ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਮਰਨ

ਮਨੁੱਖ ਦੀਆਂ ਸ਼ਕਤੀਆਂ ਵਿਚੋਂ ਯਾਦ (ਸਿਮਰਤੀ) ਇਕ ਮੁਖ ਸ਼ਕਤੀ ਹੈ, ਜਿਸ ਦੇ ਬਲ ਕਰਕੇ ਮਨੁੱਖ ਆਪਣੀ ਦੁਨੀਆਂ ਤਿਆਰ ਕਰਦਾ ਹੈ। ਬੀਤੀ ਦੇ ਤਜਰਬਿਆਂ ਤੋਂ ਸਬਕ ਲੈ ਭਵਿੱਖਤ ਬਣਾਣਾ ਹੀ ਇਨਸਾਨ ਨੂੰ ਦੂਸਰੀ ਮਖ਼ਲੂਕ ਤੋਂ ਉੱਚਾ ਬਣਾ ਗਿਆ ਹੈ। ਨਹੀਂ ਤਾਂ ਖਾਣ, ਪਹਿਨਣ ਤੇ ਸਰੀਰਕ ਬਲ ਵਿਚ ਮਨੁੱਖ ਕੋਈ ਦੂਸਰੀਆਂ ਜਿਨਸਾਂ ਨਾਲੋਂ ਵਿਸ਼ੇਸ਼ ਨਹੀਂ ਸੀ। ਮਨੁੱਖ ਤੋਂ ਚੰਗੇ ਫਲ, ਮੇਵੇ, ਤੋਤੇ ਤੇ ਗਾਲ੍ਹੜ ਖਾਂਦੇ ਹਨ।ਇਸ ਤੋਂ ਤਾਜ਼ਾ ਦੁਧ ਵੱਛੇ-ਕੱਟੇ ਪੀਂਦੇ ਹਨ। ਖ਼ੂਬਸੂਰਤ ਪੁਸ਼ਾਕ ਜੋ ਮੋਰ ਤੇ ਕਬੂਤਰ ਦੇ ਹਿਸੇ ਆਈ ਹੈ, ਮਨੁਖ ਨੂੰ ਨਹੀਂ ਲੱਭ ਸਕੀ। ਜੇ ਇਸ ਨੇ ਟਿੱਲ ਲਾ ਕੇ ਬਣਾਈ ਭੀ ਤਾਂ ਉਹ ਦੂਜੇ ਦਿਨ ਮੈਲੀ ਹੋ ਗਈ। ਗੱਲ ਕੀ, ਮਨੁੱਖ ਕਿਸੇ ਹੋਰ ਗੱਲੋਂ ਭੀ ਦੂਸਰੀਆਂ ਸ਼੍ਰੇਣੀਆਂ ਨਾਲੋਂ ਉੱਚਾ ਨਹੀਂ ਸੀ, ਜੇ ਇਸ ਕੋਲ ਯਾਦ-ਸ਼ਕਤੀ ਨਾ ਹੁੰਦੀ। ਯਾਦ ਨੇ ਹੀ ਇਸ ਨੂੰ ਵਡਿਆਈ ਦਿਤੀ ਹੈ ਤੇ ਇਹ ਗੁਜ਼ਰ ਚੁਕੀ ਉਮਰ ਦੇ ਤਜਰਬਿਆਂ ਨੂੰ ਯਾਦ ਕਰ, ਉਸ ਵਾਕਫ਼ੀਅਤ ਦੇ ਬਲ ਨਾਲ ਹੀ ਦਿਨ-ਬਦਿਨ ਅਗਾਂਹ ਵਧਦਾ ਜਾਂਦਾ, ਤੇ ਸਭ ਮਖ਼ਲੂਕ ਦਾ ਸਰਦਾਰ ਅਖਵਾਂਦਾ ਹੈ। ਇਸ ਯਾਦ-ਸ਼ਕਤੀ ਦੀ ਵਰਤੋਂ ਹੀ ਸਿਮਰਨ ਹੈ। ਇਸ ਦੇ ਰਾਹੀਂ ਹੀ ਅਸੀਂ ਹਰ ਬੀਤੀ ਜਾਂ ਆਉਣ ਵਾਲੀ ਚੀਜ਼ ਨੂੰ ਚੇਤੇ ਕਰਦੇ ਹਾਂ

