ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਤ

ਜਦ ਕਰਤਾ ਆਪ ਹੀ ਕਿਰਤ ਕਰਦਾ ਹੈ, ਫਿਰ ਕਿਰਤਮ ਨੂੰ ਕੀਤੀ ਕਿੱਦਾਂ ਨਾ ਬਣ ਆਵੇ; ਬਣਦੀ ਹੈ, ਤਾਂਹੀ ਤਾਂ ਕੁਲ ਮਖ਼ਲੂਕ ਇਹਦੇ ਵਿਚ ਰੁੱਝੀ ਰਹਿੰਦੀ ਹੈ। ਕੀ ਅਸੀਂ ਦਿਨ ਤੋਂ ਰਾਤ, ਸੁਬ੍ਹਾ ਤੋਂ ਸ਼ਾਮ ਤਕ ਕੀੜੀਆਂ ਦੀਆਂ ਪਾਲਾਂ ਦੀਆਂ ਪਾਲਾਂ, ਬੜੀ ਗੰਭੀਰਤਾ ਤੇ ਉਤਸ਼ਾਹ ਨਾਲ, ਕਿਰਤ ਵਿਚ ਰੁੱਝੀਆਂ ਹੋਈਆਂ ਨਹੀਂ ਦੇਖਦੇ। ਕੀ ਮਾਖਿਓ ਦੀਆਂ ਮੱਖੀਆਂ ਦਿਨ ਚੜ੍ਹਦੇ ਨੂੰ, ਬਾਗ਼ਾਂ, ਖੇਤਾਂ ਤੇ ਬਣਾਂ ਵਿਚ ਖਿੰਡ, ਕਲੀਆਂ, ਫੁੱਲਾਂ ਤੇ ਫਲਾਂ ਵਿਚੋਂ ਸ਼ਹਿਦ ਕੱਢਣ ਵਿਚ ਤਨੋਂ ਮਨੋਂ ਜੁੱਟੀਆਂ ਹੋਈਆਂ ਨਹੀਂ ਜਾਪਦੀਆਂ। ਚਿੜੀਆਂ, ਕਾਂ, ਕਬੂਤਰ, ਘੁੱਗੀਆਂ ਸਾਡੇ ਵਿਹੜੇ ਤੇ ਆਲੇ ਦੁਆਲੇ, ਰੋਜ਼ੀ ਦੀ ਤਲਾਸ਼ ਲਈ ਕਿਰਤ ਵਿਚ ਮਸਤ ਮਾਲੂਮ ਨਹੀਂ ਹੁੰਦੇ ਕੀ ਅਸਾਂ ਪਰਦੇਸੀ ਕੂੰਜਾਂ ਤੇ ਤਿਲੀਅਰਾਂ ਦੀਆਂ ਡਾਰਾਂ, ਜਥੇ ਬੰਨ੍ਹ ਬੰਨ੍ਹ ਕਿਰਤ ਕਰਨ ਆਈਆਂ ਹੋਈਆਂ ਨਹੀਂ ਤੱਕੀਆਂ। ਕਿਥੋਂ ਤਕ ਸਿਖੀ ਜਾਈਏ, ਜਦ ਹਰ ਕੀੜਾ- ਮਕੌੜਾ, ਪੰਛੀ ਤੇ ਪਸ਼ੂ ਕਿਰਤ ਕਰ ਪੇਟ ਪਾਲ ਰਿਹਾ ਹੈ, ਤਾਂ ਮਨੁੱਖ ਨੂੰ ਤਾਂ ਕਿਰਤ ਕਰਨੀ ਸਭ ਤੋਂ ਵਧੇਰੇ ਬਣ ਆਈ ਹੈ। ਕਿਉਂਜੋ ਇਹ ਸਾਰੀਆਂ ਜੂਨਾਂ ਦਾ ਸਰਦਾਰ ਅਖਵਾਂਦਾ ਹੈ, ਤੇ ਸਰਦਾਰਾਂ ਦੇ ਫ਼ਰਜ਼ ਹਮੇਸ਼ਾ ਹੀ ਵਡੇ ਹੁੰਦੇ ਹਨ।

