ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲੇ ਹੋਏ ਲਾਲਚੀ ਸਰਮਾਏਦਾਰਾਂ ਨੂੰ ਲੁੱਟਣਾ ਤੇ ਭੁੱਖੇ, ਨਾਦਾਰ, ਗ਼ਰੀਬ ਕਿਰਤੀਆਂ ਤੇ ਕਿਸਾਨਾਂ ਦੀ ਮਦਦ ਕਰਨੀ, ਉਹਨਾਂ ਦਾ ਰਾਜਸੀ ਮੰਤਵ ਸੀ। ਇਸ ਮਹਾਨ ਉੱਚੀ ਬੀਰ-ਕਿਰਿਆ ਨੂੰ ਉਹ ਦੇਸ਼ ਸੋਧਣਾ ਕਹਿੰਦੇ ਸਨ। ਲਿਖਿਆ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੇ ਦੋ ਦਲ ਹਿੰਦੁਸਤਾਨ 'ਤੇ ਚੜ੍ਹੇ। ਜਦ ਉਹ ਪਾਨੀਪਤ ਦੇ ਮੈਦਾਨ ਵਿਚ ਮਰਹੱਟਿਆਂ ਨੂੰ ਚੂਰ ਕਰ ਚੁੱਕੇ, ਤਾਂ ਸਾਰੇ ਭਾਰਤਵਰਸ਼ ਵਿਚ ਉਹਨਾਂ ਵਲ ਮੂੰਹ ਕਰਨ ਵਾਲਾ ਕੋਈ ਨਾ ਰਿਹਾ। ਮੁਗ਼ਲ ਰਾਜ ਦੇ ਲਾਹੌਰ ਵਾਲੇ ਸੂਬੇ ਨੇ ਸਿੰਘਾਂ ਨੂੰ ਵੰਗਾਰਿਆ। ਉਹ ਤਾਂ ਅਗੇ ਹੀ ਦੇਸ਼ ਦੇ ਅਜਿਹੇ ਲੁਟੇਰੇ ਦੁਸ਼ਮਣ ਨੂੰ ਸੋਧਣ ਲਈ ਤੁਲੇ ਹੋਏ ਸਨ। ਝਨਾਂ ਤੋਂ ਪਾਰ ਲੰਘਦੇ ਅਬਦਾਲੀ ਦੇ ਲਸ਼ਕਰ ਨੂੰ ਟੁੱਟ ਕੇ ਜਾ ਪਏ, ਸੋਧ ਕੇ ਮੁੜ ਆਏ, ਕੁਝ ਚਿਰ ਬਾਅਦ ਲਾਹੌਰ ਦੇ ਸੂਬੇ ਨੇ ਸਿੰਘਾਂ ਵੱਲ ਆਪਣਾ ਸਫ਼ੀਰ ਭੇਜਿਆ ਤੇ ਗੱਫ਼ੇ ਵਿਚੋਂ ਕੁਛ ਹਿੱਸਾ ਮੰਗਿਆ। ਸਿੰਘਾਂ ਜੁਆਬ ਵਿਚ ਕਿਹਾ ਕਿ ਸੂਬੇ ਨੇ ਢਿੱਲ ਕੀਤੀ ਹੈ, ਅਸਾਂ ਜੋ ਜਰਵਾਣਿਆਂ ਕੋਲੋਂ ਖੋਹ ਕੇ ਲਿਆਂਦਾ ਸੀ, ਗ਼ਰੀਬਾਂ ਨੂੰ ਖੁਆ ਦਿੱਤਾ ਹੈ। ਸਾਡਾ ਤਰੀਕਾ ਸਰਮਾਇਆਦਾਰਾਨਾ ਨਹੀਂ ਹੈ। ਅਸੀਂ ਗੰਜ ਨਹੀਂ ਲੋੜਦੇ, ਲੰਗਰ ਲਾਉਂਦੇ ਹਾਂ, ਬਾਜ ਤੇ ਸ਼ੇਰ ਬਾਸੀ ਨਹੀਂ ਖਾਂਦੇ; ਕੱਲ੍ਹ ਦੀ ਚਿੰਤਾ ਕਿਉਂ ਕਰੀਏ, ਜਦ ਰੋਜ਼ ਨਿੱਤ ਨਵੇਂ ਸੂਰਜ, ਦੇਵਣਹਾਰ ਦਾਤਾਰ ਪ੍ਰਭੂ ਸਿਰ 'ਤੇ ਕਾਇਮ ਹੈ:

