ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੱਗਣਾ ਹੋਵੇਗਾ : ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ। (ਵਾਰ ਮਾਰੂ ਡਖਣੇ ਮ: ੫, ਪੰਨਾ ੧੧੦੨) ਦਾ ਪਵਿਤਰ ਗੁਰਵਾਕ ਇਸੇ ਗੱਲ ਨੂੰ ਸਾਡੇ ਤੇ ਪ੍ਰਗਟ ਕਰਦਾ ਹੈ। ਮਜ਼ਹਬੀ ਦੁਨੀਆ ਵਿਚ ਇਸ ਚਲਨ ਦਾ ਨਾਮ ਹੀ ਸ਼ਰਧਾ ਰਖਿਆ ਗਿਆ ਹੈ ਸ਼ਰਧਾ ਪਿਛੇ ਲੱਗ ਤੁਰਨ ਦਾ ਨਾਂ ਹੈ, ‘ਹਮ ਪੀਛੈ ਲਾਗਿ ਚਲੀ' ਅਤੇ ਇਹ ਹੁਕਮ ਰੱਬੀ ਬਾਣੀ ਵਿਚ ਆਇਆ ਹੈ। ਭਾਵੇਂ ਸੰਸਾਰ ਦੇ ਹੋਰ ਸਾਰਿਆਂ ਸ੍ਰੇਸ਼ਟ ਕੰਮਾਂ ਦੀ ਨਕਲ ਵਾਂਗ ਇਸ ਉੱਚੇ ਚਲਨ ਦੀ ਨਕਲ ਵੀ ਬਹੁਤ ਵੇਰਾਂ ਕੀਤੀ ਜਾਂਦੀ ਹੈ ਤੇ ਬਿਬੇਕ-ਬੁੱਧੀ ਦੇ ਲੋੜਵੰਦ ਪੁਰਖ ਦੀ ਤੀਬਰਤਾ ਨੂੰ ਤੱਕ ਕੇ ਉਸ ਨੂੰ ਧੋਖਾ ਵੀ ਦਿੱਤਾ ਜਾਂਦਾ ਹੈ। ਮੈਲੀ ਤੋਂ ਵਧੇਰੀ ਕੱਚੀ ਬੁੱਧੀ ਵਾਲੇ ਲੋਕ ਕਈ ਵੇਰਾਂ ਭਰਮਾ ਕੇ ਜਗਿਆਸੂਆਂ ਨੂੰ ਮਗਰ ਲਾ ਲੈਂਦੇ ਹਨ, ਤੇ ਅੰਧ-ਵਿਸ਼ਵਾਸ ਦੇ ਜਾਲ ਵਿਚ ਫਸ ਕੇ ਦੁਖੀ ਹੋ ਰਹੇ ਲੋਕ ਇਸ ਗੱਲ ਦਾ ਪ੍ਰਤੱਖ ਪਰਮਾਣ ਹਨ, ਪਰ ਇਸ ਦੇ ਇਹ ਅਰਥ ਨਹੀਂ ਕਿ ਸ਼ਰਧਾ ਆਪਣੀ ਜ਼ਾਤ ਵਿਚ ਦੁਖਦਾਈ ਸ਼ੈ ਹੈ। ਜਿਸ ਤਰ੍ਹਾਂ ਮੁਲੰਮੇ ਦੇ ਗਹਿਣਿਆਂ ਦੀ ਝੂਠੀ ਨੁਮਾਇਸ਼ ਤਕ ਸੋਨੇ ਦੀ ਬਹੁਮੁੱਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਾਗ਼ਜ਼ਾਂ ਦੇ ਫੁੱਲ ਵੇਖ ਕੇ ਸੱਚੀ ਮੁੱਚੀ ਦੇ ਫੁੱਲਾਂ ਦੀ ਹੋਂਦ ਤੋਂ ਮੁੱਕਰ ਨਹੀਂ ਜਾਣਾ ਚਾਹੀਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਭਗਤਾਂ ਨੂੰ ਚੋਟਾਂ ਖਾਂਦਿਆਂ ਵੇਖ ਕੇ ਸੱਚੀ ਸ਼ਰਧਾ ਤੋਂ ਕੰਨੀ ਨਹੀਂ ਕਤਰਾਈ ਜਾ ਸਕਦੀ। ਇਹ ਗੱਲ ਤਾਂ ਸੰਤਾਂ ਨੇ ਵੀ ਕਹੀ ਹੈ ਕਿ ਰੋਗੀ ਦੇ ਦਰ 'ਤੇ ਢੱਠਾ ਮਰੀਜ਼ ਅਰੋਗਤਾ ਪ੍ਰਾਪਤ ਨਹੀਂ ਕਰ ਸਕਦਾ। ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥ (ਵਾਰ ਮਲਾਰ ਮ: ੧, ਪੰਨਾ ੧੨੭੯ ਦੇ ਮਹਾਂਵਾਕ ਅਨੁਸਾਰ ਰੋਗ ਰਹਿਤ ਹੀ ਵੈਦ ਹੋ ਸਕਦਾ ਹੈ ਤੇ ਉਸੇ ਤੋਂ ਹੀ ਮਰੀਜ਼ ਨੂੰ ਲਾਭ ਪੁੱਜ ਸਕਦਾ ਹੈ। ਮਾਨਸਿਕ ਤੌਰ 'ਤੇ ਰੋਗੀ ਗੁਰੂ ਵੀ ਮਾਨਸਿਕ ਰੋਗੀ ਜਗਿਆਸੂ ਨੂੰ ਸੁਖੀ ਨਹੀਂ ਕਰ ਸਕਦਾ। ਉਸ 'ਤੇ ਸ਼ਰਧਾ ਕਰਨਾ ‘ਰਸੁ ਮਿਸੁ ਮੇਧ ਅੰਮ੍ਰਿਤੁ ਬਿਖੁ ਚਾਖੀ' ਦੇ ਵਾਕ ਅਨੁਸਾਰ ਅੰਮ੍ਰਿਤ ਦੇ ਭੁਲਾਵੇ ਬਿਖਿਆ ਦਾ ਖਾਣਾ ਹੈ। ਸੋ ਕਬੀਰ ਜੀ ਦੇ ਕਥਨ ਅਨੁਸਾਰ ਕਿ ‘ਕਬੀਰ ਮਾਇ ਮੁੰਡਉ ਤਿਹ ਗੁਰੂ ਕੀ ਜਾ ਤੋ ਭਰਮੁ ਨ ਜਾਇ॥' ਕੱਚੇ ਗੁਰੂ 'ਤੇ ਸ਼ਰਧਾ ਲਿਆਉਣੀ ਵੀ ਜ਼ਰੂਰ ਦੁੱਖ ਰੂਪ ਹੈ। ਪਰ : ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਸਵਈਏ ਮ: ੪, ਪੰਨਾ ੧੩੯੯) ਦੇ ਪਵਿੱਤਰ ਬਚਨ ਅਨੁਸਾਰ ਸੱਚੇ ਗੁਰੂ 'ਤੇ ਸ਼ਰਧਾ ਦੀ, ਜਗਿਆਸੂ ਨੂੰ ਉਸੇ ਤਰ੍ਹਾਂ ਦੀ ਲੋੜ ਹੈ, ਜਿਸ ਤਰ੍ਹਾਂ ਅੰਨ੍ਹੇ ਮੁਸਾਫ਼ਰ ਨੂੰ ਅੱਖਾਂ ਵਾਲੇ ਆਗੂ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਹੀ ਮੂਲ ਮੰਤਰ ਵਿਚ ਈਸ਼ਵਰ ਦਾ ਰੂਪ ਬਿਆਨ ਕਰਨ Sri Satguru Jagjit Singh Ji eLibrary ੧੭੧ Namdhari Elibrary@gmail.com