ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹਾ ਕਿਉਂ ਸੀ? ਉਸਦਾ ਕਾਰਨ ਇਕ ਹੀ ਹੈ ਕਿ ਉਹ ਫ਼ਕੀਰੀ, ਪ੍ਰਭੂ-ਪਿਆਰ ਦੀ ਥਾਂ ਜਗਤ ਵਲੋਂ ਗਿਲਾਨੀ ਦੇ ਜਜ਼ਬੇ 'ਤੇ ਕਾਇਮ ਕੀਤੀ ਗਈ ਸੀ। ਜਿਸ ਚੀਜ਼ ਦਾ ਮੁੱਢ ਹੀ ਨਫ਼ਰਤ ਤੇ ਗਿਲਾਨੀ ਤੋਂ ਬੱਝੇ, ਉਸ ਦਾ ਫਲ ਕ੍ਰੋਧ, ਦਵੈਸ਼, ਮਾੜਾ ਤੇ ਮਾਯੂਸੀ ਤਾਂ ਕੁਦਰਤੀ ਹੋਣੀ ਹੀ ਹੋਈ। ਇਸ ਤਰ੍ਹਾਂ ਦੇ ਮਤ ਹੀ ਓੜਕ ਵਧ ਕੇ ਸੁੰਨਵਾਦੀ ਹੋ ਗਏ ਤੇ ਹਸਤੀ ਤੋਂ ਇਨਕਾਰ ਹੀ ਕਰ ਬੈਠੇ।

ਬਾਬਾ ਨਾਨਕ ਜੀ ਨੇ ਪ੍ਰੇਮ ਦੀ ਬਾਜ਼ੀ ਸ਼ੁਰੂ ਕੀਤੀ। ਪੁਰਾਣੀ ਰੀਤ ਦੇ ਐਨ ਉਲਟ, ਫ਼ਕੀਰੀ ਦੀ ਬੁਨਿਆਦ ਪਰਮੇਸ਼੍ਵਰ ਪਿਤਾ ਦੇ ਪ੍ਰੇਮ 'ਤੇ ਰਖੀ ਤੇ ਜਗਤ ਨੂੰ ਉਹਦੀ ਕਿਰਤ ਸਮਝ ਪਿਆਰਿਆ, ਸੇਵਾ ਕਰ ਇਸ ਨੂੰ ਸਜਾਣਾ ਤੇ ਸੰਵਾਰਨਾ, ਸੰਤ ਦਾ ਜੀਵਨ ਕਰਤਵ ਦੱਸਿਆ। ਉਹਨਾਂ ਨੇ ਪ੍ਰਭੂ ਨੂੰ ਨੇਤਰੀਂ ਡਿੱਠਾ: “ਮੈਂ ਸੋ ਪ੍ਰਭ ਨੇਤਰੋਂ ਡੀਠਾ।” ਤੇ ਉਸਦੀ ਤਸਵੀਰ ਖਿੱਚੀ, “ਸਤਿ ਸੁਹਾਣੁ ਸਦਾ ਮਨਿ ਚਾਉ।” ਇਸ ਸਦਾ ਸਲਾਮਤ ਖ਼ੂਬਸੂਰਤ ਤੇ ਖੇੜੇ-ਰੂਪ ਪ੍ਰਭੂ ਦਾ ਜੋ ਸਿਮਰਨ ਕਰੇ, ਉਹ ਫਿਰ ਕਿਉਂ ਨਾ ਆਪ ਸੋਹਣਾ ਤੇ ਮਨ ਚਾਉ ਭਰਿਆ ਹੋ ਜਾਵੇ। ਚੁਨਾਂਚਿ ਅਜਿਹਾ ਹੀ ਹੋਇਆ। ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਬਾਬੇ ਨਾਨਕ ਜੀ ਤੋਂ ਪਹਿਲਾਂ ਦੁਨੀਆ ਵਿਚ ਇਹ ਖ਼ਿਆਲ ਸੀ ਹੀ ਨਹੀਂ। ਖ਼ਿਆਲ ਤਾਂ ਸੀ, ਇਸ ਦੇ ਮੁਤਾਬਕ ਬਹੁਤ ਥਾਈਂ ਘਾਲ ਭੀ ਘਾਲੀ ਗਈ ਤੇ ਫਲ ਭੀ ਠੀਕ ਨਿਕਲਿਆ, ਪਰ ਜਿਥੋਂ ਤਕ ਭਾਰਤ ਦੇਸ਼ ਦਾ ਸੰਬੰਧ ਹੈ, ਏਥੇ ਪਿਛੇ ਦੱਸੇ ਖ਼ਿਆਲ ਦਾ ਹੀ ਜ਼ੋਰ ਸੀ। ਇਸ ਨਵੇਂ ਖ਼ਿਆਲ 'ਤੇ ਬਾਕਾਇਦਾ ਇਕ ਸਮਾਜ ਕਾਇਮ ਕਰ, ਇਸ ਨੂੰ ਮਨੁੱਖ ਦਾ ਮੁੱਖ ਕਰਤਵ ਬਣਾਣ ਦਾ ਯਤਨ ਬਹੁਤ ਹੱਦ ਤਕ ਬਾਬਾ ਨਾਨਕ ਜੀ ਤੋਂ ਹੀ ਸ਼ੁਰੂ ਹੋਇਆ ਹੈ

