ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੱਕਰਾਂ ਤੋੜਿਆਂ ਵਾਲੇ ਭਾਰੀ ਲਿਬਾਸ ਕਰਕੇ ਉਹ ਮੁੜ੍ਹਕੋ ਮੁੜ੍ਹਕੀ ਹੋ ਰਿਹਾ ਸੀ। ਜਦ ਅੰਗਰੇਜ਼ ਨੇ ਪੁਛਿਆ ਕਿ ਉਹ ਫ਼ਕੀਰ ਹੋ ਕੇ ਏਡੀ ਕਠਨ ਘਾਲ ਕਿਉਂ ਕਰ ਰਿਹਾ ਹੈ, ਤਾਂ ਨਿਹੰਗ ਸਿੰਘ ਨੇ ਉੱਤਰ ਦਿਤਾ, “ਖ਼ਾਲਸਾ ਕੋਈ ਭਿਖਾਰੀ ਨਹੀਂ ਕਿ ਕਿਸੇ ਦਾ ਦਿੱਤਾ ਹੋਇਆ ਦਾਨ ਖਾਵੇ, ਪਿੰਡ ਤੋਂ ਆਇਆ ਪ੍ਰਸ਼ਾਦਾ ਛਕਦਾ ਹੈ। ਇਸ ਲਈ ਪਿੰਡ ਦੇ ਰਾਹ ਦੇ ਚਲ੍ਹੇ ਮਾਰਨ ਦੀ ਕਾਰ ਕਮਾ ਰਿਹਾ ਹੈ।" ਇਹ ਸੀ ਮਾਨਸਕ ਅਵਸਥਾ ਬਿਹੰਗਮ ਸਿੰਘਾਂ ਦੀ, ਗ੍ਰਹਿਸਥੀਆਂ ਦਾ ਤਾਂ ਕਹਿਣਾ ਹੀ ਕੀ।

ਸੰਸਾਰ ਦੀ ਸਮਾਜਕ ਅਵਸਥਾ ਭੀ, ਕਿਰਤ ਨੂੰ ਨਿਵਾਜੇ ਤੋਂ ਬਿਨਾਂ ਸੁਧਰ ਨਹੀਂ ਸਕਦੀ। ਜੇ ਸਾਰੇ ਕਿਰਤ ਕਰ ਰਹੇ ਹੋਣ ਤਾਂ ਸਮਾਜਕ ਖ਼ਰਾਬੀਆਂ ਅੱਜ ਹੀ ਦੂਰ ਹੋ ਜਾਣ। ਸਮਾਜਕ ਜੀਵਨ ਨੂੰ ਗੰਦਾ ਕੌਣ ਕਰ ਰਹੇ ਹਨ? ਸਰਮਾਇਆਦਾਰ ਜਾਂ ਭਿਖਾਰੀ। ਇਹ ਦੋਵੇਂ ਟੋਲੇ ਵਿਹਲੜਾਂ ਦੇ ਹਨ। ਸਰਮਾਇਆਦਾਰ ਜੋ ਆਮ ਤੌਰ 'ਤੇ ਕਿਸੇ ਧਨੀ ਦੇ ਘਰ ਜੰਮ ਪੈਣ ਜਾਂ ਮੁੱਲ ਖ਼ਰੀਦਿਆ ਜਾਂ ਮੁਤਬੰਨਾਂ ਬਣ ਜਾਣ ਕਰਕੇ, ਅਣਗਿਣਤ ਧਨ ਦੇ ਮਾਲਕ ਬਣ ਬਹਿੰਦੇ ਹਨ, ਉਹਨਾਂ ਦੇ ਮਨ ਵਿਚ ਕਿਰਤ ਦੀ ਵਡਿਆਈ ਕੀ ਆ ਸਕਦੀ ਹੈ। ਉਹਨਾਂ ਨੂੰ ਤਾਂ ਦਿਨ ਰਾਤ ਐਸ਼ ਉਡਾਣ ਤੇ ਭੋਗ ਭੋਗਣ ਤੋਂ ਹੀ ਕੋਈ ਫ਼ੁਰਸਤ ਨਹੀਂ। ਗ਼ਰੀਬਾਂ ਦੀਆਂ ਚੀਖਾਂ, ਭੁੱਖਿਆਂ ਦੇ ਹਾੜੇ, ਦਰਦਮੰਦਾਂ ਦੀਆਂ ਆਹੀਂ ਉਹਨਾਂ ਦੇ ਕੰਨ ਖਾਂਦੀਆਂ ਹਨ। ਉਹ ਸਮਾਜ ਦੀ ਇਤਨੀ ਮਦਦ ਕਰਦੇ ਹਨ ਕਿ ਭੁੱਖ ਦੇ ਦੁੱਖੋਂ ਤਰਲੇ ਲੈਂਦੀਆਂ ਨੌਜੁਆਨ ਸੁੰਦਰੀਆਂ ਦਾ ਸਤ ਸਸਤੇ ਮੁਲ ਖ਼ਰੀਦ ਲੈਣ, ਜਿਹਾ ਕਿ ਬੰਗਾਲ ਵਿਚ ਪਿਛਲੀ ਵਾਰ ਹੋਇਆ ਸੀ:

