ਹੈ। ਪਰ ਜੋ ਗੁਰੂ ਨੂੰ ਜਾਣਦੇ ਹਨ ਉਨ੍ਹਾਂ ਨੂੰ ਇਹ ਭੁਲੇਖਾ ਨਹੀਂ ਲਗਦਾ, ਉਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਹੈ ਕਿ ਗੁਰੂ ਜੋਤ-ਸਰੂਪ ਹੋਣ ਕਰਕੇ ਹਰ ਸਮੇਂ ਇਕ ਹੀ ਹੈ, ਦੇਹਾਂ ਦੇ ਵਟਾਂਦਰੇ ਕਰਕੇ ਇਕ ਤੋਂ ਦੋ ਨਹੀਂ ਹੁੰਦਾ। ਵਡਭਾਗੀਆਂ ਨੂੰ ਨਿਸਚਾ ਹੈ ਕਿ ਨਾਨਕ ਹੀ ਅੰਗਦ ਹੈ, ਅੰਗਦ ਹੀ ਅਮਰਦਾਸ ਤੇ ਅਮਰਦਾਸ ਹੀ ਰਾਮਦਾਸ ਹੈ। ਜਿਨ੍ਹਾਂ ਨੇ ਇਸ ਤੱਤ ਨੂੰ ਪਛਾਣਿਆ ਹੈ, ਉਹਨਾਂ ਨੂੰ ਹੀ ਸਿੱਧ ਹੱਥ ਆਈ ਹੈ। ਇਸ ਨਿਸਚੇ ਤੋਂ ਰਹਿਤ ਕੋਈ ਸਿੱਖ ਪੂਰਨ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਿਆ।
ਸ੍ਰੀ ਦਸਮ ਪਾਤਸ਼ਾਹ ਜੀ ਦਾ ਇਹ ਬਚਨ ਉਸ ਇਸ਼ਾਰੇ ਦੀ ਵਿਆਖਿਆ ਹੈ ਜੋ ਬਾਣੀ ਨੇ ਇਹਨਾਂ ਅੱਖਰਾਂ ਵਿਚ ਦਰਸਾਇਆ ਹੈ:
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
(ਵਾਰ ਰਾਮਕਲੀ, ਸਤਾ ਬਲਵੰਡ, ਪੰਨਾ ੯੬੬)
ਗੁਰਬਾਣੀ ਵਿਚ ਬੁਨਿਆਦੀ ਪਦਾਰਥਾਂ ਦਾ ਕਥਨ ਕਰਦਿਆਂ ਹੋਇਆਂ ੴ ਦੇ ਜੋ ਸਰੂਪ ਆਦਿ ਵਿਚ ਬਿਆਨ ਕੀਤੇ ਗਏ ਹਨ, ਉਹਨਾਂ ਵਿਚ ਇਕ ਪਦਾਰਥ ‘ਗੁਰ’ ਵੀ ਹੈ। ਮੰਨਿਆ ਇਹ ਗਿਆ ਹੈ ਕਿ ੴ (ਇਕ ਓਅੰਕਾਰ) ਜੋ ਇਕ ਤੇ ਸਤਿ ਸਰੂਪ ਹੈ, ਨਾਮ ਰੂਪ ਧਾਰ ਜਗਤ ਨੂੰ ਕਥਨ ਕਰਦਾ ਹੈ ਤੇ ਆਪਣੀ ਕਿਰਤਮ ਮਖ਼ਲੂਕ ਨੂੰ ਸਿੱਧੇ ਰਸਤੇ 'ਤੇ ਤੋਰਨ ਲਈ ਜਿਸ ਸੱਤਾ ਦੀ ਵਰਤੋਂ ਕਰਦਾ ਹੈ, ਉਸ ਦੇ ਲਈ ਸੰਕੇਤ ਗੁਰ ਹੈ। ਜਿਸ ਤਰ੍ਹਾਂ ਪਰਮੇਸ਼ਰ ਦੀ ਹਰ ਅਦ੍ਰਿਸ਼ਟ ਕਲਾ ਜਗਤ ਵਿਚ ਆਪਣੀ ਵਰਤੋਂ ਲਈ ਦ੍ਰਿਸ਼ਟਮਾਨ ਰੂਪ ਲੈ ਲੈਂਦੀ ਹੈ, ਉਸੇ ਤਰ੍ਹਾਂ ਗੁਰ ਕਲਾ ਭੀ ਲੋੜ ਸਮੇਂ ਕਿਸੇ ਨਾ ਕਿਸੇ ਦੇਹ ਵਿਚੋਂ ਹੋ ਪ੍ਰਕਾਸ਼ਦੀ ਹੈ। ਚੁਨਾਂਚਿ ਸਿੱਖੀ ਦਾ ਪੰਥ ਪ੍ਰਗਟਾਉਣ ਲਈ ਇਹ ਗੁਰ-ਜੋਤੀ ਪਹਿਲੇ ਜਿਸ ਮਨੁੱਖ-ਜਾਮੇ ਵਿਚ ਟਿਕ ਪ੍ਰਗਟੀ, ਉਸਦਾ ਮਨੁੱਖੀ ਨਾਮ ਨਾਨਕ ਸੀ। ਉਸਦੇ ਰਾਹੀਂ ਗੁਰ-ਜੋਤੀ ਦਾ ਪ੍ਰਕਾਸ਼ ਹੁੰਦਾ ਤੱਕ, ਲੋਕਾਂ ਉਸ ਨੂੰ ‘ਗੁਰ ਨਾਨਕ’ ਕਿਹਾ। ਪਰ ਬਾਬੇ ਨੇ ਪ੍ਰਗਟ ਕਰ ਕੇ ਦੱਸ ਦਿੱਤਾ ਕਿ ਮੇਰੀ ਦੇਹ ਗੁਰੂ ਨਹੀਂ ਹੈ ਸਗੋਂ ਗੁਰੂ ਪਰਮੇਸ਼ਰ ਦੀ ਜੋਤ ਹੈ, ਜੋ ਮੈਨੂੰ ਰਾਹ ਦੱਸ ਰਹੀ ਹੈ ਤੇ ਮੈਂ ਤੁਹਾਨੂੰ ਦਰਸਾ ਰਿਹਾ ਹਾਂ:
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨਾ ਕੋਈ ਜੀਉ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥
(ਸੋਰਠਿ ਮ: ੧, ਪੰਨਾ ੫੯੯)
ਗੁਰ-ਜੋਤੀ, ਮਨੁੱਖ-ਬੁੱਧੀ ਦੀ ਲੱਖਤਾ ਤੋਂ ਪਰੇ, ਮਾਇਆ ਰਹਿਤ ਪਰਮੇਸ਼ਰ ਦੀ ਵਿਆਪਕ ਜੋਤ ਨੂੰ ਗੁਰੂ ਹੋ ਮਿਲੀ ਹੈ। ਨਾਨਕ ਦੀ ਦੇਹ ਗੁਰੂ ਨਹੀਂ, ਗੁਰੂ ਇਕ ਰਸ ਜੋਤ ਹੈ, ਉਸ ਦੇ ਪ੍ਰਕਾਸ਼ ਨੇ ਸੱਚੇ ਮਨੁੱਖ-ਜੀਵਨ ਦਾ ਭੇਦ ਖੋਲ੍ਹਿਆ ਹੈ, ਜੋ ਭੁਲੀ ਹੋਈ ਮਨੁੱਖ ਸ਼੍ਰੇਣੀ ਨੂੰ ਸਮਝਾਣਾ ਹੈ।
ਸਮਝਾਣਾ ਨਿਰਾ ਜ਼ਬਾਨੀ ਨਹੀਂ, ਕਿਤੇ ਨਿਰਾ ਉਸਦੇ ਦਿਮਾਗ਼ ਵਿਚ ਹੀ ਨਾ ਰਹਿ ਜਾਵੇ, ਸਗੋਂ ਕਮਾ ਕੇ ਦਿਖਾਣਾ ਹੈ ਤਾਕਿ ਉਸਦੇ ਦਿਲ ਵਿਚ ਦ੍ਰਿੜ੍ਹ ਹੋ ਜਾਵੇ। ਹੁਣ ਇਹ ਗੱਲ ਤਾਂ ਸਪਸ਼ਟ ਹੈ ਕਿ ਮਨੁੱਖ-ਜੀਵਨ ਦਾ ਸਾਰਾ ਭੇਦ, ਡਿੱਗੀ ਹੋਈ ਮਨੁੱਖਤਾ ਨੂੰ ਉਠਾਣ ਲਈ ਉਸ ਨੂੰ ਸਮਝਾਣਾ ਤੇ ਦ੍ਰਿੜ੍ਹ ਕਰਾਉਣ ਲਈ ਕਮਾ ਕੇ ਦਿਖਾਣਾ ਸੀ, ਜੋ ਇਕ ਮਨੁੱਖੀ ਉਮਰ ਵਿਚ ਸਿਰੇ ਚੜ੍ਹਨਾ ਮੁਸ਼ਕਲ ਹੀ ਨਹੀਂ, ਬਲਕਿ
੧੪੨