ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਹੈ। ਸਾਰੀਆਂ ਜਥੇਬੰਦੀਆਂ, ਵਿੱਦਿਆ ਦੇ ਉੱਦਮ, ਸਾਇੰਸ ਦੀਆਂ ਕਾਢਾਂ, ਵਣਜ-ਵਾਪਾਰ, ਖੇਤੀ- ਬਾੜੀ ਤੇ ਰਾਜ-ਸਮਾਜ, ਇਸ ਦੇ ਹੀ ਆਸਰੇ ਚਲ ਰਹੇ ਹਨ। ਜੇ ਚੁਲ੍ਹੇ ਠੰਢੇ ਹੋ ਜਾਣ ਤਾਂ ਜੀਵਨ ਜੋਤਾਂ ਹੀ ਬੁਝਣ ਲਗ ਪੈਂਦੀਆਂ ਹਨ।

ਕਿਰਤ ਕਰਨੀ ਜਦ ਲਾਜ਼ਮੀ, ਜੀਵਨ-ਦਾਤਾ ਤੇ ਉਤਸ਼ਾਹ ਦਾ ਕਾਰਨ ਹੈ, ਤਾਂ ਫਿਰ ਮਨੁੱਖ ਬਾਕੀ ਦੀ ਮਖ਼ਲੂਕ ਵਾਂਗ ਇਸ ਵਿਚ ਕਿਉਂ ਨਹੀਂ ਜੁੱਟਦਾ, ਜੀਅ ਕਿਉਂ ਚੁਰਾਂਦਾ ਹੈ? ਇਸ ਦਾ ਇਕੋ ਹੀ ਕਾਰਨ ਹੈ ਕਿ ਮਨੁੱਖ-ਬੁੱਧੀ, ਮਰਯਾਦਾ ਤੋਂ ਵੱਧ ਚੰਚਲ ਹੋ ਜਾਂਦੀ ਹੈ। ਇਸ ਚੰਚਲਤਾ ਤੋਂ ਲੋਭ ਤੇ ਲੋਭ ਤੋਂ ਛਲ-ਕਪਟ ਪੈਦਾ ਹੁੰਦਾ ਹੈ। ਛਲੀਆ ਮਨੁੱਖ, ਕਿਰਤ ਤੋਂ ਕਤਰਾਂਦਾ ਹੈ, ਪਰ ਉਸ ਨੂੰ ਲੋੜ ਤੋਂ ਵਧੇਰੇ ਖਾਣ ਦੀ ਲਾਲਸਾ ਕਰਦਾ ਹੈ। ਉਹ ਪੇਟ ਹੀ ਨਹੀਂ ਭਰਦਾ-ਕੇਵਲ ਭੁੱਖ ਹੀ ਨਹੀਂ ਬੁਝਾਂਦਾ, ਸਗੋਂ ਸੁਆਦ ਲੈਣ ਦਾ ਮਾਰਾ, ਮਰਯਾਦਾ ਤੋਂ ਵੱਧ ਖਾਂਦਾ ਤੇ ਔਸ਼ਧੀਆਂ ਨਾਲ ਉਸ ਨੂੰ ਪਚਾਉਂਦਾ ਹੈ। ਪਸ਼ੂ-ਜੀਵਨ ਤਾਂ ਦੂਰ, ਉਸ ਤੋਂ ਵੀ ਗਿਰਿਆ ਹੋਇਆ ਹੈ। ਪਸ਼ੂ ਤਾਂ ਪੇਟ ਪਾਲਣ ਦੀ ਕੀਮਤ, ਭਾਰੀ ਕਿਰਤ ਤੇ ਸੇਵਾ ਕਰ ਕੇ ਚੁਕਾ ਦੇਂਦਾ ਹੈ, ਪਰ ਵਿਹਲੜ ਮਨੁੱਖ ਕੇਵਲ ਛਲ ਦੇ ਆਸਰੇ ਪੇਟ ਭਰਦੇ ਹਨ, ਉਹਨਾਂ ਦੀ ਕਰਤੂਤ ਕੁਹਜੀ ਹੁੰਦੀ ਹੈ:

ਪਸੂ ਮਿਲਹਿ ਚੰਗਿਆਈਆ, ਖੜੁ ਖਾਵਹਿ ਅੰਮ੍ਰਿਤੁ ਦੇਹਿ।
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣੁ ਕਰਮ ਕਰੇਹਿ॥