ਇਹ ਵੀ ਕਰਤਾ ਪ੍ਰਭੂ ਦੀ ਇਕ ਮਿਹਰ ਹੀ ਹੈ ਕਿ ਉਸ ਨੇ ਬੰਦੇ ਨੂੰ ਪੇਟ ਲਾਇਆ ਹੈ ਜਿਸ ਦੇ ਪਾਲਣ ਲਈ ਕਿਰਤ ਕਰਨੀ ਹੀ ਪੈਂਦੀ ਹੈ। ਕਈ ਦਲਿੱਦਰੀ, ਪਰਮੇਸ਼ਰ ਦੀ ਇਸ ਦਾਤ ਦਾ ਭੇਦ ਨਾ ਸਮਝਦੇ ਹੋਏ, ਕਈ ਵੇਰ ਪੇਟ ਲਗਾਣ ਦਾ ਗਿਲਾ ਕਰਦੇ ਹਨ। ਉਹਨਾਂ ਕਦੀ ਇਹ ਨਹੀਂ ਵਿਚਾਰਿਆ ਕਿ ਜੇ ਪੇਟ ਨਾ ਹੁੰਦਾ ਤਾਂ ਪਸਾਰਾ ਹੀ ਨਾ ਪਸਰਦਾ:

ਏਕ ਅਨੀਤ ਕਰੀ ਬਿਧ ਨੇ ਸੁਭ ਸੰਤਨ ਕੇ ਜੋ ਪੇਟ ਲਗਾਇਓ॥

(ਸਾਰ ਕੁਤਾਵਲੀ)

ਨਾ ਕੋਈ ਕਿਸੇ ਨੂੰ ਪਿਆਰਦਾ, ਨਾ ਨਵ-ਜੀਵਨ ਹੁੰਦੇ, ਨਾ ਖੇੜੇ। ਕੀ ਅਸਾਂ ਇੱਟਾਂ ਦੇ ਢੇਰ ਤੇ ਪੱਥਰਾਂ ਦੇ ਤੋਦਿਆਂ ਦੀ ਜ਼ਿੰਦਗੀ 'ਤੇ ਕਦੀ ਰਸ਼ਕ ਕੀਤਾ ਹੈ। ਉਹਨਾਂ ਨਾਲ ਪੇਟ ਜੋ ਨਾ ਹੋਏ, ਹਰ ਸਿਆਣਾ ਕਹੇਗਾ। ਇਹ ਪੱਥਰ ਵਰਗਾ ਜਜ਼ਬੇ ਰਹਿਤ ਜੀਵਨ ਕਿਸੇ ਨੂੰ ਨਾ ਮਿਲੇ। ਜਿਸ ਕਿਸੇ 'ਤੇ ਮਨੁੱਖ ਗੁੱਸੇ ਹੁੰਦਾ ਹੈ, ਉਸ ਨੂੰ ਪੱਥਰ ਕਹਿ ਪੁਕਾਰਦਾ ਹੈ। ਇਹ ਪੇਟ ਹੀ ਹੈ, ਜਿਸ ਵਿਚ ਰੋਟੀ ਪਿਆਂ ਖ਼ੂਨ ਬਣਦਾ ਤੇ ਖ਼ੂਨ ਦੀ ਹਰਾਰਤ ਤੋਂ ਜਜ਼ਬਿਆਂ ਵਿਚ ਉਛਾਲੇ ਆਉਂਦੇ ਹਨ। ਸੱਚ ਪੁੱਛੋ ਤਾਂ ਪੇਟ ਲਗਾ, ਕਿਰਤ ਵਿਚ ਲਗਾ ਕੇ ਹੀ ਕਰਤਾ ਨੇ, ਕਿਰਤਮ ਜਗਤ ਦੀ ਰੌਣਕ ਬਣਾਈ ਹੋਈ

੧੧੩