ਸਗਨਾਂ ਦੇ ਵਾਜੇ ਗਾਜੇ ਸਨ, ਜੇਹੜੀ ਡੋਲੀ ਤੇ ਚਾੜ੍ਹੀ ਸੀ।
ਰੇਸ਼ਮ ਦੀ ਜਿਸ ਦੀ ਅੰਗੀਆ ਸੀ, ਜ਼ਰੀਆਂ ਦੀ ਜਿਸ ਦੀ ਸਾੜ੍ਹੀ ਸੀ।
ਮਦ-ਭਰਿਆਂ ਨਰਗਸ ਨੈਣਾਂ ਤੇ, ਜਿਸ ਦਾ ਸੀ ਮਾਹੀ ਮਤਵਾਲਾ।
ਚਾਵਲ ਦੇ ਚੁਕੇ ਤੋਂ ਚੁਕ ਉਹ, ਲਾੜੇ ਨੇ ਵੇਚੀ ਲਾੜੀ ਸੀ।
ਕਹਿੰਦੇ ਸੀ ਭੌਰੇ ਹੀ ਜਗ ਤੇ, ਫੁਲ ਸੁਕੇ ਪ੍ਰੀਤ ਤਰੋੜ ਗਏ।
ਪਰ ਅਜ ਮਰਦਾਂ ਦੇ ਜਾਏ ਵੀ, ਦੁਖ ਭੁਖ ਦੇ ਮੁਖੜੇ ਮੋੜ ਗਏ।

ਗ਼ਰੀਬਾਂ ਦੇ ਮਾਸੂਮ ਬੱਚੇ ਗਹਿਣੇ ਰਖ ਕੇ ਗ਼ੁਲਾਮ ਬਣਾ ਲਏ ਜਾਂ ਆਪਣੇ ਮਹੱਲੇ ਦੀ ਸ਼ਾਨ ਵਧਾਉਣ ਲਈ ਗ਼ਰੀਬਾਂ ਦੀਆਂ ੧ਕੁੱਲੀਆਂ ਸਸਤੇ ਭਾ ਖ਼ੀ੍ਦ ਢਾਅ ਸੁਟਦੇ੨ ਹਨ। ਅੱਜ ਦੇਸ਼ ਦੇ ਸਾਰੇ ਹੀ ਪਹਾੜੀ ਮੁਕਾਮ ਅਯਾਸ਼ ਧਨੀਆਂ ਦੇ ਅੱਡੇ ਬਣੇ ਹੋਏ ਹਨ, ਜਿਥੇ ਰੁਪੈ ਦੇ ਜਾਲ ਵਿਚ ਮੁਫ਼ਲਿਸ, ਮਾਸੂਮ ਹੁਸਨ, ਮਿਰਗਾਂ ਵਾਂਗ ਘੇਰ ਘੇਰ ਕੇ ਫਸਾਇਆ ਜਾਂਦਾ ਹੈ:

ਗਰਮੀ ਦੀ ਰੁਤ ਕਟਣ ਨੂੰ ਪ੍ਰਦੇਸੀ ਆਂਦੇ ਨੇ,
ਸਹਿਜੇ ਕਟ ਦਿਨ ਕਈ ਦੇਸਾਂ ਵਲ ਜਾਂਦੇ ਨੇ।

੧. ਅਸੀਂ ਜੰਮੂ ਦੀ ਤਹਿਸੀਲ ਰਾਜੌਰੀ ਵਿਚ–ਗ਼ਰੀਬ ਕਿਸਾਨਾਂ ਦੇ ਛੋਟੇ ਬੱਚੇ ਦੁਕਾਨਦਾਰਾਂ ਕੋਲ ਗਹਿਣੇ ਪਾਉਣ ਦਾ ਰਿਵਾਜ ਉਥੋਂ ਦੇ ਲੋਕਾਂ ਕੋਲੋਂ ਸੁਣਿਆ ਹੈ।

੨. ਦਿੱਲੀ ਦਾ ਵਾਇਸਰਾਇ ਹਾਊਸ ਬਣਾਉਣ ਲਈ ਇਰਦ ਗਿਰਦ ਦੇ ਕਿਤਨੇ ਹੀ ਪਿੰਡ ਉਜਾੜੇ ਗਏ। ਗ਼ਰੀਬਾਂ ਦੀਆਂ ਝੁੱਗੀਆਂ ਤਾਂ ਕਿਤੇ ਰਹੀਆਂ, ਕਬਰਾਂ ਤਕ ਖੋਦ ਦਿਤੀਆਂ ਗਈਆਂ।

੧੨੨