ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਅਜਿਹੇ ਸਮਿਆਂ ਵਿਚ ਭਲੇ ਭਲੇ ਲੋਕ ਭੁੱਖ ਤੋਂ ਮਜਬੂਰ ਹੋ ਵੰਡ ਛਕਣ ਦਾ ਕਰਤਵ ਭੁਲਾ ਬਹਿੰਦੇ ਹਨ। ਜੇ ਕਦੀ ਰਾਜ-ਪ੍ਰਬੰਧ ਇਸ ਕਿਸਮ ਦੇ ਮੁਨਾਫ਼ੇਬਾਜ਼ਾਂ ਦੇ ਹੱਥੋਂ ਖੋਹ ਕੇ ਵੰਡ ਛਕਣ ਵਾਲੀ ਸ੍ਰੇਸ਼ਟ ਸ਼੍ਰੇਣੀ ਦੇ ਹਵਾਲੇ ਕੀਤਾ ਜਾਵੇ ਤਾਂ ਸੰਸਾਰ ਨੂੰ ਸਭ ਤੋਂ ਵੱਡਾ ਸੁਖ ਹਾਸਲ ਹੋ ਸਕਦਾ ਹੈ। ਇਹ ਘਰ ਘਰ ਦੀਆਂ ਲੜਾਈਆਂ, ਕੌਮਾਂ ਦੇ ਝਗੜੇ ਤੇ ਮੁਲਕਾਂ ਦੇ ਪਰਸਪਰ ਮਹਾਨ ਯੁਧ, ਹੈਨ ਹੀ ਕਾਣੀ ਵੰਡ ਸਦਕਾ। ਜੇ ਕਦੀ ਸਾਂਝੀਵਾਲਤਾ ਚਲ ਪਵੇ ਤਾਂ ਇਹ ਜਗਤ ਬੇਗਮਪੁਰਾ ਬਣ ਜਾਵੇ ਈਰਾਨ ਦੇ ਪ੍ਰਸਿੱਧ ਕਵੀ ਉਮਰ ਖ਼ਿਆਮ ਨੇ ਕਿਹਾ ਹੈ ਕਿ ਜੇ ਮਨੁੱਖ ਨੂੰ ਖਾਣ ਲਈ ਰੋਜ਼ ਰੋਟੀ ਤੇ ਸਿਰ ਛੁਪਾਉਣ ਲਈ ਕੁੱਲੀ ਲੱਭ ਜਾਵੇ, ਉਹ ਨਾ ਕਿਸੇ ਦਾ ਹਾਕਮ ਹੋਵੇ, ਨਾ ਦਾਸ, ਤਾਂ ਮਨੁੱਖੀ ਜੀਵਨ ਰਸ-ਪੂਰਤ ਤੇ ਜਹਾਨ ਸੁਖਾਂ ਦਾ ਘਰ ਬਣ ਜਾਵੇ।

ਹਰ ਕਿ ਦਰੀਂ ਦਹਰ ਨੀਮ ਨਾਨੇ ਦਾਰਦ।
ਬਸ ਬਹਰਿ ਨਿਸ਼ਸਤ ਅਸਤਾਨੇ ਦਾਰਦ।
ਨ ਹਾਕਮੇ ਕਸੇ ਬਾਸ਼ਦ ਓ ਨ ਮਹਿਕੂਮੇ ਕਸੇ।
ਗੋ ਸ਼ਾਦ ਵਜ਼ੀ ਕਿ ਖ਼ੁਸ਼ ਜਹਾਨੇ ਦਾਰਦ।

ਸੋ ਰਾਜ-ਪ੍ਰਬੰਧ ਨੂੰ ਆਪਣੇ ਹੱਥ ਵਿਚ ਲੈਣਾ ਸੇਵਾ ਦਾ ਇਕ ਮੁੱਖ ਸਾਧਨ ਹੈ, ਪਰ ਉਹ ਰਾਜ ਹੋਵੇ ਸਾਂਝੀਵਾਲਤਾ ਦਾ ਤੇ ਵਰਤਾਰਾ ਮਨੁੱਖ-ਸੇਵਾ ਵਰਤੇ।

