ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਅਕਤੀਗਤ ਭਲਾਈਆਂ ਤੋਂ ਬਿਨਾਂ ਜੋ ਸਮੁੱਚੇ ਸੰਸਾਰ ਦੀ ਵਿਚਾਰ ਕੀਤੀ ਜਾਏ ਤਾਂ ਵੀ ਕਿਰਤ ਦਾ ਹੀ ਮਰਤਬਾ ਬੁਲੰਦ ਹੈ। ਸੰਸਾਰ ਵਿਚ ਜਿਉਂ ਜਿਉਂ ਵਿੱਦਿਆ ਆ ਰਹੀ ਹੈ, ਸਭਿਅਤਾ ਵਧ ਰਹੀ ਹੈ ਤੇ ਮਨੁੱਖ ਸਿਆਣਾ ਹੋ ਰਿਹਾ ਹੈ, ਤਿਉਂ ਤਿਉਂ ਹੀ ਕਿਰਤ ਨੂੰ ਮਾਣ ਮਿਲ ਰਿਹਾ ਹੈ। ਸੰਸਾਰ ਦੇ ਸਮੁਚੇ ਜੀਵਨ ਨੂੰ ਅਸੀਂ ਤਿੰਨਾਂ ਹਿਸਿਆਂ ਵਿਚ ਵੰਡ ਸਕਦੇ ਹਾਂ: ਧਾਰਮਕ, ਸਮਾਜਕ, ਰਾਜਨੀਤਕ–ਇਹਨਾਂ ਤਿੰਨਾਂ ਵਿਚ ਹੀ ਪੈਰ ਪੈਰ ਕਿਰਤ ਨੂੰ ਸਤਿਕਾਰਿਆ ਜਾ ਰਿਹਾ ਹੈ। ਪਹਿਲਾਂ ਮਜ਼ਹਬ ਨੂੰ ਹੀ ਲੈ ਲਵੋ। ਇਹ ਠੀਕ ਹੈ ਕਿ ਮਜ਼ਹਬ ਦੇ ਪੁਰਾਣੇ ਵਿਚਾਰਾਂ ਵਿਚ, ਸੰਨਿਆਸ ਤੇ ਰਾਹਬ-ਨੀਅਤ ਨੂੰ ਥਾਂ ਤੇ ਮਾਣ ਪ੍ਰਾਪਤ ਸੀ। ਮਨੁੱਖ ਜੀਵਨ ਦੀਆਂ ਗੁੰਝਲਾਂ ਨੂੰ ਸੁਲਝਾਣ ਤੇ ਉਚੇਰੀ ਮਨੁੱਖਤਾ ਦੀ ਤਲਾਸ਼ ਵਿਚ ਜੁੱਟੇ ਹੋਏ ਕੁਝ ਮਨੁੱਖਾਂ ਨੂੰ ਕਿਰਤ ਕਰਨੀ ਮੁਆਫ਼ ਕੀਤੀ ਗਈ ਸੀ। ਉਹ ਕੰਦਰਾਂ, ਚੋਟੀਆਂ ਤੇ ਗਹਿਬਰ ਬਣਾਂ ਦੇ ਇਕਾਤ ਵਿਚ ਬੈਠੇ, ਮਨੁੱਖ ਹਿਆਤ ਦੀਆਂ ਡੂੰਘਿਆਈਆਂ ਨੂੰ ਸੋਚ ਰਹੇ ਸਨ। ਉਹਨਾਂ ਲਈ ਭਿਖਿਆ ਦਾ ਅੰਨ ਜਾਇਜ਼ ਕਰਾਰ ਦਿੱਤਾ ਗਿਆ ਸੀ। ਪਰ ਸਮਾਜ ਦੀ ਤਰਫ਼ੋਂ ਮਨਜੂਰੀ ਮਿਲਣ 'ਤੇ ਵੀ ਉਹ ਮਹਾਂਪੁਰਖ, ਦੂਜਿਆਂ ਦੀ ਕਿਰਤ ਦਾ ਮਾਲ ਖਾਣ ਤੋਂ ਬਹੁਤ ਪਰਹੇਜ਼ ਕਰਦੇ ਸਨ। ਉਹ ਆਪਣੀਆਂ ਲੋੜਾਂ ਨੂੰ ਅਤਿਅੰਤ ਘਟਾ ਲੈਦੇ ਸਨ। ਬਣ ਵਿਚੋਂ ਕੰਦ ਮੂਲ ਚੁਣ ਖਾਣੇ, ਲਿਬਾਸ ਵਿਚ ਸਿਰਫ਼ ਲੰਗੋਟੀ ਜਾਂ ਬਹੁਤ ਵੇਰ ਉਕੇ ਨਗਨ ਹੀ ਰਹਿਣਾ, ਠੰਢ ਤੋਂ ਬਚਣ ਲਈ ਤਨ 'ਤੇ ਬਿਭੂਤ ਮਲਣੀ ਜਾਂ ਧੂਣੀ ਤਪਾ ਲੈਣੀ, ਬਰਤਨਾਂ ਦੀ ਥਾਂ ਹੱਥ ਹੀ ਵਰਤਣੇ, ਕਰ ਪਾਤਰੀ ਹੋ ਰਹਿਣਾ, ਜ਼ਮੀਨ 'ਤੇ ਸੌਣਾ, ਵਰਖਾ ਸਮੇਂ ਹੇਠਲੀ ਤਪੜੀ ਸਿਰ 'ਤੇ ਲੈ ਲੈਣੀ, ਤੇ ਜਨਤਾ ਲਈ ਮਹਾਨ ਉਚ ਫ਼ਲਸਫ਼ੇ ਲਿਖਣੇ, ਮਨੁੱਖੀ ਸਮਾਜ ਲਈ ਲਾਭਦਾਇਕ ਸੇਵਾ ਸੀ। ਪਰ ਉਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ। ਸਮੇਂ ਦੀ ਪਲਟੀ ਹੋਈ ਚਾਲ ਨੇ, ਸੱਚਾ ਸੰਨਿਆਸ ਖ਼ਤਮ ਕਰ ਦਿੱਤਾ ਹੈ, ਜਿਸ ਕਰਕੇ ਮਜ਼ਹਬ ਦੀਆਂ ਨਵੀਂਆਂ ਸੂਰਤਾਂ ਵਿਚ ਭਿਖਿਆ ਨੂੰ ਕੋਈ ਥਾਂ ਨਹੀਂ। ਖ਼ਾਸ ਤੌਰ 'ਤੇ ਸਿੱਖ ਧਰਮ ਤਾਂ ਕਿਰਤ ਕਰਨ ਤੇ ਵੰਡ ਛਕਣ ਤੋਂ ਬਿਨਾਂ, ਜੀਵਨ ਦੀ ਸਫਲਤਾ ਨੂੰ ਮੰਨਦਾ ਹੀ ਨਹੀਂ:

