ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/22

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਦਾਸੀ ਤੁਰਨ ਲਗੇ ਤਾਂ ਆਪ ਨੇ ਭਾਈ ਮਰਦਾਨੇ ਜੀ ਨੂੰ ਭੇਜ, ਬੇਬੇ ਨਾਨਕੀ ਜੀ ਕੋਲੋਂ ਰੁਪਏ ਮੰਗਵਾ, ਫਿਰੰਦੇ ਪਾਸੋਂ ਰਬਾਬ ਖ਼ਰੀਦਿਆ। ਇਹ ਰਬਾਬ ਤੇ ਰਬਾਬੀ ਬਾਬਾ ਜੀ ਦਾ ਜਗਤ ਤਾਰਨ ਦਾ ਬਹਾਨਾ ਸਨ। ਮਰਦਾਨੇ ਨੂੰ ਵਜਾਉਣੀ ਨਹੀਂ ਸੀ ਆਉਂਦੀ। ਬਾਬੇ ਨੇ ਖ਼ੁਦ ਸਿਖਾਇਆ। ਜਦ ਤਾਰ ਛਿੜੀ ਤਾਂ ਬਸਤੀਆਂ, ਵੀਰਾਨਿਆਂ, ਜੰਗਲਾਂ, ਪਹਾੜਾਂ ਤੇ ਥਲਾਂ ਤੇ ਸੰਗੀਤ ਲਾਉਂਦਾ ਚਲਾ ਗਿਆ। ਰਾਖਸ਼ਸ ਤੇ ਠੱਗ ਮਨਾਂ ਨੂੰ ਸੰਤ ਬਣਾਉਣਾ ਉਸ ਦੀ ਕਾਰ ਸੀ:

ਘਲ ਕੇ ਫਿਰੰਦੇ ਢਿਗ ਰਬਾਬ ਮੰਗਾਇਆ ਪਹਿਲੇ,
ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਬਜਾਣਾ ਸੀ।
ਚਾਰ ਕੁੰਟ ਤਾਰ ਵੱਜੀ ਜੰਗਲੀ ਪਹਾੜੀਂ ਥਲੀਂ,
ਸੁਣੀ ਹੋਇਆ ਪਾਰ, ਰਿਹਾ ਆਵਣ ਨਾ ਜਾਣਾ ਸੀ।
ਕੌਡੇ ਜਿਹੇ ਜਾਬਰਾਂ, ਬਾਬਰ ਜਹੇ ਕਾਬਰਾਂ,
ਤੇ ਸਜਣ ਜਹੇ ਠੱਗਾਂ ਨੇ ਵੀ ਸੁਣਿਆ ਤਰਾਨਾ ਸੀ।
ਬਾਬੇ ਦਾ ਰਬਾਬੀ, ਰਬ-ਆਬੀ ਭਿੰਨੀ ਤਾਰ ਜੀਹਦੀ,
ਨਾਮ ਮਰਦਾਨਾ, ਜਗ ਤਾਰਨੇ ਬਹਾਨਾ ਸੀ।

(ਕਰਤਾ)


ਹੁੰਦੀ ਵੀ ਕਿਉਂ ਨਾ, ਭਾਰਤਵਰਸ਼ ਦੇ ਗਵੱਈਏ, ਬਾਬੇ ਤੋਂ ਪਹਿਲਾਂ ਤਾਂ ਵਿਕਾਰਾਂ ਦਾ ਦੀਪਕ ਗਾ ਗਾ ਕੇ ਹੀ ਜਗਤ ਨੂੰ ਜਲਾ ਰਹੇ ਸਨ:

ਦੀਪਕ ਕੋ ਗਾਏ ਗਾਏ ਭਾਰਤ ਹਵਾ ਜਿਉਂ ਤਪਿਆ,
ਗਾਇਕੇ ਮਲਹਾਰ ਮੇਘ, ਵਾਕੋ ਸੀਆ ਰਾਇਦੇ।
ਬਾਬੇ ਕੇ ਰਬਾਬੀ, ਭਾਈ ਮਰਦਾਨਾ ਉਠ,
ਨੇਸੁਕ ਰਬਾਬ ਪਰ ਮਿਜ਼ਰਾਬ ਤੋਂ ਲਗਾਇਦੇ॥

(ਭਾਈ ਕਾਹਨ ਸਿੰਘ ਜੀ)

