ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੜ੍ਹਦੀ ਕਲਾ

ਸਾਡੇ ਦੇਸ਼ ਦੀ ਪੁਰਾਣੀ ਮਨੌਤ ਵਿਚ ਮਨੁੱਖ-ਜੀਵਨ ਦੀ ਸਫਲਤਾ ਚਾਰ ਪਦਾਰਥਾਂ ਦੀ ਪ੍ਰਾਪਤੀ ਮੰਨੀ ਜਾਂਦੀ ਹੈ। ਉਹ ਹਨ: ਧਰਮ, ਅਰਥ, ਕਰਮ, ਮੋਖ਼ਸ। ਬਾਬੇ ਨਾਨਕ ਜੀ ਨੇ ਆਪਣੀ ਰੀਤ ਅਨੁਸਾਰ ਉਹਨਾਂ ਦੀ ਥਾਂ ਇਹ ਚਾਰ ਪਦਾਰਥ ਪਾਣੇ ਜੀਵਨ ਦੀ ਸਫਲਤਾ ਮੰਨੀ-ਨਾਮ, ਚੜ੍ਹਦੀ ਕਲਾ, ਭਾਣਾ ਤੇ ਸਰਬਤ ਦਾ ਭਲਾ। ਇਹਨਾਂ ਵਿਚੋਂ ਚੜ੍ਹਦੀ ਕਲਾ, ਗੁਰਮਤਿ ਦਾ ਖ਼ਾਸ ਪਦਾਰਥ ਹੈ। ਨਾਮ ਰਸ ਦੀ ਲਾਲੀ, ਨਾਮ ਰੱਤੇ, ਚਾਓ ਭਰੇ ਮਨ ਚੜ੍ਹਦੀਆਂ ਕਲਾ ਨੂੰ ਜਾਂਦੇ ਹਨ:

ਗੁਰਮੁਖਿ ਰੰਗਿ ਚਲੂਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਐ।

(ਦੇਵਗੰਧਾਰੀ ਮ: ੪, ਪੰਨਾ ੫੨੭)

ਇਸ ਗੁਣ ਨੇ ਹੀ ਸਿੱਖੀ ਵਿਚ, ਸੰਨਿਆਸੀ ਤਿਆਗੀਆਂ ਦੀ ਥਾਂ ਰਾਜ-ਯੋਗੀ ਪੈਦਾ ਕੀਤੇ, ਤਪੀਆਂ ਦੀ ਥਾਂ ਸੇਵਕ, ਹਠ-ਯੋਗੀਆਂ ਦੀ ਥਾਂ ਸ਼ਹੀਦ ਤੇ ਮਾਂਗਤ ਭਿਖਾਰੀਆਂ ਦੀ ਥਾਂ ਬਲੀ ਸੂਰਮੇ, ਸੰਸਾਰ ਨੂੰ ਸੋਧਣ ਵਾਲੇ ਪ੍ਰਗਟਾਏ।

ਬਾਬਾ ਨਾਨਕ ਜੀ ਜਿਸ ਵਕਤ ਜਗਤ ਉੱਧਾਰ ਕਰਦੇ ਕਰਦੇ ੧ਸੁਮੇਰ ਤੇ ਪੁੱਜੇ, ਤਾਂ ਉਹਨਾਂ ਦੀ ਸਿੱਧ ਯੋਗੀਆਂ ਨਾਲ ਗੋਸ਼ਟ ਹੋਈ। ਯੋਗੀ ਜਦ ਸਿੱਧੀਆਂ ਦਾ ਬਲ ਦਿਖਾ, ਹਾਰ ਤੇ ਗਿਆਨ ਚਰਚਾ ਕਰ ਨਿਰਉੱਤਰ ਹੋ ਗਏ, ਤੇ ਲਗੇ ਘਰੋਗੀ ਗੱਲਾਂ ਕਰਨ; ਜਦ ਮਾਤਰ ਭੂਮੀ ਦੀ ਗੱਲ ਪੁਛੀਓ ਨੇ, ਤਾਂ ਬਾਬਾ ਜੀ ਨੇ ਦੇਸ਼ ਦੀ ਦੀਨ-ਦਬਾ ਦਾ ਨਕਸ਼ਾ ਡਾਢੇ ਦਰਦ-ਭਰੇ ਸ਼ਬਦਾਂ ਵਿਚ ਖਿਚਿਆ, ਬਾਬਰ ਦੇ ਆਉਣ ਕਰਕੇ ਮੁਗ਼ਲ ਪਠਾਣਾਂ ਦੇ ਭੇੜ ਕਰਕੇ, ਇਹ ਦੇਸ਼ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਬਰਬਾਦ ਹੋ ਰਿਹਾ ਸੀ, ਉਸ ਦੀ ਦੁੱਖ-ਭਰੀ ਕਥਾ ਸੁਣ ਜੋਗੀ ਕੰਬ ਉਠੇ ਤੇ ਕਹਿਣ ਲੱਗੇ, “ਭਾਰਤ ਦੀ ਦੇਵ ਭੂਮੀ ਵਿਚ ਅਜਿਹੇ ਉਪੱਦ੍ਰਵ ਹੋਣ ਦਾ ਕੀ ਕਾਰਨ?"

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥

(ਤਿਲੰਗ ਮਹਲਾ ੧, ਪੰਨਾ ੭੨੨)

ਬਾਬਾ ਜੀ ਨੇ ਕਿਹਾ, “ਇਕ ਵੱਡਾ ਕਾਰਨ ਤਾਂ ਤੁਸੀਂ ਹੋ, ਜੋ ਸਿੱਧ ਹੋ, ਪਰਬਤਾਂ ਵਿਚ ਆਣ ਛੁਪੇ ਹੋ:

੧. ਸੁਮੇਰ ਸੋਨੇ ਦੇ ਪਹਾੜ ਨੂੰ ਕਹਿੰਦੇ ਹਨ, ਸਿਆਣਿਆਂ ਦਾ ਖ਼ਿਆਲ ਹੈ ਕਿ ਹਿਮਾਲਾ ਦੀਆਂ ਬਰਫ਼ਾਨੀ ਚੋਟੀਆਂ ਹੀ ਸੁਮੇਰ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਰੰਗ ਸੁਬ੍ਹਾ ਸ਼ਾਮ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਸੁਨਹਿਰੀ ਪ੍ਰਤੀਤ ਹੁੰਦਾ ਹੈ।

੧੨੭