(ਗੂਜਰੀ ਮ: ੧, ਪੰਨਾ ੪੮੯)

ਕਿਰਤ ਕਰ ਪੇਟ ਪਾਲਣਾ ਹੀ ਸਹੀ ਜੀਵਨ ਹੈ। ਉੱਦਮ ਤੋਂ ਜ਼ਿੰਦਗੀ ਮਿਲਦੀ ਹੈ ਤੇ ਕਿਰਤ ਤੋਂ ਸਫਲ ਰੋਟੀ ਤੇ ਉਸ ਤੋਂ ਰਹਿਮ ਪ੍ਰਾਪਤ ਹੁੰਦਾ ਹੈ। ਕਿਰਤ ਕਰਦਿਆਂ ਹੋਇਆਂ ਤੇ ਉਸ ਦਾ ਫਲ ਖਾਂਦਿਆਂ ਹੋਇਆਂ, ਇਹਨਾਂ ਮਿਹਰਾਂ ਦੇ ਦਾਤੇ, ਉਸ ਮਾਲਕ ਦਾ ਚੇਤਾ ਰੱਖਣਾ ਤੇ ਗੁਣ ਗਾਉਣੇ ਹੀ ਜੀਵਨ ਦਾ ਨਿਸਚਿਤ ਰਸਤਾ ਸਤਿਗੁਰਾਂ ਦਸਿਆ ਹੈ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।
ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ।

(ਗੂਜਰੀ ਵਾਰ ਮ: ੫, ਪੰਨਾ ੫੨੨)

ਮਨੁੱਖ-ਜੀਵਨ ਦੀਆਂ ਵਡੀਆਂ ਵਡੀਆਂ ਬਰਕਤਾਂ, ਤਿੰਨਾਂ ਹਿੱਸਿਆਂ ਵਿਚ ਵੰਡੀਆਂ ਜਾ ਸਕਦੀਆਂ ਹਨ। ਉਹਦਾ ਸਰੀਰ ਨਰੋਆ ਹੋਵੇ, ਉਸਦਾ ਮਨ ਸੁੱਚਾ ਤੇ ਉਪਕਾਰੀ ਹੋਵੇ ਅਤੇ ਉਹ ਇੱਜ਼ਤ ਸਹਿਤ ਜ਼ਿੰਦਗੀ ਬਸਰ ਕਰੇ, ਆਦਰ ਸਹਿਤ ਦੁਨੀਆ ਤੋਂ ਜਾਵੇ। ਇਹਨਾਂ ਤਿੰਨਾਂ ਹੀ ਗੱਲਾਂ ਦਾ ਰਾਜ਼ ਕਿਰਤ ਵਿਚ ਬੰਦ ਹੈ।

ਸਿਹਤ ਦੇ ਸਤੂਨ ਵਰਜ਼ਿਸ਼ ਅਤੇ ਸੰਜਮ ਦੋ ਹੀ ਹਨ। ਜੋ ਆਦਮੀ ਵਰਜਿਸ਼ ਨਹੀਂ ਕਰਦਾ ਉਸਦਾ ਹਾਜ਼ਮਾ ਖ਼ਰਾਬ ਹੋ ਓੜਕ ਰੋਗੀ ਹੋ ਜਾਂਦਾ ਹੈ। ਅਸੀਂ ਆਪਣੇ ਕੋਠਿਆਂ ਵਿਚ ਝਾੜੂ ਦੇਣਾ ਪਸੰਦ ਕਰਦੇ ਹਾਂ, ਕਪੜੇ ਧੋਂਦੇ ਤੇ ਪਿੰਡੇ ਨ੍ਹਾਉਂਦੇ ਹਾਂ। ਇਹ ਸਾਰੇ ਹੀ ਸਾਧਨ ਮਲ-ਨਵਿਰਤੀ ਦੇ ਹਨ। ਪਰ ਜਦ ਤਕ ਅੱਠਾਂ ਪਹਿਰਾਂ ਵਿਚ ਇਕ ਵੇਰਾਂ ਕਸਰਤ ਕਰ, ਰੋਮ ਰੋਮ ਥਾਣੀ ਮੁੜ੍ਹਕੇ ਦੇ ਰਾਹ, ਖਲੜੀ ਦੇ ਅੰਦਰੋ ਮਲ

੧੧੪