ਇਹ ਕੁਦਰਤ ਨੇ ਬਾਬੇ ਦੇ ਰਾਹੀਂ ਮਰਦਾਨੇ ਦੇ ਰਬਾਬ*[1] ਦੇ ਹਿੱਸੇ ਹੀ ਰਖਿਆ ਸੀ ਕਿ


  1. *ਰਬਾਬ ਇਕ ਈਰਾਨੀ ਸਾਜ਼ ਹੈ, ਜਿਸਦੀ ਖਰਜ ਦੀ ਤਾਰ ਆਮ ਤੌਰ 'ਤੇ ਤੰਦੀ ਦੀ ਹੁੰਦੀ ਹੈ। ਇਹ ਮਿਜ਼ਰਾਬ ਨਾਲ ਵਜਾਇਆ ਜਾਂਦਾ ਹੈ। ਸਰਹੰਦ ਤੇ ਬਲੋਚਿਸਤਾਨ ਵਿਚ ਇਸ ਦਾ ਅੱਜ ਵੀ ਬਹੁਤ ਰਿਵਾਜ ਹੈ। ਉਥੇ ਕਿਤੇ ਵੀ ਇਸਲਾਮੀ ਹੋਟਲ ਦੀ ਰੋਣਕ ਰਬਾਬ ਦੀ ਤਾਰ ਛੇੜੇ ਬਿਨਾਂ ਨਹੀਂ ਬਣ ਸਕਦੀ। ਗੁਰੂ ਘਰ ਵਿਚ ਆਦਿ ਸਤਿਗੁਰਾਂ ਤੋਂ ਲੈ ਕੇ ਦਸਮ ਸਤਿਗੁਰਾਂ ਤਕ ਇਸ ਦੇ ਵਜਾਣ ਦਾ ਰਿਵਾਜ ਰਿਹਾ ਹੈ। ਰਿਆਸਤ ਮੰਡੀ ਦੇ ਬਾਹਰਲੇ ਬਿਆਸਾ ਕਿਨਾਰੇ ਦੇ ਗੁਰਦੁਆਰੇ ਵਿਚ ਪਈਆਂ ਦਸਮ ਪਾਤਸ਼ਾਹ ਦੀਆਂ ਯਾਦਗਾਰਾਂ ਵਿਚੋਂ ਇਕ ਰਬਾਬ ਭੀ ਹੈ। ਭਾਈ ਮਰਦਾਨੇ ਜੀ ਦੀ ਸੰਪਰਦਾ ਵਿਚ ਰਾਇ ਸੱਤਾ ਬਲਵੰਡ ਤੇ ਭਾਈ ਬਾਬਕ ਜੀ ਤੋਂ ਚਲਦਾ ਹੋਇਆ ਰਬਾਬ ਸਾਡੇ ਤਕ ਪੁੱਜਾ ਹੈ। ਗੁਰਪੁਰਵਾਸੀ ਭਾਈ ਕੱਥਾ ਸਿੰਘ ਨੱਥਾ ਸਿੰਘ ਜੀ ਨਨਕਾਣੇ ਸਾਹਿਬ ਵਾਲੇ, ਬੜੀ ਮਸਤੀ ਵਿਚ ਰਬਾਬ ਵਜਾਇਆ ਕਰਦੇ ਸਨ। ਕਦੀ ਕਦੀ ਭਾਈ ਤਾਨਾ ਸਿੰਘ ਜੀ ਦੇ ਹੱਥ ਵੀ ਦੇਖਿਆ ਗਿਆ ਸੀ। ਪਰ ਅੱਜ ਇਸ ਦਾ ਰਿਵਾਜ ਸਿਖ ਕੀਰਤਨੀਆਂ ਵਿਚ ਗੁੰਮ ਹੋ ਗਿਆ ਹੈ। ਹਾਰਮੋਨੀਅਮ ਵਾਜੇ ਦੀ, ਜੋ ਪੱਛਮੀ ਭਿਖਾਰੀਆਂ ਦਾ ਸਾਜ਼ ਹੈ, ਵਰਤੋਂ ਨੇ ਮਿਹਨਤ ਤੋਂ ਜੀ ਚੁਰਾਉਣ ਵਾਲੇ ਰਾਗੀਆਂ ਤੇ ਰਬਾਬੀਆਂ ਦੀ ਤਵੱਜੋ ਤੰਤੀ ਸਾਜ਼ ਵੱਲੋਂ ਆਮ ਤੌਰ 'ਤੇ ਅਤੇ ਰਬਾਬ ਵਲੋਂ ਖ਼ਾਸ ਤੌਰ 'ਤੇ ਹਟਾ ਦਿੱਤੀ ਹੈ। ਉੱਚੀਆਂ ਸੰਗੀਤ ਸਭਾਵਾਂ ਵਿਚ ਇਸ ਦੀ ਥਾਂ ਪੱਛਮੀ 'ਗਟਾਰ' ਨੇ ਲੈ ਲਈ ਹੈ। ਕੇਹਾ ਚੰਗਾ ਹੋਵੇ ਜੇ ਸਿੱਖ ਰਾਗੀ ਇਸ ਦੇ ਵਜਾਉਣ ਦਾ ਰਿਵਾਜ ਫਿਰ ਪਾ ਲੈਣ।

੨੨