ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਸੁਖ-ਰਹਿਣੇ ਪੁਜਾਰੀਆਂ ਨੇ ਕਿਰਤ ਨੂੰ ਨੀਵਾਂ ਤੇ ਕਿਰਤੀ ਨੂੰ ਸ਼ੂਦਰ ਕਰਾਰ ਦਿੱਤਾ ਸੀ। ਅੱਜ ਭਾਵੇਂ ਉਹ ਦੇਸ਼ ਵਿਆਪਕ ਜਾਲ ਤਾਂ ਟੁੱਟ ਚੁੱਕਾ ਹੈ ਪਰ ਫਿਰ ਭੀ ਉਸਦੇ ਬਿਖਰੇ ਹੋਏ ਟੁਕੜੇ ਦੇਸ਼ ਦੇ ਕਈ ਹਿੱਸਿਆਂ ਨੂੰ ਦਬਾਈ ਬੈਠੇ ਹਨ। ਕਿਰਤੀਆਂ ਦੇ ਰਾਜ ਦੀਆਂ ਕਈ ਤਹਿਰੀਕਾਂ ਉੱਠੀਆਂ, ਜਿਨ੍ਹਾਂ ਵਿਚੋਂ ਸਿੰਘਾਂ ਦੀ ਸਿਰਮੌਰ ਸੀ। ਪਰ ਕਈ ਤਾਂ ਦੇਸ਼ ਦੇ ਪੁਰਾਣੇ ਖ਼ਿਆਲਾਂ ਦਾ ਮੁਕਾਬਲਾ ਨਾ ਕਰ ਸਕਣ ਕਰਕੇ ਦਬ ਗਈਆਂ ਤੇ ਸਿੰਘ ਆਪਣੇ ਨਿਸ਼ਾਨਿਓਂ ਥਿੜਕ, ਫ਼ਰੰਗੀ ਕੋਲੋਂ ਹਾਰ ਬੈਠੇ।

ਹੁਣ ਸ਼ਹਿਨਸ਼ਾਹੀਅਤਪ੍ਰਸਤ (Imperialist) ਅੰਗਰੇਜ਼, ਪੁਰਾਣੇ ਰਾਜੇ ਤੇ ਨਵਾਬ, ਵੱਡੇ ਜਾਗੀਰਦਾਰ ਤੇ ਜ਼ਿਮੀਂਦਾਰ, ਰਲ-ਮਿਲ ਦੇਸ਼ ਨੂੰ ਦਬਾਈ ਬੈਠੇ ਹਨ। ਗ਼ਰੀਬ ਕਿਰਤੀਆਂ ਦੀ ਕੋਈ ਸੁਣਦਾ ਨਹੀਂ। ਮੰਦਿਆਂ ਭਾਗਾਂ ਨੂੰ ਦੇਸ਼ ਦੀਆਂ ਰਾਜਸੀ ਜਮਾਤਾਂ ਤੇ ਖ਼ਾਸ ਤੌਰ 'ਤੇ ਕਾਂਗਰਸ ਤੇ ਸਰਮਾਇਆਦਾਰ ਰਈਸ ਬਾਣੀਆਂ ਦਾ ਕਬਜ਼ਾ ਹੈ, ਜੋ ਕੌਮਪ੍ਰਸਤੀ ਦੀ ਆੜ ਵਿਚ ਗ਼ਰੀਬ ਮਜ਼ਦੂਰਾਂ ਤੇ ਭੁੱਖਿਆਂ ਕਿਸਾਨਾਂ ਦਾ ਕਚੂਮਰ ਕੱਢ ਰਹੇ ਹਨ। ਮਜ਼ਦੂਰਾਂ ਲਈ ਮਿਹਨਤ ਦੇ ਘੰਟੇ ਜ਼ਿਆਦਾ ਤੇ ਮਜ਼ਦੂਰੀ ਘੱਟ ਮਿਲਦੀ ਹੈ। ਉਹ ਸ਼ਿਕਾਇਤ ਕਿਸ ਕੋਲ ਕਰਨ, ਪਰਦੇਸੀ ਅੰਗਰੇਜ਼ ਹਾਕਮ ਤਾਂ ਆਪਣੇ ਗੋਰੇ ਮਜ਼ਦੂਰਾਂ ਦੇ ਚਿਹਰੇ 'ਤੇ ਲਾਲੀ ਕਾਇਮ ਰੱਖਣ ਲਈ, ਕਾਲੇ ਕੁਲੀ ਦੇ ਪੀਲੇ ਚਿਹਰੇ ਦੀ ਪਰਵਾਹ ਨਹੀਂ ਕਰਦਾ। ਕਾਂਗਰਸ ਦੇ ਬੜੇ ਬੜੇ ਦੇਵਤਾ ਆਪਣੀ ਸ਼ਮ੍ਹਾ ਜਗਾਣ ਲਈ ਗ਼ਰੀਬ ਮਜ਼ਦੂਰ ਤੇ ਕਿਸਾਨ ਦੇ ਦੀਵੇ ਗੁੱਲ ਕਰਨ, ਆਪਣਾ ਮਹਿਲ ਉਸਾਰਨ ਲਈ ਉਹਨਾਂ ਦੀਆਂ ਝੌਂਪੜੀਆਂ ਢਾਉਣ ਤੇ ਆਪਣੀਆਂ ਕਾਰਾਂ ਭਜਾਉਣ ਲਈ ਗ਼ਰੀਬਾਂ ਦੀਆਂ ਲੱਤਾਂ ਬੇਕਾਰ ਕਰਨ 'ਤੇ ਤੁਲੇ ਹੋਏ ਹਨ। ਉਹਨਾਂ ਦੀਆਂ ਕੀਮਤੀ ਕਾਰਾਂ ਤੇ ਝੂਲ ਰਿਹਾ ਤਿਰੰਗੀ ਝੰਡਾ, ਗ਼ਰੀਬਾਂ ਦੀ ਫ਼ਰਿਆਦ ਨੂੰ ਅਣ-ਸੁਣੀ ਤੇ ਉਹਨਾਂ ਦੀ ਆਹ ਨੂੰ ਬੇ-ਤਾਸੀਰ ਬਣਾ ਰਿਹਾ ਹੈ। ਜਿਥੇ ਕਾਤਲ ਆਪ ਹੀ ਗਵਾਹ ਤੇ ਆਪ ਹੀ ਜੱਜ ਹੋਣ ਉਥੇ ਖ਼ੂਨ ਦੇ ਦਾਹਵੇ ਕਾਹਦੇ:

