ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂਂ ਉਚੇਰਿਆਂ ਨਹੀਂ ਚੁਕ ਸਕਦੀ। ਨਾਮ ਅਭਿਆਸੀ ਨੇ ਤਾਂ ਯਾਦ ਵਿਚ ਸੁਰਤ ਜੋੜ ਆਪਣੀ ਦੇਹ ਨੂੰ ਵੀ ਭੁਲ ਜਾਣਾ ਸੀ। ਇਸ ਟਪਲੇ ਨਾਲ ਸਗੋਂ ਇਕ ਹੋਰ ਦੂਸਰੀ ਦੇਹ ਦੀ ਦੀਵਾਰ ਆਪਣੇ ਤੇ ਨਾਮੀ ਦੇ ਦਰਮਿਆਨ ਖੜੀ ਕਰ ਬੈਠਾ। ਸਤਿਗੁਰਾਂ ਨੇ ਅਭਿਆਸੀ ਨੂੰ ਪ੍ਰਭੂ ਸਿਫ਼ਤਾਂ ਦਾ ਧਿਆਨ ਧਰਨ ਲਈ ਕਿਹਾ ਹੈ। ਜਦ ਸਿੱਖ ਮੁਖ ਤੋਂ ‘ਵਾਹਿਗੁਰੂ, ਵਾਹਿਗੁਰੂ' ਦਾ ਜਾਪ ਕਰੇ ਤਾਂ ਉਸਦੇ ਮਨ ਵਿਚ ਇਹ ਤਸੱਵਰ ਰਹੇ ਕਿ ਮੇਰੇ ਮਹਿਬੂਬ ਵਾਹਿਗੁਰੂ, ਸਭ ਸੰਸਾਰ ਦਾ ਪਸਾਰਾ ਤੇਰੇ ਸਦਕੇ ਹੈ। ਹੇ ਸਦਾ ਸਲਾਮਤ ਨਿਰੰਕਾਰ! ਨਹੀਂ ਕਿਹਾ ਜਾ ਸਕਦਾ, ਤੂੰ ਕਦੋਂ ਦਾ ਹੈਂ। ਕਈ ਬ੍ਰਹਮਾ ਅਤੇ ਵਿਸ਼ਨੂੰ ਤੂੰ ਬਣਾਏ, ਜਿਨ੍ਹਾਂ ਨੂੰ ‘ਮਾਇਆ’ ਦਾ ਮਦ ਲਗ ਗਿਆ, ਤੂੰ ਹੀ ਮਖ਼ਲੂਕ ਦਾ ਪਾਲਣਹਾਰ ਹੈਂ। ਸੇਵਕ ਤਾਂ ਏਹੀ ਕਹੇਗਾ ਕਿ ਸਭ ਦ੍ਰਿਸ਼ਟਮਾਨ ਤੇਰਾ ਹੀ ਸਦਕਾ ਹੈ:

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭਹੂ ਕਉ ਤਦ ਕਾ॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥

(ਸਵਈਏ ਮ: ੪, ਪੰਨਾ ੧੪੦੩)

ਇਸ ਤਰ੍ਹਾਂ ਕੀਤੀ ਹੋਈ ਮਾਨਸਿਕ ਸਿਫ਼ਤ ਸਾਲਾਹ ਅਭਿਆਸੀ ਨੂੰ ਨਾਮੀ ਦੀਆਂ ਸਿਫ਼ਤਾਂ ਵਲ ਚੁਕਾਂਦੀ ਹੈ, ਤੇ ਜਦੋਂ ਉਹ ਵਿਸਮਾਦ ਵਿਚ ਜਾਂ ਰਸ ਵਿਚ ਸਮਾਂਦਾ ਹੈ ਤਾਂ ਨਾਮ ਨਾਮੀ ਇਕ ਰੂਪ ਹੋ ਜਾਣ ਕਰਕੇ, ਅਭਿਆਸੀ ਨੂੰ ਜੀਵਨ ਮਨੋਰਥ ਪ੍ਰਾਪਤ ਹੋ ਜਾਂਦਾ ਹੈ।