ਸੇਵਾ ਦੇ ਮਹਾਨ ਉੱਚ ਆਦਰਸ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਦ ਰਾਜ-ਪ੍ਰਬੰਧ ਸੇਵਾਦਾਰਾਂ ਦੇ ਹੱਥ ਆਉਣਾ ਜ਼ਰੂਰੀ ਹੈ ਤਾਂ ਇਸ ਦੇ ਨਾਲ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਅਜੇਹੇ ਕਾਇਮ ਹੋਣ ਵਾਲੇ ਰਾਜ-ਪ੍ਰਬੰਧ ਵਿਚ ਵਿਘਨ ਪਾਉਣ ਵਾਲੇ ਲਾਲਚੀ ਸਰਮਾਏਦਾਰਾਂ ਤੇ ਜਰਵਾਣੇ ਹਾਕਮਾਂ ਨੂੰ ਸ਼ਸਤ੍ਰ ਬਲ ਨਾਲ ਕੁਕਾਜ ਤੋਂ ਹਟਾਉਣਾ ਵੀ ਇਕ ਤਰ੍ਹਾਂ ਦੀ ਸੇਵਾ ਹੀ ਹੈ। ਜਿਥੇ ਸਿਪਾਹੀ ਮਜ਼ਦੂਰੀ ਦੀ ਤਨਖ਼ਾਹ ਲੈ ਸ਼ਸਤ੍ਰ ਚਲਾਉਂਦਾ ਹੈ, ਉਥੇ ਸੰਤ-ਸਿਪਾਹੀ ਵੰਡ ਛਕਣ ਵਾਲਾ ਨੇਕੀ ਦਾ ਰਾਜ ਕਾਇਮ ਕਰਨ ਲਈ ਸ਼ਸਤ੍ਰ ਚੁੱਕਦਾ ਹੈ। ਸ੍ਰੀ ਦਸਮੇਸ਼ ਜੀ ਨੇ ਖੰਡੇ ਦੀ ਪਾਹੁਲ ਦੇ ਕੇ ਅਜੇਹੇ ਹੀ ਸਿਪਾਹੀ ਤਿਆਰ ਕੀਤੇ ਸਨ। ਉਨ੍ਹਾਂ ਦਾ ਜੀਵਨ-ਮਨੋਰਥ ਇਹ ਸੀ, "ਹੇ ਪ੍ਰਭੂ! ਮੈਨੂੰ ਅਜੇਹਾ ਵਰ ਦੇ ਜੋ ਮੈਂ ਨੇਕ ਕੰਮਾਂ ਤੋਂ ਕਦੀ ਨਾ ਟਲਾਂ। ਨੇਕੀ ਦੇ ਵੈਰੀਆਂ ਦੀ ਕਦੀ ਪ੍ਰਵਾਹ ਨਾ ਕਰਾਂ। ਮੈਨੂੰ ਆਪਣੀ ਜਿੱਤ ਦਾ ਹਮੇਸ਼ਾ ਨਿਸਚਾ ਹੋਵੇ। ਮੈਂ ਦੁਤੀਆਂ ਦੀ ਸੱਚੇ ਰਾਹ ਤੋਂ ਗਿਰਾਵਟ ਵਾਲੀ ਸਿਖਿਆ ਦੀ ਕਦੀ ਪ੍ਰਵਾਹ ਨਾ ਕਰਾਂ, ਆਪਣੇ ਮਨ ਦੀ ਹੀ ਸਿਖਿਆ ਲਵਾਂ, ਤੇਰੇ ਗੁਣ ਗਾਉਂਦਿਆਂ ਹੋਇਆਂ ਜੇ ਆਖ਼ਰੀ ਸਮਾਂ ਸ਼ਹੀਦੀ ਦਾ ਆ ਬਣੇ ਤਾਂ ਰਣ ਵਿਚ ਜੂਝਾਂ।"

ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੌ ਅਪਨੇ ਹੀ ਮਨ ਕੌ, ਇਹ ਲਾਲਚ ਹਉ ਗੁਨ ਤਉ ਉਚਰੋ॥
ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥

(ਗੁਰ ਬਿਲਾਸ ਪਾ: ੧੦)

ਕਿ ਕਈ ਲੋਕਾਂ ਦਾ ਖ਼ਿਆਲ ਹੈ ਕਿ ਸ਼ਸਤ੍ਰ ਦੀ ਵਰਤੋਂ ਸੇਵਾਦਾਰ ਨਹੀਂ ਕਰ ਸਕਦੇ

੧੧੧