ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਲੇ ਜੋ ਰਸੀਏ ਨੇ, ਜੋਬਨ ਦੇ ਸ਼ਿਕਾਰੀ ਨੇ,
ਮਾਸੂਮਾਂ ਦੇ ਫਹਾਵਣ ਨੂੰ ਚੋਗ ਖਿਲਾਰੀ ਨੇ।
ਨੋਟਾਂ ਤੇ ਦਮਾਂ ਦੇ ਜਾਲ ਵਛਾਏ ਨੇ,
ਹੋਟਲ ਦੇ ਬਹਿਰੇ ਜੋ ਮਿਰਗ ਘੇਰ ਲਿਆਏ ਨੇ।

(ਪਹਾੜ ਦੀ ਬੀਤੀ-ਕਰਤਾ)

ਬਹੁਤ ਸਾਰੇ ਹਿੰਦੁਸਤਾਨੀ ਰਾਜਕੁਮਾਰ ਤੇ ਉਹਨਾਂ ਦੇ ਮੁਸਾਹਿਬ ਹੀ ਨਾਚ-ਘਰਾਂ ਦੀ ਰੌਣਕ ਹਨ:

ਕੁਛ ਰਾਜੇ ਤੇ ਰਾਣੇ ਕੁਛ ਧਨੀ ਵੀ ਨੇ ਸੋਹੇ,
ਕੁਝ ਵਿਗੜੇ ਹੋਏ ਮੁੰਡੇ ਪਿਓ ਨਵੇਂ ਨਵੇਂ ਮੋਏ।
ਬਣ ਠਨ ਕੇ ਜੋ ਬੈਠੇ ਰਈਸਾਂ ਦੇ ਸਾਥੀ,
ਵਡਮੁੱਲੀਆਂ ਪੁਸ਼ਾਕਾਂ ਤੁਰਨ ਮਸਤ ਜਿਉਂ ਹਾਥੀ।

(ਮਸੂਰੀ—ਕਰਤਾ)

ਝਬਦੇ ਮੋਏ ਹੋਏ, ਧਨੀਆਂ ਦੇ ਵਿਗੜੇ ਹੋਏ ਮੁੰਡੇ ਹੀ ਐਸ਼ਗਾਹਾਂ ਵਿਚ ਦਿਨ ਰਾਤ ਪਏ ਰਹਿੰਦੇ ਹਨ। ਇਕ ਇਕ ਰਾਜੇ ਦੇ ਮਰਨ ਤੇ ਰਾਣੀਆਂ ਦੀਆਂ ਪਾਲਾਂ ਤੇ ਦਾਸ਼ਤਾ (ਦਾਸੀਆਂ) ਦੇ ਵੱਗਾਂ ਦੇ ਵੱਗ ਵਿਹਲੇ ਹੋ, ਨਵੇਂ ਗੱਦੀ-ਨਸ਼ੀਨ ਕੋਲੋਂ ਕੁਝ ਧਨ ਲੈ ਸਮਾਜ ਲਈ ਤਬਾਹੀ ਦਾ ਸਾਮਾਨ ਬਣ ਬਹਿੰਦੀਆਂ ਹਨ। ਬਾਜ਼ਾਰੀ ਵੇਸਵਾਵਾਂ ਦੇ ਚਕਲੇ ਅਜਿਹੇ ਉੱਦਮ-ਰਹਿਤ ਧਨ ਦੇ ਮਾਲਕਾਂ ਦੇ ਹੀ ਆਸਰੇ ਚਲ ਰਹੇ ਹਨ।

ਸਾਲ ਵਿਚ ਕਿਤਨੇ ਕਤਲ, ਮਾਸੂਮਾਂ ਦੇ ਸਤ ਭੰਗ ਤੇ ਬੇ-ਗੁਨਾਹਾਂ ਨਾਲ ਇਸ ਜੁਰਮ ਵਿਚ ਕਿ ਉਹਨਾਂ ਦੀ ਧੀ, ਭੈਣ ਜਾਂ ਇਸਤਰੀ ਖ਼ੂਬਸੂਰਤ ਹੈ, ਕਿਤਨੀਆਂ ਸ਼ਾਜ਼ਸ਼ਾਂ ਰਿਆਸਤਾਂ ਵਿਚ ਹੁੰਦੀਆਂ ਰਹਿੰਦੀਆਂ ਹਨ। ਇਸ ਮਜ਼ਮੂਨ 'ਤੇ ਕਿਤਾਬਾਂ ਹੀ ਲਿਖੀਆਂ ਪਈਆਂ ਹਨ।

