁ ਸੋਇ॥੭॥
ਆਪਿ ਜਪਾਏ ਜਪੈ ਸੋ ਨਾਉ॥
ਆਪਿ ਗਾਵਾਏ ਸੁ ਹਰਿ ਗੁਨ ਗਾਉ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ॥
ਪ੍ਰਭੂ ਦਇਆ ਤੇ ਕਮਲ ਬਿਗਾਸੁ॥
ਪ੍ਰਭੁ ਸੁ ਪ੍ਰਸੰਨ ਬਸੈ ਮਨਿ ਸੋਇ॥
ਪ੍ਰਭ ਦਇਆ ਤੇ ਮਤਿ ਊਤਮ ਹੋਇ॥
ਸਰਬ ਨਿਧਾਨ ਪ੍ਰਭ ਤੇਰੀ ਮਇਆ॥
ਆਪਹੁ ਕਛੂ ਨ ਕਿਨਹੂ ਲਇਆ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ॥
ਨਾਨਕ ਇਨ ਕੈ ਕਛੂ ਨ ਹਾਥ॥੮॥੬॥

(ਸੁਖਮਨੀ ਸਾਹਿਬ, ਪੰਨਾ ੨੬੯)

ਪ੍ਰਸ਼ਾਦ ਛਕਣ ਸਮੇਂ, ਛੱਤੀ ਅੰਮ੍ਰਿਤ ਦਾਤਾ ਠਾਕੁਰ ਨੂੰ ਮਨ ਵਿਚ ਰਖ, ਸਰੀਰ ਨੂੰ ਸੁਗੰਧ ਲਾਉਣ ਵਾਲੇ ਗੰਧ-ਦਾਤਾ ਨੂੰ ਸਿਮਰ। ਮੰਦਰ ਵਿਚ ਬੈਠਣ ਸਮੇਂ ਸੰਗੀਆਂ ਦੇ ਸੁਖ ਵਿਚ ਬਿਸਰਾਮ ਕਰਦੇ ਹੋਏ, ਰਸ ਰੰਗ ਭੋਗਦੇ ਤੇ ਰੇਸ਼ਮੀ ਕਪੜੇ ਹੰਢਾਂਦੇ ਮਨੁੱਖ! ਦਾਤਾਂ ਦੇ ਦੇਣ ਵਾਲੇ ਨੂੰ ਯਾਦ ਰਖ। ਸੇਜਾ ਦੇ ਸੁਖ, ਲੋਕ-ਮਾਣ, ਪ੍ਰੇਮ ਤੇ ਦਰਗਾਹ ਦੀ ਪੱਤ ਬਖ਼ਸ਼ਣਹਾਰ ਨੂੰ ਯਾਦ ਕਰ। ਕੰਚਨ ਵਰਗੀ ਦੇਹ ਦੇਣ ਵਾਲੇ ਰਾਮ ਸਨੇਹੀ ਨਾ ਭੁਲ। ਐਬਾਂ ਨੂੰ ਛੁਪਾ ਲੈਣ ਵਾਲੇ ਠਾਕੁਰ ਦੀ ਸ਼ਰਨ ਪਉ, ਜਿਸ ਨੇ ਦੁਰਲਭ ਦੇਹ ਦੇ ਕੇ ਤੈਨੂੰ ਭਗਤੀ ਵੱਲ ਲਾਇਆ। ਜ਼ੇਵਰ ਪਹਿਨਣ ਤੇ ਹਸਤੀ ਘੋੜੇ ਚੜਨ ਦਿਤੇ ਅਤੇ ਮਾਲ-ਧਨ ਬਖ਼ਸ਼ੇ। ਸਦਾ ਆਚਾਰ ਤੇ ਬਿਉਹਾਰ ਸਿਖਾਇਆ, ਉਸਨੂੰ ਸੁਆਸ ਸੁਆਸ ਸਿਮਰ। ਮਨ ਵਿਚ ਵਸਾ ਜਿਸਦੇ ਹੱਥ ਵਿਚ ਸਭ ਕੁਛ ਹੈ।

ਪਹਾੜ ਦੇ ਪਾਂਧੀ ਨੂੰ ਜਿਉਂ ਜਿਉਂ ਠੰਢੀ ਹਵਾ ਦੇ ਬੁਲ੍ਹੇ ਲਗਦੇ ਹਨ, ਉਹ ਜਾਣ ਲੈਂਦਾ ਹੈ ਕਿ ਪਰਬਤ ਦੀਆਂ ਉਚੀਆਂ ਚੋਟੀਆਂ ਕਰੀਬ ਆ ਰਹੀਆਂ ਹਨ। ਬਰਫ਼ ਦੇ ਨੇੜੇ ਗਿਆ ਠੰਢ, ਫੁੱਲਾਂ ਦੇ ਲਾਗੇ ਲਗਿਆਂ ਸੁਗੰਧੀ, ਜਿਸ ਤਰ੍ਹਾਂ ਕਦਮ ਕਦਮ ਤੇ ਵਧਦੀ ਜਾਂਦੀ ਹੈ, ਉਸੇ ਤਰ੍ਹਾਂ ਹੀ ਸਿਮਰਨ ਅਭਿਆਸੀ ਵਿਚ ਉਤਸ਼ਾਹ, ਖੇੜਾ- ਚਾਓ, ਨਿਡਰਤਾ ਤੇ ਬੇਪ੍ਰਵਾਹੀ ਵਧਦੀ ਜਾਂਦੀ ਹੈ। ਸਤਿਗੁਰਾਂ ਨੇ ਫ਼ਰਮਾਇਆ ਹੈ ਕਿ ਜਿਸ ਮਨੁੱਖ ਨੂੰ ਅਤਿ ਮੁਸ਼ਕਲ ਬਣੇ, ਦੁਸ਼ਮਣਾਂ ਦੇ ਭੈ ਕਾਰਨ ਸਾਕ ਭੀ ਭੱਜ ਜਾਣ, ਕੋਈ ਆਸਰਾ-ਪਰਨਾ ਨਾ ਰਹੇ, ਪਾਰਬ੍ਰਹਮ ਦੇ ਚਿਤ ਆਉਣ ਨਾਲ ਉਸਨੂੰ ਤੱਤੀ ਵਾਉ ਨਹੀਂ ਲਗ ਸਕਦੀ:

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇਇ॥
ਸਭੋ ਭਜੈ ਆਸਰਾ ਚੂਕੈ ਸਭੁ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥

(ਸਿਰੀਰਾਗੁ ਮ: ੫, ਪੰਨਾ ੭੦)

੪੪