ਦ੍ਰਿਸ਼ਟਮਾਨ ਕੁਦਰਤ ਦੇ ਪਿਛੇ ਕੰਮ ਕਰ ਰਹੇ ਅਦ੍ਰਿਸ਼ਟ ਕਾਦਰ ਨਾਲ ਮਨ ਜੋੜ, ਪਿਆਰ ਪਾ ਤੇ ਹਜ਼ੂਰੀ ਹਾਸਲ ਕਰ ਉਸਦੀ ਸਾਜੀ ਕੁਦਰਤ ਦਾ ਮਿੱਤ੍ਰ ਬਣ ਸੇਵਾ ਵਿਚ ਜੁੱਟਣਾ, ਇਹ ਗਾਡੀ ਰਾਹ ਬਾਬਾ ਜੀ ਨੇ ਚਲਾਇਆ। ਜੋ ਜੋ ਇਹਦੇ 'ਤੇ ਤੁਰੇ, ਉਹਨਾਂ ਦੇ ਮਨ ਖੇੜੇ ਤੇ ਉਤਸ਼ਾਹ ਨਾਲ ਭਰਦੇ ਗਏ। ਉਹ ਸਤਿ ਦਾ ਸਿਮਰਨ ਕਰ ਸਤਿ ਹੁੰਦੇ, ਸੁਹਾਣ ਦਾ ਧਿਆਨ ਧਰ ਸੋਹਣੇ ਬਣਦੇ ਤੇ ਮਨ ਚਾਉ ਨੂੰ ਚੇਤੇ ਕਰ ਚਾਓ ਭਰੇ ਖੇੜਿਆਂ ਦੇ ਮਾਲਕ ਹੋਏ। ਉਹਨਾਂ ਨੇ ਪਿਰਮ ਰਸ ਦੇ ਪਿਆਲੇ ਪੀਤੇ। ਰਸ ਤੋਂ ਮਸਤੀਆਂ ਤੇ ਮਸਤੀਆਂ ਤੋਂ ਬੇਪਰਵਾਹੀਆਂ ਆਈਆਂ, ਉਹਨਾਂ ਨੇ ਸੁਰਗ ਦੇ ਉੱਚ-ਮੁਨਾਰਿਆਂ 'ਤੇ ਚੜ੍ਹ, ਸੰਸਾਰ ਨੂੰ ਤਕਿਆ ਅਤੇ ਮਾਲਕ ਦੇ ਇਸ ਸੁਹਾਵਣੇ ਬਾਗ਼ ਵਿਚ ਦਲਿੱਦਰ, ਜੜ੍ਹਤਾ, ਵਹਿਮ, ਭਰਮ, ਅੰਧ-ਵਿਸ਼ਵਾਸ ਤੇ ਉਹਨਾਂ ਦੇ ਆਸਰੇ ਹੋ ਰਹੇ ਰਸਮਾਂ, ਰੀਤਾਂ ਤੇ ਕਰਮ-ਕਾਂਡ ਦਾ ਘਾਹ ਬੂਟ, ਝਾੜੀਆਂ, ਜਾਲਾ ਤੇ ਕੂੜਾ ਕਰਕਟ ਜਿਥੇ ਵੀ ਡਿੱਠਾ, ਗਿਆਨ ਦੇ ਝਾੜੂ ਨਾਲ, ਸਿਮਰਨ ਦੇ ਬਲ ਨਾਲ ਹੂੰਝ ਬਾਹਰ ਕੀਤਾ:

ਗਿਆਨੇ ਕੀ ਬਢਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੇ॥

(ਦਸਮ ਗ੍ਰੰਥ, ਪਾ: ੧੦)

ਰੌਲੇ ਵੀ ਪਏ, ਸ਼ੋਰ ਵੀ ਉਠੇ, ਧੁੰਧੂਕਾਰ ਮਚੇ, ਗੁਬਾਰ ਉਠੇ, ਪਰ ਉਹਨਾਂ ਕੋਈ ਪਰਵਾਹ ਨਾ ਕੀਤੀ। ਜਗਤ ਦੇ ਰੌਲੇ ਗੌਲੇ, ਦੁਨੀਆ ਦੀ ਉਸਤਤ ਨਿੰਦਾ, ਜਾਬਰ ਹਾਕਮਾਂ ਦੀਆਂ ਧਮਕੀਆਂ ਨੂੰ, ਉਹਨਾਂ ਨੇ ਦਯਾ ਪੂਰਤ ਸਰਜਨ ਦੇ, ਕਿਸੇ ਦਾ ਫੋੜਾ ਚੀਰਨ ਸਮੇਂ ਮਰੀਜ਼ ਦੇ ਡੰਨ ਪਾਣ; ਮਾਸੂਮ ਬੱਚੇ ਨੂੰ ਦਵਾਈ ਦੇਣ ਸਮੇਂ ਉਸ ਦੇ ਛੜੀਆਂ

੧੨੯