ਸਮਾਜ ਦਾ ਦੂਸਰਾ ਰੋਗ ਵਿਹਲੜ ਭਿਖਾਰੀ ਹਨ, ਜੋ ਬਹੁਤ ਧਨੀ ਅਯਾਸ਼ਾਂ ਦੇ ਦਾਨ ਦਾ ਪ੍ਰਾਪੇਗੰਡਾ ਕਰਦੇ, ਉਨ੍ਹਾਂ ਦੇ ਭੰਡਾਰਿਆਂ ਵਿਚੋਂ ਅਣਮੁਲੇ ਸੁਆਦਿਸ਼ਟ ਖਾਣੇ ਖਾਂਦੇ ਅਤੇ ਗੱਪਾਂ ਮਾਰਨ ਤੇ ਸੌਣ ਵਿਚ ਵਕਤ ਗੁਜ਼ਾਰਦੇ ਹਨ। ਇਹ ਵੱਧ ਖਾਣ ਜਾਂ ਖਾਧਾ ਹੋਇਆ ਪਚਾਣ ਅਤੇ ਬੇਕਾਰ ਵਕਤ ਲੰਘਾਉਣ ਲਈ ਆਮ ਤੌਰ 'ਤੇ ਨਸ਼ਿਆਂ ਦੀ ਵਰਤੋਂ ਕਰਦੇ ਹਨ। ਦੇਸ਼ ਵਿਚ ਸ਼ਰਾਬ, ਭੰਗ, ਅਫ਼ੀਮ, ਚਰਸ, ਤਾੜੀ ਤੇ ਤਮਾਕੂ ਦੇ ਵੱਡੇ ਪ੍ਰਚਾਰਕ ਇਹੋ ਹੀ ਲੋਕ ਹਨ। ਇਹਨਾਂ ਦੇ ਜੀਵਨ ਦੇ ਦੋ ਹੀ ਮਜ਼ਮੂਨ ਹਨ: ਜਾਂ ਭਿਖਿਆ ਪਾਉਣ ਵਾਲੇ ਦੇ ਰੂਪ ਦੀ ਚਰਚਾ ਜਾਂ ਮਾਸੂਮ ਬੱਚਿਆਂ ਨੂੰ ਬਹਿਕਾ ਕੇ ਘਰਾਂ ਵਿਚੋਂ ਲੈ ਜਾਣਾ, ਤੇ ਬਾਕੀ ਰਹਿੰਦਿਆਂ ਨੂੰ ਨਸ਼ੇ ਲਗਾ ਜਾਣਾ ਹੀ ਮੁਆਵਜ਼ਾ ਹੈ, ਜੋ ਉਹ ਮੁਲਕ ਦੀਆਂ ਰੋਟੀਆਂ ਖਾ ਕੇ ਬਦਲੇ ਵਿਚ ਦੇ ਰਹੇ ਹਨ। ਇਹ ਸਾਰੀ ਖ਼ਰਾਬੀ ਕਿਉਂ ਹੈ? ਸਿਰਫ਼ ਇਸ ਵਾਸਤੇ ਕਿ ਸਾਡੇ ਸਮਾਜ ਵਿਚ ਕਿਰਤ ਦੀ ਵਡਿਆਈ ਤੇ ਵਿਹਲੇ ਰਹਿਣ ਵਲੋਂ ਗਿਲਾਨੀ ਨਹੀਂ ਕੀਤੀ ਜਾਂਦੀ। ਅਸੀਂ ਭਿਖਾਰੀਆਂ ਨੂੰ ਸਾਧੂ ਕਹਿ ਕੇ ਸਤਿਕਾਰਦੇ ਤੇ ਧਨੀਆਂ ਨੂੰ ਵੱਡੇ ਆਦਮੀ ਕਹਿ ਕੇ ਵਡਿਆਉਂਦੇ ਹਾਂ। ਇਕ ਵੇਰ ਡਲਹੌਜ਼ੀ ਦੇ ਚੌਕ ਵਿਚ ਡਾਕਖ਼ਾਨੇ ਦੇ ਸਾਹਮਣੇ, ਬਜ਼ਾਰ ਵਲੋਂ ਭੱਜੇ ਆ ਰਹੇ ਮੈਲੇ ਲੀੜਿਆਂ ਵਾਲੇ ਮੋਟੇ ਹਉਂਕਦੇ ਹੋਏ ਹਲਵਾਈ ਨੂੰ ਕਿਸੇ ਪੁਛਿਆ, “ਤੂੰ ਐਡਾ ਔਖਾ ਕਿਥੇ ਦੌੜਿਆ ਜਾਨਾ ਹੈਂ?” ਤਾਂ ਉਸਨੇ ਕਿਹਾ, “ਮੈਨੂੰ

੧੨੩