ਆਰੰਭ ਵਿਚ ਅਭਿਆਸੀਆਂ ਦੀਆਂ ਕਈ ਸ਼ਰੇਣੀਆਂ ਨੇ ਤਸਬੀ, ਮਾਲਾ ਜਾਂ ਸਿਮਰਨਾ ਫੇਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਉਹਨਾਂ ਦਾ ਖ਼ਿਆਲ ਹੈ ਕਿ ਹਰ ਮਾਲਾ ਦਾ ਮਣਕਾ ਫੇਰਨ ਨਾਲ ਮਹਿਬੂਬ ਦਾ ਨਾਮ ਲਿਆ ਜਾਏ, ਪਰ ਇਸ ਸਾਧਨ ਨੂੰ, ਪੁੱਛਿਆਂ ਹੋਇਆਂ ਨੇ ਕੋਈ ਬਹੁਤੀ ਪ੍ਰਭੁਤਾ ਨਹੀਂ ਦਿਤੀ। ਉਹਨਾਂ ਦਾ ਖ਼ਿਆਲ ਹੈ ਕਿ ਇਹ ਤਰੀਕਾ ਇਕ ਤਾਂ ਲੋਕਾਂ ਵਿਚ ਭਜਨ ਦੀ ਨੁਮਾਇਸ਼ ਕਰਦਾ ਹੈ, ਜਿਸ ਤਾਂ ਜਨਤਾ ਵਿਚ ਪਰਤਿਸ਼ਟਾ ਵਧ ਜਾਣ ਕਰਕੇ ਅਭਿਆਸੀ ਨੂੰ ਨੁਕਸਾਨ ਪੁਜਦਾ ਹੈ ਤੇ ਦੂਜੇ ਥੋੜ੍ਹੇ ਸਮੇਂ ਦੇ ਬਾਅਦ ਹੀ ਹਥ ਮਣਕੇ ਫਿਰਾਂਦੇ ਰਹਿੰਦੇ ਹਨ ਤੇ ਮਨ ਗ਼ੈਰ-ਹਾਜ਼ਰ ਹੋ ਜਾਂਦਾ ਹੈ। ਸ਼ੇਖ਼ ਸਾਅਦੀ ਨੇ ਤੇ ਏਥੋਂ ਤਕ ਲਿਖਿਆ ਹੈ ਕਿ ਜ਼ਾਹਦ ਦਾ ਹੱਥ ਤਸਬੀ 'ਤੇ, ਅਤੇ ਅੱਖ ਲੋਕਾਂ ਦੇ ਮਾਲ 'ਤੇ ਰਹਿੰਦਾ ਹੈ। ਕਾਫ਼ਰ ਤਾਂ ਕਾਫ਼ਰ ਸਨ ਹੀ, ਪਰ ਇਹ ਮੋਮਨ ਦੇ ਰੂਪ ਵਿਚ ਕਾਫ਼ਰ ਦੇਖਿਆ ਗਿਆ ਹੈ:

ਤਸਬੀ ਬਦਸਤੇ ਜ਼ਾਹਦ ਚਸ਼ਮ ਬ ਮਾਲੇ ਮਰਦਮ।
ਈ ਕਾਫ਼ਰੇ ਮੁਸਲਮਾਂ ਦੀਦਮ ਨਾ ਦੀਦਾ ਬੂਦਮ।

ਭਗਤ ਕਬੀਰ ਜੀ ਨੇ ਭੀ ਮਾਲਾ ਦੀ ਥਾਂ ਜਿਹਬਾ ਫਿਰਾਣ ਦੀ ਹੀ ਰੀਤ ਧਾਰਨ ਕੀਤੀ ਸੀ:

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥

(ਸਲੋਕ ਕਬੀਰ, ਪੰਨਾ ੧੩੬੪)

੪੧