ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰੂ ਪ੍ਰਕਾਸ਼ ਤੋਂ ਪਹਿਲਾਂ ਮਨੁੱਖੀ ਸਮਾਜ ਹਰ ਪਹਿਲੂ ਤੋਂ ਬਹੁਤ ਥੱਲੇ ਡਿੱਗ ਚੁੱਕਾ ਸੀ, ਉਸਦੇ ਮਨ ਦੀ ਪੱਟੀ ਵਹਿਮਾਂ ਭਰਮਾਂ ਦੀਆਂ ਲੀਕਾਂ, ਈਰਖਾ, ਦਵੈਤ, ਸਾੜੇ ਦੇ ਦਾਗ਼ਾਂ ਤੇ ਜਬਰ, ਧੱਕਾ, ਅਨਿਆਇ ਦੀ ਸਿਆਹੀ ਨਾਲ ਕਾਲੀ ਹੋਈ ਪਈ ਸੀ। ਜਦ ਤਕ ਉਸਨੂੰ ਧੋਤਾ ਨਾ ਜਾਂਦਾ, ਉਸ 'ਤੇ ਕੋਈ ਨਵੀਂ ਲਿਖਤ ਨਹੀਂ ਸੀ ਲਿਖੀ ਜਾ ਸਕਦੀ। ਪੁਰਾਣੀ ਜਨਮ-ਜਨਮਾਤਰਾਂ ਦੀ ਸਿਆਹੀ ਨੂੰ ਧੋਣਾ ਸੌਖਾ ਨਹੀਂ ਨੂੰ ਸੀ। ਮਨੁੱਖ-ਮਨ ਦੇ ਖੋਲੇ ਵਿਚੋਂ ਭਰਮ ਦਾ ਭੂਤ, ਦਵੈਸ਼ ਦਾ ਦਿਓ, ਤੇ ਧੱਕੇ ਦਾ ਜਿੰਨ ਕੱਢਣਾ ਇਕ ਕਠਨ ਕੰਮ ਸੀ, ਜੋ ਮਿਹਨਤ ਦੇ ਨਾਲ ਨਾਲ ਵਕਤ ਵੀ ਮੰਗਦਾ ਸੀ। ਮਨੁੱਖੀ ਜੀਵਨ ਦੇ ਤਿੰਨੇ ਪਹਿਲੂ--ਧਾਰਮਕ, ਸਮਾਜਕ, ਰਾਜਨੀਤਿਕ-ਨਿਸ਼ਾਨੋ ਤੋਂ ਉਖੜ ਕੁਰਾਹੇ ਪਏ ਹੋਏ ਸਨ, ਧਰਮ ਨੂੰ ਪੁਜਾਰੀਆਂ, ਸਮਾਜ ਨੂੰ ਮਨੌਤਾਂ ਤੇ ਰਾਜਨੀਤੀ ਨੂੰ ਜਬਰ ਨੇ ਵਿਗਾੜ, ਮਨੁੱਖ-ਜੀਵਨ ਨੂੰ ਬੇਸੁਆਦਾ ਤੇ ਫਿੱਕਾ ਬਣਾ ਛਡਿਆ ਸੀ। ਇਹ ਰੋਗ ਏਥੋਂ ਤਕ ਵਧ ਗਿਆ ਸੀ ਕਿ ਕਈ ਸਿਆਣਿਆਂ ਨੇ ਸੰਸਾਰ ਨੂੰ ਹੀ ਤਿਆਗ ਦੇਣਾ ਸੁਖ ਦਾ ਸਾਧਨ ਸਮਝ ਲਿਆ ਸੀ। ਪੁਰਾਣੇ ਸਮੇਂ ਦੇ ਫ਼ਲਸਫ਼ੀਆਂ ਦੇ ਮੁਖੀ ਵੇਦਾਂਤੀ ਨੇ ਤਾਂ ਏਥੋਂ ਤਕ ਕਹਿ ਦਿੱਤਾ ਕਿ ਜਗਤ ਅਸਲ ਵਿਚ ਹੈ ਹੀ ਨਹੀਂ। ਮਾਰੂਥਲ ਦੀ ਚਮਕਦੀ ਹੋਈ ਰੇਤ ਦੇ ਪਾਣੀ ਅਤੇ ਹਨੇਰੇ ਵਿਚ ਪਈ ਹੋਈ ਰੱਸੀ ਦੇ ਸੱਪ ਜਾਪਣ ਵਾਂਗ ਕ੍ਰਾਂਤੀ ਕਰਕੇ ਹੀ ਭਾ ਰਿਹਾ ਹੈ, ਅਸਲ ਵਿਚ ਹੈ ਹੀ ਨਹੀਂ। ਉਹ ਵਿਚਾਰੇ ਕਰਦੇ ਵੀ ਕੀ ? ਸਾਰੇ ਵਰਤ ਰਹੇ ਦਸਤੂਰ ਦੇ ਉਲਟ ਖਲੋਣਾ ਕਿਹੜਾ ਸੌਖਾ ਕੰਮ ਸੀ। ਪੁਰਾਣੀਆਂ ਮਨੌਤਾਂ ਦੇ ਵਿਰੁੱਧ ਅਵਾਜ਼ ਉਠਾਉਣੀ, ਸਮਾਜਕ ਨਿਯਮਾਂ ਤੋਂ ਬੇਪਰਵਾਹ ਜਾਣਾ ਤੇ ਹਾਕਮਾਂ ਦੇ ਰਵੱਈਏ ਦਾ ਖੰਡਨ ਕਰਨਾ ਕੋਈ ਅਸਾਨ ਗੱਲ ਨਹੀਂ ਸੀ। ਖ਼ਾਸ ਤੌਰ 'ਤੇ ਫ਼ਲਸਫ਼ੀ ਤਾਂ ਇਹ ਸਿਰ-ਦਰਦੀ ਖ਼ਰੀਦ ਹੀ ਨਹੀਂ ਸਨ ਸਕਦੇ, ਇਸ ਭਾਰੀ ਬੋਝ ਨੂੰ ਉਠਾਉਣ ਲਈ ਕੁਦਰਤ ਨੇ ਗੁਰੂ ਨਾਨਕ ਦਾ ਕੰਧਾ ਹੀ ਬਣਾਇਆ ਸੀ। ਪਰ ਇਕ ਮਨੁੱਖ-ਜਾਮੇ ਵਿਚ ਇਤਨਾ ਕੰਮ ਹੋ ਨਹੀਂ ਸੀ ਸਕਦਾ। ਭਾਈ ਗੁਰਦਾਸ ਜੀ ਨੇ ਕਿਆ ਸੋਹਣਾ ਲਿਖਿਆ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰਿਸ਼ਟੀ ਨੂੰ ਧਿਆਨ ਨਾਲ ਤੱਕਿਆ ਤਾਂ ਉਹ ਸੜਦੀ ਦਿਸੀ : ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥ (ਵਾਰ ੧, ਪਉੜੀ ੨੪) ਮਜ਼ਹਬ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿਚੋਂ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਸੰਗਰਾਮ ਇਸ ਦੇਸ਼ ਵਿਚ ਸਿਖ਼ਰ ਤੇ ਪੁਜ ਚੁੱਕਾ ਸੀ। ਉਹਨਾਂ ਦੇ ਪੁਜਾਰੀ, ਬ੍ਰਾਹਮਣ ਤੇ ਮੁੱਲਾਂ ਆਪਣੇ ਅਭਿਆਸੀਆਂ ਨੂੰ ਖ਼ੁਦੀ, ਬਖੀਲੀ, ਤਕੱਬਰੀ, ਖਿਚੋਤਾਣ ਤੇ ਧਿਙਾਣਾ ਸਿਖਾ ਰਹੇ ਸਨ, ਸੱਚ ਇਕ ਪਾਸੇ ਪਿਆ ਹੋਇਆ ਸੀ : ਚਾਰਿ ਵਰਨਿ ਚਾਰਿ ਮਜ਼ਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ। ਖੁਦੀ ਬਖੀਲਿ ਤਕੱਬਰੀ ਖਿੱਚੋਤਾਣਿ ਕਰੇਨਿ ਧਿਙਾਣੇ.... ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣਿ ਮਉਲਾਣੇ। (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧) ੧੪੪ Sri Satguru Jagjit Singh Ji eLibrary NamdhariElibrary@gmail.com