ਵੋਹੀ ਕਾਤਲ ਵੋਹੀ ਸ਼ਾਹਦ ਵੋਹੀ ਮੁਨਸਫ਼ ਠਹਿਰੇ।
ਅਕ੍ਰਿਬਾ ਮੇਰੇ ਕਰੇ ਖ਼ੂਨ ਕਾ ਦਾਵਾ ਕਿਸ ਪਰ।

ਅਜਿਹੇ ਰਾਜ-ਪ੍ਰਬੰਧ ਵਿਚ ਜਨਤਾ ਲਈ ਸੁਖ ਦੀ ਆਸ ਰੱਖਣੀ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਤੋਂ ਪਿਆਸ ਬੁਝਾਣੀ ਹੈ। ਜਦ ਤਕ ਸਰਮਾਇਆ ਵੋਟ ਖ਼੍ਰੀਦ ਸਕਦਾ ਹੈ, ਉਨ੍ਹਾਂ ਚਿਰ ਤਕ ਵਿਹਲੜਾਂ ਤੇ ਅਯਾਸ਼ਾਂ ਦੇ ਹੱਥੋਂ ਮੁਲਕ ਨਹੀਂ ਬਚ ਸਕਦਾ। ਉਹਨਾਂ ਨੂੰ ਸਾਮਾਨ ਮੁਹਈਆ ਕਰਨ ਤੇ ਵਿਹਲੜਾਂ ਨੂੰ ਸੁਆਦਿਸ਼ਟ ਖਾਣੇ ਖਵਾਣ ਲਈ, ਗ਼ਰੀਬ ਮਜ਼ਦੂਰ ਕਿਸਾਨਾਂ ਨੂੰ ਫ਼ਾਕੇ ਰਖਣੇ ਪੈਣਗੇ ਜਾਂ ਰੁੱਖੀ-ਸੁੱਕੀ 'ਤੇ ਡੰਗ ਟਪਾਉਣਾ ਪਏਗਾ।

ਸਿੰਘ ਰਾਜ-ਪ੍ਰਬੰਧ ਵਿਚ ਪਹਿਲੀ ਸ਼ਰਤ ਇਹ ਸੀ ਕਿ ਦੇਸ਼ ਵਿਚ ਕੋਈ ਭੁੱਖਾ ਨਾ ਸਵੇਂ। ਲੋੜ ਲਈ ਕੁੱਲੀ, ਸੁਥਰੀ ਜੁੱਲੀ ਤੇ ਸੁਆਦੀ ਗੁੱਲੀ ਸਭ ਨੂੰ ਦਿੱਤੀ ਜਾਏ। ਮਜ਼ਹਬ, ਨਸਲ, ਜਾਤ, ਰੰਗ, ਜਾਂ ਦੋਸਤ ਦੁਸ਼ਮਣ ਦਾ ਵਿਤਕਰਾ ਕੋਈ ਨਾ ਪਾਇਆ ਜਾਏ। ਜਦ ਸਿੰਘਾਂ ਦਾ ਵਰਤਾਰਾ ਵਰਤਿਆ, ਤਾਂ ਉਹਨਾਂ ਨੇ ਅਜਿਹਾ ਹੀ ਕਰ ਦਿਖਾਇਆ। ਅਜੇ ਹਕੂਮਤ ਚੰਗੀ ਤਰ੍ਹਾਂ ਜੰਮੀ ਤਾਂ ਨਹੀਂ ਸੀ, ਪਰ ਜਿਸ ਥਾਂ ਵੀ ਉਹਨਾਂ ਨੇ ਡੇਰਾ ਜਮਾਇਆ, ਆਮਦਨ ਦੀ ਆਖ਼ਰੀ ਪਾਈ ਤਕ ਲੋੜਵੰਦਾਂ ਦੀ ਮਦਦ

੧੨੫