ਮਨੁੱਖ ਜਿਸ ਤਰ੍ਹਾਂ ਆਪਣੀ ਹਰ ਇਕ ਚੀਜ਼ ਵਰਤਣ ਵਿਚ ਸੁਤੰਤਰ ਹੈ, ਉਸੇ ਤਰ੍ਹਾਂ ਹੀ ਯਾਦ ਦੀ ਵਰਤੋਂ ਵੀ ਆਪਣੀ ਮਰਜ਼ੀ ਦੇ ਮੁਤਾਬਕ ਕਰ ਸਕਦਾ ਹੈ। ਜਿਸ ਤਰ੍ਹਾਂ ਪ੍ਰਜ੍ਵਲਤ ਅਗਨੀ ਤੋਂ ਰੋਟੀ ਪਕਾਉਣ ਦਾ ਕੰਮ ਭੀ ਲਿਆ ਜਾ ਸਕਦਾ ਹੈ ਤੇ ਮਕਾਨ ਨੂੰ ਫੂਕਣ ਦਾ ਭੀ, ਉਸੇ ਤਰ੍ਹਾਂ ਹੀ ਯਾਦ ਤੋਂ ਮਨੁੱਖੀ ਮਨ ਲਈ ਸ਼ਾਂਤੀ ਦੇ ਸਾਧਨ ਪੈਦਾ ਕਰਨ ਦਾ ਵੀ ਕੰਮ ਲਿਆ ਜਾ ਸਕਦਾ ਹੈ ਤੇ ਜੀਵਨ ਨੂੰ ਦੁਖਦਾਈ ਕਰਨ ਦਾ ਵੀ। ਅਜਿਹੀ ਯਾਦ ਜਿਸ ਦੇ ਨਾਲ ਮਨ ਵਿਚ ਨੇਕੀ, ਪਵਿਤ੍ਰਤਾ, ਮੈਤਰੀ, ਉਪਕਾਰ, ਸੱਚਾਈ ਤੇ ਮੁਹੱਬਤ ਪੈਦਾ ਹੋਵੇ, ਜੀਵਨ ਨੂੰ ਉਚੇਰਿਆਂ ਕਰਦੀ ਹੈ, ਪਰ ਜਿਸ ਯਾਦ ਨਾਲ ਮਨ ਵਿਚ ਗਿਲਾਨੀ, ਨਫ਼ਰਤ, ਦਵੈਸ਼, ਈਰਖ਼ਾ, ਨਿੰਦਾ ਤੇ ਵਾਦ ਪੈਦਾ ਹੋਵੇ ਉਹ ਜੀਵਨ ਨੂੰ ਥੱਲੇ ਲੈ ਜਾਂਦੀ ਹੈ। ਫ਼ਰੀਦ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੰਮਾਂ ਵਿਚ ਕੋਈ ਗੁਣ ਨਹੀਂ ਉਹਨਾਂ ਨੂੰ ਭੁਲਾ ਦੇ, ਕਿਉਂ ਜੋ ਉਹਨਾਂ ਦੇ ਯਾਦ ਕਰਨ ਕਰਕੇ ਅਜਿਹਾ ਨਾ ਹੋਵੇ ਕਿ ਤੈਨੂੰ ਸਾਹਿਬ ਦੇ ਦਰਵਾਜ਼ੇ ਤੇ ਜਾ ਕੇ ਸ਼ਰਮਿੰਦਾ ਹੋਣਾ ਪਵੇ :

ਫਰੀਦਾ ਜਿਨੀ ਕੰਮੀ ਨਾਹਿ ਗੁਣ ਤ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥

(ਸਲੋਕ ਫਰੀਦ, ਪੰਨਾ ੧੩੮੧)

ਯਾਦ ਤਾਂ ਇਕ ਸਤਹ ਹੈ ਪਰ ਵਰਤੋਂ ਚੰਗੀ ਅਰ ਮੰਦੀ ਦੋਹਾਂ ਕਿਸਮਾਂ ਦੀ

੨੯