ਸਿੰਘਨ ਉਤਰ ਦੀਨ ਤਬੈ, ਹਮਰੇ ਢਿਗ ਦੇਵਨ ਕੋ ਕੁਝ ਨਹਿ ਹੈ।
ਕੇਹਰ ਬਾਜ਼ ਅਹਾਰ ਕਰੈ ਨਿਤ, ਮਾਰ ਸ਼ਿਕਾਰ ਨਾ ਬਾਸੀ ਰਖੈ ਹੈ।
ਜੋ ਕੁਝ ਧੰਨ ਆਇਉ ਹਮਰੇ ਢਿਗ, ਬਾਂਟ ਬਟਾਏ ਕੇ ਖਾਇ ਖੁਲੈ ਹੈ।
ਜੋੜਨ ਕੀ ਚਿੰਤਾ ਹਮ ਤੋ ਕਰੇਂ, ਜੌ ਪ੍ਰਭੂ ਹਮ ਕੋ ਨਾਇਕ ਨਾ ਦੈਹੈ।

ਰਾਜ ਦਾ ਅਜਿਹਾ ਪ੍ਰਬੰਧ ਹੀ ਸਮੁਚੇ ਸੰਸਾਰ ਨੂੰ ਸੁਖੀ ਕਰ ਸਕਦਾ ਹੈ। ਜੇ ਕਿਰਤੀ ਦੀ ਮਜ਼ਦੂਰੀ, ਮਿਹਨਤਾਨਾ, ਉਸ ਦੀ ਕਿਰਤ ਦੇ ਮਗਰੇ ਮਗਰ ਦਿਤੀ ਜਾਏ, ਹਰ ਪ੍ਰਾਣੀ ਮਾਤ੍ਰ ਲਈ ਖਾਣ, ਪਾਣ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਏ, ਵਿਤਕਰੇ ਨਾ ਪਾਏ ਜਾਣ ਤਾਂ ਇਹ ਚੀਖ ਚਿੱਲਾਅ ਰਹੀ ਦੁਖੀ ਦੁਨੀਆ, ਕੱਲ੍ਹ ਹੀ ਬੇਗਮਪੁਰਾ ਬਣ ਸਕਦੀ ਹੈ। ਹਰ ਤੰਦਰੁਸਤ ਤੇ ਬਾਲਗ਼ ਲਈ, ਕਿਰਤ ਕਰਨੀ ਲਾਜ਼ਮੀ ਕਰਾਰ ਦਿਤੀ ਜਾਏ, ਸਰਮਾਇਆ ਤੇ ਉਸਦੇ ਸਾਧਨ, ਕਿਰਤ ਕਰਨ ਵਾਲੀ ਜਨਤਾ ਦੀ ਮਲਕੀਅਤ ਹੋਣ, ਲੋੜਵੰਦਾਂ ਲਈ ਦਸਵੰਧ ਹਰ ਇਕ ਨੂੰ ਦੇਣਾ ਪਵੇ। ਬੇਕਾਰਾਂ ਨੂੰ ਕੋਈ ਆਦਰ ਤੇ ਸਨਮਾਨ ਨਾ ਦਿੱਤਾ ਜਾਏ, ਭੁੱਖਿਆਂ ਨੂੰ ਰੋਟੀ ਖੁਆਈ ਜਾਏ ਤੇ ਆਫਰਿਆਂ ਹੋਇਆਂ ਤੋਂ ਫ਼ਾਕੇ ਕਰਾਏ ਜਾਣ, ਦੋਹਾਂ ਧਿਰਾਂ ਦੀ ਸਿਹਤ ਬਹਾਲ ਹੋ ਜਾਵੇ। ਅਜਿਹੀ ਨਰੋਈ ਦੁਨੀਆ ਹੀ ਸੰਸਾਰ ਨੂੰ ਸੋਭਨੀਕ ਬਣਾ ਸਕਦੀ ਹੈ।

ਗੱਲ ਕੀ, ਕੀ ਧਾਰਮਕ, ਕੀ ਸਮਾਜਕ, ਤੇ ਕੀ ਰਾਜਨੀਤਿਕ, ਕਿਸੇ ਵੀ ਪਹਿਲੂ ਤੋਂ ਤੱਕੋ, ਕਿਰਤ ਹੀ ਜਗਤ ਦੇ ਸੁੱਖਾਂ ਦੀ ਕੁੰਜੀ ਹੈ।

੧੨੬