ਘਾਲਿ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥

(ਵਾਰ ਸਾਰੰਗ, ਮ: ੧, ਪੰਨਾ ੧੨੪੫)

ਉਸ ਨੇ ਕਿਰਤ ਕਰਨ ਦੀ ਤਾਕੀਦ ਲਿਖੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਿੱਖੀ ਵਿਚ ਗੁਰਮੁਖਾਂ ਨੂੰ ਜਨਮ ਸਫਲ ਕਰਨ ਲਈ ਜੋ ਤਰੀਕੇ ਦਸੇ ਗਏ ਹਨ, ਜਿਨ੍ਹਾਂ ਕਰਕੇ ਮਨੁੱਖਾ ਜਨਮ ਚੌਰਾਸੀ ਲੱਖ ਜੂਨ ਤੋਂ ਉੱਤਮ ਸਾਬਤ ਹੋਵੇ। ਉਹਨਾਂ ਵਿਚ ਹੱਥੀਂ ਕਾਰ ਕਮਾਵਣੀ ਤੇ ਧਰਮ ਦੀ ਕਿਰਤ ਕਰ, ਦੂਜਿਆਂ ਨੂੰ ਖੱਟ ਖੁਆਉਣਾ ਮੁੱਖ ਅੰਗ ਹਨ:

ਹਥੀਂ ਕਾਰ ਕਮਾਵਣੀ, ਪੈਰੀ ਚਲਿ ਸਤਿਸੰਗਿ ਮਲੇਹੀ।
ਕਿਰਤਿ ਵਿਰਤਿ ਕਰਿ ਧਰਮ ਦੀ, ਖਟਿ ਖਵਾਲਣੁ ਕਾਰਿ ਕਰੇਹੀ॥

(ਭਾਈ ਗੁਰਦਾਸ, ਵਾਰ ੧, ਪਉੜੀ ੩)

ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਬਹੋੜੇ ਸਿੱਖ ਦੇ ਪ੍ਰਸ਼ਨ ਕਰਨ ਉਤੇ ਕਿ ਮੈਂ ਕਿਹੜੀ

੧੧੮